
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟੀ ਖੁਰਾਕੀ ਵਸਤਾਂ ਵਿਰੁਧ ਵਿੱਢੀ ਮੁਹਿੰਮ ਅਧੀਨ..............
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟੀ ਖੁਰਾਕੀ ਵਸਤਾਂ ਵਿਰੁਧ ਵਿੱਢੀ ਮੁਹਿੰਮ ਅਧੀਨ ਅੱਜ ਖੁਰਾਕ ਵਿਭਾਗ ਦੀਆਂ ਟੀਮਾਂ ਨੇ ਮੁਹਾਲੀ, ਅੰਮ੍ਰਿਤਸਰ, ਮਾਨਸਾ ਪਠਾਨਕੋਟ ਤੇ ਹੋਰ ਕਈ ਥਾਵਾਂ ਉਤੇ ਛਾਪੇ ਮਾਰੇ ਅਤੇ ਦੁੱਧ ਤੇ ਦੁੱਧ ਉਤਪਾਦਾਂ ਦੇ ਨਮੂਨੇ ਭਰੇ। ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਸ੍ਰੀ ਕਾਹਨ ਸਿੰਘ ਪੰਨੂ ਨੇ ਦਸਿਆ ਕਿ ਖੁਰਾਕ ਵਿਭਾਗ ਦੀ ਟੀਮ ਨੇ ਤੜਕਸਾਰ ਅੰਮ੍ਰਿਤਸਰ ਦੇ ਪਿੰਡ ਗੋਂਸਲਵਾਲ ਰਾਮ ਤੀਰਥ ਰੋਡ ਉਤੇ ਗਿੱਲ ਡੇਅਰੀ ਉਤੇ ਛਾਪਾ ਮਾਰ ਕੇ ਘਟੀਆ ਕੁਆਲਟੀ ਦੇ ਸਪੇਰੇਟੇ ਦੁੱਧ ਦੇ ਪਾਊਡਰ ਦੇ 50 ਥੈਲੇ ਬਰਾਮਦ ਕੀਤੇ।
ਹਰੇਕ ਥੈਲੇ ਵਿਚ ਤਕਰੀਬਨ 25 ਕਿਲੋ ਪਾਊਡਰ ਸੀ। ਇਲਾਕੇ ਦੇ ਸਬੰਧਤ ਐਸ.ਐਚ.ਓ. ਨੂੰ ਨਾਲ ਲੈ ਕੇ ਕੀਤੀ ਇਸ ਕਾਰਵਾਈ ਦੌਰਾਨ ਸੱਤ ਕੁਇੰਟਲ ਦੇਸੀ ਘਿਓ, 40 ਕਿਲੋ ਦਹੀਂ, 20 ਕਿਲੋ ਪਨੀਰ ਅਤੇ 30 ਕਿਲੋ ਮਿਲਾਵਟੀ ਦੁੱਧ ਬਰਾਮਦ ਕਰ ਕੇ ਡੇਅਰੀ ਸੀਲ ਕਰ ਦਿਤੀ। ਦੇਸੀ ਘਿਉ, ਸਪਰੇਟਾ ਦੁੱਧ ਪਾਊਡਰ, ਪਨੀਰ, ਮਿਲਾਵਟੀ ਦੁੱਧ ਅਤੇ ਦਹੀਂ ਦੇ ਪੰਜ ਨਮੂਨੇ ਲੈ ਕੇ ਫ਼ੂਡ ਲੈਬਾਰਟਰੀ ਖਰੜ ਵਿਚ ਭੇਜੇ ਗਏ ਹਨ। ਸਬੰਧਤ ਡੇਅਰੀ ਨੂੰ ਸੀਲ ਕਰ ਦਿਤਾ ਹੈ ਅਤੇ ਮੁਲਜ਼ਮਾਂ ਵਿਰੁਧ ਧਾਰਾ 272, 273, 336 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਰਾਮ ਤੀਰਥ ਰੋਡ ਉਤੇ ਪੰਨੂ ਡੇਅਰੀ ਵਿੱਚ ਛਾਪਾ ਮਾਰ ਕੇ ਸਪਰੇਟਾ ਦੁੱਧ ਪਾਊਡਰ ਦੇ 74 ਥੈਲੇ, 18 ਕੁਇੰਟਲ ਦੇਸੀ ਘਿਓ, 35 ਕਿਲੋ ਪਨੀਰ, 150 ਕਿਲੋ ਦਹੀ ਅਤੇ 150 ਕਿਲੋ ਮਿਲਾਵਟੀ ਦੁੱਧ ਬਰਾਮਦ ਕੀਤਾ ਗਿਆ। ਇਸ ਡੇਅਰੀ ਨੂੰ ਵੀ ਸੀਲ ਕਰ ਕੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਪੁਲਿਸ ਕਾਰਵਾਈ ਜਾਰੀ ਹੈ। ਮੁਹਾਲੀ ਜ਼ਿਲ੍ਹੇ ਦੇ ਪਿੰਡ ਬੱਲੋਮਾਜਰਾ ਵਿਚ ਪਨੀਰ ਫ਼ੈਕਟਰੀ ਉਤੇ ਛਾਪਾ ਮਾਰ ਕੇ 20.60 ਕੁਇੰਟਲ ਪਨੀਰ ਬਰਾਮਦ ਕੀਤਾ ਗਿਆ। ਇਥੋਂ ਪਨੀਰ, ਦੇਸੀ ਘਉ, ਕਰੀਮ, ਮੱਖਣ ਤੇ ਖੋਏ ਦੇ ਛੇ ਨਮੂਨੇ ਲਏ ਗਏ।
ਮਾਨਸਾ ਵਿਚ ਵੀ ਖੁਰਾਕ ਵਿਭਾਗ ਦੀਆਂ ਟੀਮਾਂ ਨੇ ਗੁਪਤ ਜਾਣਕਾਰੀ ਦੇ ਆਧਾਰ ਉਤੇ 1.5 ਕੁਇੰਟਲ ਪਤੀਸਾ ਬਰਾਮਦ ਕੀਤਾ, ਜੋ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕੀਤਾ ਜਾ ਰਿਹਾ ਸੀ। ਇਸ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਨੀਮ ਵਾਲਾ ਮੌੜ ਵਿਚ ਖੋਆ ਕੱਢਣ ਵਾਲੀ ਫੈਕਟਰੀ ਉਤੇ ਛਾਪਾ ਮਾਰਿਆ ਅਤੇ ਜਾਂਚ ਲਈ ਨਮੂਨੇ ਲੈ ਲਏ। ਮੌਕੇ ਤੋਂ ਕੋਈ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਪਰ ਵਿਭਾਗ ਨੇ 10 ਨਮੂਨੇ ਭਰੇ ਹਨ। ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚੰਦੀਲਾ ਵਿਚ ਪਨੀਰ ਬਣਾਉਣ ਵਾਲੀ ਫੈਕਟਰੀ ਉਤੇ ਛਾਪਾ ਮਾਰਿਆ ਗਿਆ।
ਮੌਕੇ ਉਤੇ 100 ਕਿਲੋ ਪਨੀਰ ਪਿਆ ਸੀ। ਇੱਥੋਂ ਪਨੀਰ ਤੇ ਦੁੱਧ ਦੇ ਨਮੂਨੇ ਭਰੇ ਗਏ।ਪਠਾਨਕੋਟ ਜ਼ਿਲ੍ਹੇ ਵਿਚ ਦੁੱਧ ਤੇ ਦੁੱਧ ਉਤਪਾਦਾਂ ਦੇ ਨਮੂਨੇ ਭਰੇ। ਇਸ ਦੌਰਾਨ ਦਿੱਲੀ ਵਲੋਂ ਆਉਣ ਵਾਲੀਆਂ ਪ੍ਰਾਈਵੇਟ ਬੱਸਾਂ ਦੀ ਵੀ ਜਾਂਚ ਕੀਤੀ ਗਈ ਅਤੇ ਦੁੱਧ ਦੇ ਨਮੂਨੇ ਭਰੇ ਗਏ। ਇਸ ਤੋਂ ਇਲਾਵਾ ਬੀਕਾਨੇਰ ਸਵੀਟਸ ਅਤੇ ਨਿਊ ਬਨਾਰਸੀ ਦੀ ਹੱਟੀ ਤੋਂ ਦੁੱਧ ਉਤਪਾਦਾਂ ਦੇ ਨਮੂਨੇ ਲਏ ਗਏ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਆਸਰੋਂ ਵਿਖੇ ਪੁਲਿਸ ਬੈਰੀਅਰ ਨੇੜੇ ਨਾਕਾ ਲਾਇਆ ਗਿਆ ਅਤੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਦੁੱਧ ਲਿਜਾ ਰਹੇ ਵਾਹਨਾਂ ਨੂੰ ਰੋਕਿਆ ਗਿਆ।
ਇਸ ਮੌਕੇ ਟੀਮ ਨੇ ਹੁਸ਼ਿਆਰਪੁਰ ਤੋਂ ਪੰਜ ਕੁਇੰਟਲ ਪਤੀਸਾ ਤੇ ਨਾਰੀਅਲ ਵਾਲੇ ਲੱਡੂ ਲੈ ਕੇ ਜਾ ਰਹੇ ਵਾਹਨ ਨੂੰ ਰੋਕਿਆ। ਇਹ ਲੱਡੂ ਲੱਕੀ ਸਵੀਟਸ, ਸੈਂਚੀਆਂ ਰੋਡ, ਆਦਮਵਾਲ (ਹੁਸ਼ਿਆਰਪੁਰ) ਤੋਂ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਜਾ ਰਹੇ ਸਨ। ਨਾਕੇ 'ਤੇ ਟੀਮ ਨੇ ਦੁੱਧ ਦੇ ਦੋ, ਪਤੀਸੇ ਤੇ ਨਾਰੀਅਲ ਦੇ ਲੱਡੂਆਂ ਦਾ ਇਕ-ਇਕ ਨਮੂਨਾ ਭਰਿਆ। ਇਸ ਕਾਰਵਾਈ ਤੋਂ ਬਾਅਦ ਇਹ ਟੀਮ ਆਸਰੋਂ ਵਿਚ ਪਨੀਰ ਬਣਾਉਣ ਵਾਲੀ ਇਕਾਈ ਅਸ਼ੋਕ 'ਤੇ ਵੀ ਗਈ ਅਤੇ ਦੋ ਨਮੂਨੇ ਭਰੇ ਪਰ ਉਥੋਂ ਕੁੱਝ ਵੀ ਇਤਰਾਜ਼ਯੋਗ ਨਹੀਂ ਮਿਲਿਆ।