
ਸਹੁਰੇ ਨੇ ਵੀ ਅਸ਼ਲੀਲ ਹਰਕਤਾਂ ਕਰਨ ਦੀ ਕੀਤੀ ਕੋਸ਼ਿਸ਼, ਪਰਚਾ ਦਰਜ
ਹੁਸ਼ਿਆਰਪੁਰ : ਕੁੱਝ ਲੋਕ ਅਪਣੇ ਕਿਰਦਾਰ ਤੋਂ ਇੰਨੇ ਗਿਰ ਜਾਂਦੇ ਹਨ ਕਿ ਉਹ ਪੈਸੇ ਦੇ ਲਾਲਚ 'ਚ ਆ ਕੇ ਅਪਣਿਆਂ ਨੂੰ ਵੀ ਡੰਗ ਲੈਂਦੇ ਹਨ। ਦਾਜ ਨਾ ਮਿਲਣ 'ਤੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਨੇ ਸ਼ਰਮਨਾਕ ਕਾਰਾ ਕਰ ਦਿਤਾ ਜਿਸ ਨੂੰ ਸੁਣ ਕੇ ਭਲੇ ਲੋਕਾਂ ਦਾ ਸਿਰ ਝੁਕ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਦਾਜ ਦੇ ਲਾਲਚੀ ਪਤੀ ਨੇ ਪਤਨੀ ਨੂੰ ਥਾਈਲੈਂਡ ਲਿਜਾ ਕੇ ਉਸ ਦੀ ਅਸ਼ਲੀਲ ਵੀਡੀਉ ਬਣਾਈ ਅਤੇ 20 ਲੱਖ ਦੀ ਮੰਗ ਕਰਦੇ ਹੋਏ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ। ਮੁਕੇਰੀਆਂ ਪੁਲਿਸ ਨੇ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ, ਸਹੁਰਾ ਅਤੇ ਸੱਸ ਵਿਰੁਧ ਮਾਮਲਾ ਦਰਜ ਕੀਤਾ ਹੈ।
Dowry
ਪੀੜਤਾ ਨੇ ਦਸਿਆ ਕਿ ਵੀਡੀਉ ਬਣਾਉਣ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਬਲੈਕਮੇਲ ਲੱਗਾ। ਉਹ ਕਹਿਣ ਲੱਗਾ ਕਿ ਉਹ ਉਸ ਨੂੰ 20 ਲੱਖ ਰੁਪਏ ਦੇਵੇ, ਨਹੀਂ ਤਾਂ ਉਹ ਉਸ ਦੀ ਵੀਡੀਉ ਵਾਇਰਲ ਕਰ ਦੇਵੇਗਾ। ਪੀੜਤਾ ਨੇ ਦਸਿਆ ਕਿ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਉਸ ਦੇ ਪਤੀ ਨੇ ਉਹੀ ਵੀਡੀਉ ਉਸ ਦੇ ਸਹੁਰੇ ਨੂੰ ਦਿਖਾ ਦਿਤੀ ਅਤੇ ਇਸ ਤੋਂ ਬਾਅਦ ਉਸ ਦਾ ਸਹੁਰਾ ਵੀ ਉਸ 'ਤੇ ਗੰਦੀ ਨਜ਼ਰ ਰੱਖਣ ਲੱਗ ਪਿਆ। ਇਸ ਦੌਰਾਨ ਸਹੁਰੇ ਨੇ ਨੂੰਹ ਨਾਲ ਗ਼ਲਤ ਹਰਕਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਸ ਦੇ ਵਿਰੋਧ ਪ੍ਰਗਟਾਉਣ 'ਤੇ ਉਸ ਨੇ ਉਸ ਦੀ ਅਸ਼ਲੀਲ ਵੀਡੀਉ ਵਾਇਰਲ ਕਰਨ ਦੀ ਧਮਕੀ ਦਿਤੀ।
Blackmail
ਉਸ ਨੇ ਅਪਣੇ ਪਤੀ ਨੂੰ ਸਾਰੀ ਗੱਲ ਦੱਸੀ ਤਾਂ ਉਸ ਦੇ ਪਤੀ ਨੇ ਵੀ ਅਪਣੇ ਪਿਤਾ ਦਾ ਪੱਖ ਪੂਰਦੇ ਹੋਏ 20 ਲੱਖ ਦੀ ਮੰਗ ਰੱਖ ਦਿਤੀ। ਮਾਮਲਾ ਵਧਦਾ ਦੇਖ ਨਵ-ਵਿਆਹੁਤਾ ਨੇ ਅਪਣੇ ਭਰਾ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕਾਰਵਾਈ ਕਰਨ ਤੋਂ ਪਹਿਲਾਂ ਹੀ ਸਹੁਰਾ ਅਤੇ ਸੱਸ ਇਟਲੀ ਚਲੇ ਗਏ। ਪੁਲਿਸ ਨੇ ਪੀੜਤਾ ਦੇ ਬਿਆਨ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।