
ਭਾਰਤੀ ਹਵਾਈ ਫ਼ੌਜ ਦੇ 'ਰਾਫ਼ੇਲ' ਬੇੜੇ 'ਚ ਜਲਦ ਸ਼ਾਮਲ ਹੋਣਗੀਆਂ ਮਹਿਲਾ ਪਾਇਲਟ
ਸਬ ਲੈਫ਼ਟੀਨੈਂਟ ਰੀਤੀ ਸਿੰਘ, ਸਬ ਲੈਫ਼ਟੀਨੈਂਟ ਕੁਮੁਦਿਨੀ ਤਿਆਗੀ ਅਸਮਾਨ ਚੀਰਨ ਨੂੰ ਤਿਆਰ
ਨਵੀਂ ਦਿੱਲੀ, 21 ਸਤੰਬਰ : ਭਾਰਤੀ ਹਵਾਈ ਫ਼ੌਜ ਦੀਆਂ ਦੋ ਮਹਿਲਾ ਪਾਇਲਟ ਸਬ ਲੈਫ਼ਟੀਨੈਂਟ ਰੀਤੀ ਸਿੰਘ, ਸਬ ਲੈਫ਼ਟੀਨੈਂਟ ਕੁਮੁਦਿਨੀ ਤਿਆਗੀ ਛੇਤੀ ਹੀ 'ਗੋਲਡਨ ਏਰੋ' ਸਕੁਐਡਰਨ 'ਚ ਸ਼ਾਮਲ ਹੋਣਗੀਆਂ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਬੀ ਪਾਇਲਟ ਰਾਫ਼ੇਲ ਜਹਾਜ਼ ਉਡਾਉਣ ਦੀ ਸਿਖ਼ਲਾਈ ਲੈ ਰਹੀ ਹੈ। ਸੂਤਰਾਂ ਮੁਤਾਬਕ ਉਹ ਮਿਗ-21 ਲੜਾਕੂ ਜਹਾਜ਼ ਉਡਾਉਂਦੀ ਰਹੀ ਹੈ ਅਤੇ ਉਨ੍ਹਾਂ ਨੂੰ ਰਾਫ਼ੇਲ ਲਈ ਅੰਦਰੂਨੀ ਚੋਣ ਪ੍ਰਕਿਰਿਆ ਵਲੋਂ ਚੁਣਿਆ ਗਿਆ ਹੈ। ਮੌਜੂਦਾ ਸਮੇਂ ਵਿਚ ਭਾਰਤੀ ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ ਉਡਾਉਣ ਵਾਲੀਆਂ 10 ਪਾਇਲਟ ਔਰਤਾਂ ਅਤੇ 18 ਨੈਵੀਗੇਟਰ ਔਰਤਾਂ ਹਨ। ਹਵਾਈ ਫ਼ੌਜ ਵਿਚ ਇਸ ਸਮੇਂ ਬੀਬੀ ਅਧਿਕਾਰੀਆਂ ਦੀ ਕੁੱਲ ਗਿਣਤੀ 1,875 ਹੈ। (ਏਜੰਸੀ)
ਬੀਤੇ ਹਫ਼ਤੇ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਸੰਸਦ ਵਿਚ ਕਿਹਾ ਸੀ ਕਿ ਹਵਾਈ ਫ਼ੌਜ ਵਿਚ ਰਣਨੀਤਕ ਜ਼ਰੂਰਤਾਂ ਨੂੰ ਦੇਖਦਿਆਂ ਬੀਬੀ ਲੜਾਕੂ ਪਾਇਲਟਾਂ ਨੂੰ ਸ਼ਾਮਲ ਅਤੇ ਤਾਇਨਾਤ ਕੀਤਾ ਗਿਆ ਹੈ। ਪਿਛਲੇ ਸਾਲ 10 ਸਤੰਬਰ ਨੂੰ ਹਵਾਈ ਫ਼ੌਜ ਦੀ 'ਗੋਲਡਨ ਏਰੋ' ਸਕੁਐਡਰਨ ਦਾ ਮੁੜ ਗਠਨ ਕੀਤਾ ਗਿਆ ਸੀ।(ਏਜੰਸੀ)