
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਪੰਜਾਬ ਦੀਆਂ ਖੰਡ ਮਿੱਲਾਂ ਵਲ ਕਿਸਾਨਾਂ ਦਾ 400 ਕਰੋੜ ਰੁਪਏ ਬਕਾਇਆ.........
ਮਾਛੀਵਾੜਾ ਸਾਹਿਬ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਪੰਜਾਬ ਦੀਆਂ ਖੰਡ ਮਿੱਲਾਂ ਵਲ ਕਿਸਾਨਾਂ ਦਾ 400 ਕਰੋੜ ਰੁਪਏ ਬਕਾਇਆ ਹੈ ਜਿਸ ਦੀ ਬਕਾਇਆ ਰਾਸ਼ੀ ਲਈ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਵੀ ਦਿਤੇ ਜਿਸ ਦਾ ਕੋਈ ਅਸਰ ਨਾ ਹੋਇਆ। ਇਸ ਲਈ ਹੁਣ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਖੰਡ ਮਿੱਲਾਂ ਅੱਗੇ ਕਿਸਾਨਾਂ ਨੂੰ ਨਾਲ ਲੈ ਕੇ ਲੜੀਵਾਰ ਧਰਨਾ ਦੇਵੇਗੀ। ਲੱਖੋਵਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਹਿਲਾ ਧਰਨਾ 24 ਜੁਲਾਈ ਨੂੰ ਖੰਡ ਮਿੱਲ ਬੁੱਢੇਵਾਲ ਅੱਗੇ ਦਿਤਾ ਜਾਵੇਗਾ ਅਤੇ 2 ਅਗੱਸਤ ਨੂੰ ਮੋਰਿੰਡਾ ਮਿੱਲ ਅੱਗੇ ਰੋਸ ਧਰਨੇ ਦਿਤੇ ਜਾਣਗੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਮਹਿੰਗੇ ਭਾਅ ਦੇ ਡੀਜ਼ਲ, ਕੀੜੇਮਾਰ ਦਵਾਈਆਂ, ਲੇਬਰ ਆਦਿ ਸਬੰਧੀ ਬੈਂਕਾਂ ਤੋਂ ਕਰਜ਼ਾ ਚੁਕ ਕੇ ਗੰਨੇ ਦੀ ਪੈਦਾਵਾਰ ਕੀਤੀ ਪਰ ਉਸ ਦੀ ਵੇਚੀ ਹੋਈ ਫ਼ਸਲ ਦੀ ਰਕਮ ਨਹੀਂ ਮਿਲ ਰਹੀ ਅਤੇ ਉਪਰੋਂ ਬੈਂਕਾਂ ਨੂੰ ਡਿਫ਼ਾਲਟਰ ਘੋਸ਼ਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਮਾੜੀਆਂ ਨੀਤੀਆਂ ਕਾਰਨ ਹੀ ਕਿਸਾਨ ਖ਼ੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ ਪਰ ਸੱਤਾ ਸੰਭਾਲੀ ਬੈਠੇ ਲੀਡਰ ਅਤੇ ਅਫ਼ਸਰਾਂ ਨੂੰ ਮਰ ਰਹੇ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ।
ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੰਨੇ ਦੇ ਮੁਲ 'ਚ 20 ਰੁਪਏ ਕੁਇੰਟਲ ਦਾ ਬਹੁਤ ਹੀ ਮਾਮੂਲੀ ਵਾਧਾ ਕੀਤਾ ਹੈ ਅਤੇ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਸਵਾਮੀਨਾਥਨ ਰੀਪੋਰਟ ਅਨੁਸਾਰ ਗੰਨੇ ਦਾ ਭਾਅ 425 ਰੁਪਏ ਕੁਇੰਟਲ ਦਿਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਮੇਹਲੋਂ, ਗੁਰਵਿੰਦਰ ਸਿੰਘ ਕੂੰਮਕਲਾਂ, ਪਲਵਿੰਦਰ ਸਿੰਘ, ਹਰਗੁਰਮੁਖ ਸਿੰਘ ਤੇ ਰਣਧੀਰ ਸਿੰਘ ਵੀ ਮੌਜੂਦ ਸਨ।