
ਕੇਂਦਰ ਦੱਸੇ ਜਾਸੂਸੀ ਕਰਵਾਈ ਜਾਂ ਨਹੀਂ : ਸ਼ੈਲਜਾ
ਉਚ ਪਧਰੀ ਜਾਂਚ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਰਾਜ ਭਵਨ ਤਕ ਰੋਸ ਮਾਰਚ ਅੱਜ
ਚੰਡੀਗੜ੍ਹ, 21 ਜੁਲਾਈ (ਸੁਰਜੀਤ ਸਿੰਘ ਸੱਤੀ): ਕੇਂਦਰ ਦੀ ਮੋਦੀ ਸਰਕਾਰ 'ਤੇ ਪੇਗਾਸਸ ਸਪਾਈਵੇਅਰ ਜਾਸੂਸੀ ਕਾਂਡ ਦੇ ਲੱਗੇ ਦੋਸ਼ ਨੂੰ ਲੈ ਕੇ ਹਰਿਆਣਾ ਪ੍ਰਦੇਸ਼ ਕਾਂਗਰਸ ਵੀਰਵਾਰ ਨੂੰ ਕਾਂਗਰਸ ਭਵਨ ਤੋਂ ਹਰਿਆਣਾ ਰਾਜ ਭਵਨ ਤਕ ਰੋਸ ਮਾਰਚ ਕਰੇਗੀ ਤੇ ਰਾਸ਼ਟਰਪਤੀ ਦੇ ਨਾਂ ਇਕ ਮੰਗ ਪੱਤਰ ਦੇ ਕੇ ਇਸ ਕਾਂਡ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰੇਗੀ | ਇਹ ਐਲਾਨ ਇਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕੀਤਾ |
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਜਾਸੂਸੀ ਕੇਂਦਰ ਸਰਕਾਰ ਨੇ ਕਰਵਾਈ ਹੈ ਜਾਂ ਨਹੀਂ ਤੇ ਜੇਕਰ ਕਿਸੇ ਵਿਦੇਸ਼ੀ ਤਾਕਤ ਜਾਂ ਨਿਜੀ ਏਜੰਸੀ ਵਲੋਂ ਇਹ ਜਾਸੂਸੀ ਕਰਵਾਈ ਗਈ ਹੈ ਤਾਂ ਦੇਸ਼ ਦੀ ਸੁਰੱਖਿਆ ਵਿਚ ਸੇਂਧ ਬਾਰੇ ਸਰਕਾਰ ਸਥਿਤੀ ਸਪਸ਼ਟ ਕਰੇ | ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਜ਼ਰਾਈਲੀ ਕੰਪਨੀ ਤੋਂ ਜਾਸੂਸੀ ਸਿਰਫ਼ ਸਰਕਾਰ ਹੀ ਕਰਵਾ ਸਕਦੀ ਹੈ ਤੇ ਕੋਈ ਨਿਜੀ ਕੰਪਨੀ ਜਾਂ ਵਿਅਕਤੀ ਨੂੰ ਉਕਤ ਕੰਪਨੀ ਸੇਵਾਵਾਂ ਮੁਹਈਆ ਹੀ ਨਹੀਂ ਕਰਵਾਉਂਦੀ |
ਸ਼ੈਲਜਾ ਨੇ ਕਿਹਾ ਕਿ ਹਾਲਾਂਕਿ ਕੰਪਨੀ ਵਲੋਂ ਜਾਸੂਸੀ ਕੀਤੇ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵਲੋਂ ਕੰਪਨੀ ਦਾ ਪੱਖ ਪੂਰਨਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ | ਕੁਮਾਰੀ ਸ਼ੈਲਜਾ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਵੀਰਵਾਰ ਨੂੰ ਹਰਿਆਣਾ ਕਾਂਗਰਸ ਭਵਨ ਤੋਂ ਲੈ ਕੇ ਹਰਿਆਣਾ ਰਾਜ ਭਵਨ ਤਕ ਸਵੇਰੇ 11 ਵਜੇ ਰੋਸ ਮਾਰਚ ਕਢਿਆ ਜਾਵੇਗਾ | ਇਸ ਦੌਰਾਨ ਹਰਿਆਣਾ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ | ਸੂਬੇ ਦੇ ਕਾਂਗਰਸੀ ਵਿਧਾਇਕ, ਹੋਰ ਉੱਘੇ ਲੀਡਰ ਵੀ ਆਉਣਗੇ |
ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਕੁਮਾਰੀ ਸ਼ੈਲਜਾ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ, ਵਿਧਾਇਕ ਪ੍ਰਦੀਪ ਚੌਧਰੀ, ਸ਼ੈਲੀ ਚੌਧਰੀ, ਰੇਣੁ ਬਾਲਿਆ, ਸ਼ੀਸ਼ਪਾਲ ਕੇਹਰਵਾਲਾ, ਸਾਬਕਾ ਸੰਸਦੀ ਸਕੱਤਰ ਰਾਮਕਿਸ਼ਨ ਗੁੱਜਰ, ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਸੁਧਾ ਭਾਰਦਵਾਜ, ਪ੍ਰਦੇਸ਼ ਕਾਂਗਰਸ ਬੁਲਾਰੇ ਰਮੇਸ਼ ਬਾਮਲ, ਮੀਡੀਆ ਇੰਚਾਰਜ ਨਿਲਏ ਸੈਣੀ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ |