
ਕਿਹਾ - 15 ਦੇਸ਼ ਇਕ-ਦੂਜੇ ਨੂੰ ਭੇਜੇ ਜਾਣ ਵਾਲੀਆਂ ਚੀਜ਼ਾਂ 'ਤੇ ਬਰਾਮਦ ਤੇ ਦਰਾਮਦ ਟੈਕਸ ਮਾਫ਼ ਕਰ ਸਕਦੇ ਹਨ
ਚੰਡੀਗੜ੍ਹ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਦੇਸ਼ਾਂ ਨਾਲ ਅਜਿਹਾ ਸਮਝੌਤਾ ਕਰਨ ਦੀ ਤਿਆਰੀ 'ਚ ਜਿਸ ਨਾਲ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਤਬਾਹ ਹੋ ਸਕਦੇ ਹਨ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ 'ਸਪੋਕਸਮੈਨ ਟੀਵੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
Bhartiya Kisan Union Punjab President Ajmer Singh Lakhowal
ਲੱਖੋਵਾਲ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਮੁਤਾਬਕ ਮੋਦੀ ਸਰਕਾਰ 15 ਦੇਸ਼ਾਂ ਨਾਲ ਟੈਕਸ ਮੁਕਤ ਖੇਤਰੀ, ਆਰਥਕ ਤੇ ਵਪਾਰਕ ਸਮਝੌਤਾ ਕਰਨ ਜਾ ਰਹੀ ਹੈ। ਇਸ ਸਬੰਧੀ ਮੀਟਿੰਗ ਥਾਈਲੈਂਡ ਵਿਖੇ 4 ਨਵੰਬਰ ਨੂੰ ਹੋਣੀ ਹੈ। ਜਿਥੇ ਸਾਰੇ ਦੇਸ਼ਾਂ ਦੇ ਮੁਖੀ ਸਮਝੌਤੇ 'ਤੇ ਹਸਤਾਖ਼ਰ ਕਰਨਗੇ। ਉਨ੍ਹਾਂ ਦੱਸਿਆ ਕਿ ਜਿਹੜੇ ਦੇਸ਼ ਇਸ ਸਮਝੌਤੇ ਵਿਚ ਸ਼ਾਮਲ ਹਨ, ਉਨ੍ਹਾਂ ਕੋਲ ਅਨਾਜ, ਦੁੱਧ, ਦਾਲਾਂ, ਚੀਨੀ ਆਦਿ ਵਾਧੂ ਮਾਤਰਾ 'ਚ ਪਏ ਹਨ। ਇਹ ਦੇਸ਼ ਅੱਧੀ ਕੀਮਤ 'ਤੇ ਇਹ ਚੀਜ਼ਾਂ ਭਾਰਤ ਨੂੰ ਦੇ ਸਕਦੇ ਹਨ। ਸਮਝੌਤੇ ਮੁਤਾਬਕ 12 ਰੁਪਏ ਕਿਲੋ ਕਣਕ, 20 ਰੁਪਏ ਕਿਲੋ ਚੀਨੀ ਅਤੇ ਅੱਧੀ ਕੀਮਤ 'ਤੇ ਦਾਲਾਂ ਤੇ ਦੁੱਧ ਮਿਲੇਗਾ। ਇਹ 15 ਦੇਸ਼ ਇਕ ਦੂਜੇ ਨੂੰ ਭੇਜੇ ਜਾਣ ਵਾਲੀਆਂ ਚੀਜ਼ਾਂ 'ਤੇ ਬਰਾਮਦ ਤੇ ਦਰਾਮਦ ਟੈਕਸ ਮਾਫ਼ ਕਰ ਸਕਦੇ ਹਨ।
Bhartiya Kisan Union Punjab President Ajmer Singh Lakhowal
ਲੱਖੋਵਾਲ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਕਿਸਾਨਾਂ ਹੋਰ ਤਬਾਹ ਹੋ ਜਾਵੇਗਾ। ਉਸ ਦੀਆਂ ਫ਼ਸਲਾਂ, ਦੁੱਧ, ਗੰਨੇ ਆਦਿ ਨੂੰ ਕੋਈ ਨਹੀਂ ਖਰੀਦੇਗਾ, ਜਿਸ ਨਾਲ ਪਹਿਲਾਂ ਹੀ ਖ਼ੁਦਕੁਸ਼ੀ ਦੀ ਰਾਹ 'ਤੇ ਪਏ ਕਿਸਾਨਾਂ ਦੀ ਹਾਲਤ ਹੋਰ ਮਾੜੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਪਹਿਲਾਂ ਹੀ ਫ਼ਸਲਾਂ ਦਾ ਸਮਰਥਨ ਮੁੱਲ ਨਹੀਂ ਮਿਲ ਰਿਹਾ। ਮੋਦੀ ਸਰਕਾਰ ਨੇ ਪਿਛਲੀ ਵਾਰੀ ਸੱਤਾ 'ਚ ਆਉਣ ਸਮੇਂ ਵਾਅਦਾ ਕੀਤਾ ਸੀ ਕਿ ਉਹ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਗੇ ਪਰ ਪਹਿਲੀ ਤੋਂ ਦੂਜੀ ਸਰਕਾਰ ਬਣ ਗਈ ਪਰ ਹਾਲੇ ਇਸ ਰਿਪੋਰਟ 'ਤੇ ਪੂਰੀ ਚੁੱਪ ਵੱਟੀ ਹੋਈ ਹੈ। ਉਲਟਾ ਮੋਦੀ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ ਲਈ ਨਵਾਂ ਸਮਝੌਤਾ ਕਰਨ ਦੀ ਤਿਆਰੀ 'ਚ ਹੈ।
Bhartiya Kisan Union Punjab President Ajmer Singh Lakhowal
ਲੱਖੋਵਾਲ ਨੇ ਦੱਸਿਆ ਸਰਕਾਰ ਨੂੰ ਅਜਿਹਾ ਸਮਝੌਤਾ ਕਰਨ ਤੋਂ ਰੋਕਣ ਲਈ ਯੂਨੀਅਨ ਵਲੋਂ 24 ਅਕਤੂਬਰ ਨੂੰ ਜ਼ਿਲ੍ਹੇ ਦੇ ਸਾਰੇ ਡੀ.ਸੀ. ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਪਧਰੀ ਹੜਤਾਲ ਵੀ ਕੀਤੀ ਜਾਵੇਗੀ।