
-ਯੂ.ਪੀ-ਬਿਹਾਰ ਦੇ ਕਿਸਾਨਾਂ ਦੀ ਹੋ ਰਹੀ ਲੁੱਟ ਦਾ ਕਾਰਨ ਸਮਝੇ ਮੋਦੀ ਸਰਕਾਰ- ਹਰਪਾਲ ਸਿੰਘ ਚੀਮਾ
ਚੰਡੀਗੜ੍ਹ: ਬਾਹਰਲੇ ਰਾਜਾਂ ਤੋਂ ਆ ਰਹੇ ਝੋਨੇ ਦੀ ਖ਼ਰੀਦ ਘੁਟਾਲੇ 'ਚ ਸ਼ਾਮਲ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਪੂਰੇ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ਤੋਂ ਅੱਧੇ ਮੁੱਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚੇ ਜਾਣ ਦਾ ਘਪਲਾ ਸਿਰਫ਼ ਪਨਸਪ ਦੇ ਜ਼ਿਲ੍ਹਾ ਮੈਨੇਜਰ ਪਟਿਆਲਾ ਤੱਕ ਸੀਮਤ ਨਹੀਂ ਹੈ।
Harpal Singh Cheema
ਇਸ ਖੇਡ 'ਚ ਸੂਬੇ ਦੀਆਂ ਲਗਭਗ ਸਾਰੀਆਂ ਹੀ ਖ਼ਰੀਦ ਏਜੰਸੀਆਂ ਸ਼ਾਮਲ ਹਨ, ਕਿਉਂਕਿ ਇਸ ਗੋਰਖਥੰਦੇ ਨੂੰ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਦੇ ਆਸ਼ੀਰਵਾਦ ਨਾਲ ਖ਼ੁਦ ਚਲਾ ਰਹੇ ਹਨ, ਜਿਸ ਦੀ ਪੁਸ਼ਟੀ ਡੀਐਮ ਪ੍ਰਵੀਨ ਜੈਨ ਦੀ ਵਟਸਐਪ ਚੈਟ ਨੇ ਕਰ ਦਿੱਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਹ ਘੁਟਾਲਾ ਪੰਜਾਬ ਦੇ ਕਿਸਾਨਾਂ ਦੀ ਕੀਮਤ 'ਤੇ ਉਸ ਸਮੇਂ ਹੋ ਰਿਹਾ ਹੈ, ਜਦ ਕਿਸਾਨ ਆਪਣੇ ਲੁੱਟੇ ਜਾ ਰਹੇ ਹੱਕਾਂ ਦੀ ਰੱਖਿਆ ਲਈ ਦਿਨ ਰਾਤ ਸੰਘਰਸ਼ ਕਰ ਰਹੇ ਹਨ।
Rahul Gandhi
ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਯੂ.ਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਸ਼ੋਸ਼ਣ ਕਰਕੇ ਪੰਜਾਬ ਦੀਆਂ ਮੰਡੀਆਂ ਰਾਹੀਂ ਕਰੋੜਾਂ-ਅਰਬਾਂ ਦੀ ਕਮਾਈ ਕਰ ਰਹੇ ਵਿਚੋਲੀਏ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਰਹੇ? ਸਰਕਾਰ ਦੇ ਅੱਖਾਂ ਮਿਚਣ ਕਾਰਨ ਇਨ੍ਹਾਂ ਵਿਚੋਲੀਆਂ ਨੂੰ ਘੇਰਨ ਦਾ ਕੰਮ ਵੀ ਖ਼ੁਦ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਚੀਮਾ ਅਤੇ ਬੀਬੀ ਮਾਣੂੰਕੇ ਨੇ ਕਿਹਾ ਕਿ ਜੇਕਰ ਬਾਹਰੀ ਰਾਜਾਂ ਦੇ ਝੋਨੇ ਨਾਲ ਹੀ ਪੰਜਾਬ ਨੂੰ ਜਾਰੀ ਹੋਈ ਕੈਸ਼ ਕਰੈਡਿਟ ਲਿਮਟ (ਸੀਸੀਐਲ) ਖ਼ਤਮ ਹੋ ਗਈ ਤਾਂ ਕੀ ਪੰਜਾਬ ਸਰਕਾਰ ਆਪਣੇ ਦਮ 'ਤੇ ਪੰਜਾਬ ਦੇ ਕਿਸਾਨਾਂ ਵੱਲੋਂ ਮੰਡੀ 'ਚ ਲਿਆਂਦੇ ਝੋਨੇ ਦੀ ਐਮ.ਐਸ.ਪੀ. ਉੱਤੇ ਗਰੰਟੀ ਨਾਲ ਖ਼ਰੀਦ ਕਰੇਗੀ?
CM Amarinder Singh
ਹਰਪਾਲ ਸਿੰਘ ਚੀਮਾ ਮੁਤਾਬਿਕ ਕੈਪਟਨ ਸਰਕਾਰ ਨੂੰ ਕਿਸਾਨਾਂ ਦੀ ਨਹੀਂ ਸਗੋਂ ਭਾਰਤ ਭੂਸ਼ਣ ਆਸ਼ੂ ਦੀ ਪੁਸ਼ਤ ਪਨਾਹੀ ਹੇਠ ਚੱਲ ਰਹੇ ਮੰਡੀ ਮਾਫ਼ੀਆ ਦੀ ਫ਼ਿਕਰ ਹੈ, ਕਿਉਂਕਿ ਇਸ ਕਾਲੇ ਧੰਦੇ 'ਚੋਂ ਹੁੰਦੀ ਮੋਟੀ ਕਮਾਈ ਦਾ ਹਿੱਸਾ ਮੁੱਖ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਇਸ ਮਾਮਲੇ 'ਚ ਵੀ ਸਾਧੂ ਸਿੰਘ ਧਰਮਸੋਤ ਵਾਂਗ ਭਾਰਤ ਭੂਸ਼ਣ ਆਸ਼ੂ ਨੂੰ ਬਚਾਈ ਰੱਖਦੇ ਹਨ ਤਾਂ ਇੱਕ ਵਾਰ ਫਿਰ ਸਾਬਤ ਹੋ ਜਾਵੇਗਾ ਕਿ ਲੁੱਟ ਦਾ ਮਾਲ ਗਾਂਧੀ ਪਰਿਵਾਰ ਤੱਕ ਪਹੁੰਚਦਾ ਹੈ।
Harpal Singh Cheema
'ਆਪ' ਆਗੂਆਂ ਨੇ ਕਿਹਾ ਜਦ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਨਾਲ ਪੰਜਾਬ ਦਾ ਮੌਜੂਦਾ ਮੰਡੀਕਰਨ ਪ੍ਰਬੰਧ ਤਹਿਸ-ਨਹਿਸ ਹੋ ਜਾਵੇਗਾ ਅਤੇ ਐਮਐਸਪੀ ਉੱਪਰ ਸਰਕਾਰੀ ਖ਼ਰੀਦ ਬੰਦ ਹੋ ਜਾਵੇਗੀ ਤਾਂ ਪੰਜਾਬ ਦੇ ਕਿਸਾਨਾਂ ਦਾ ਹਾਲ ਯੂ.ਪੀ.-ਬਿਹਾਰ ਦੇ ਕਿਸਾਨਾਂ ਨਾਲੋਂ ਵੀ ਬਦਹਾਲ ਹੋ ਜਾਵੇਗਾ।
ਹਰਪਾਲ ਸਿੰਘ ਚੀਮਾ ਅਤੇ ਬੀਬੀ ਮਾਣੂੰਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਦਾ ਕਾਰਨ ਸਮਝਣਾ ਚਾਹੀਦਾ ਹੈ ਕਿ ਯੂ.ਪੀ.-ਬਿਹਾਰ ਦੇ ਕਿਸਾਨ ਐਮਐਸਪੀ ਤੋਂ ਅੱਧੇ ਮੁੱਲ ਝੋਨੇ ਵੇਚਣ ਲਈ ਕਿਉਂ ਮਜਬੂਰ ਹਨ?