
ਅੱਜ ਸਤਲੁਜ ਕੋਲ ਪਹੁੰਚੇ ਤਾਂ ਕੰਢੇ ਚੜ੍ਹ ਕੇ ਸੱਭ ਤੋਂ ਪਹਿਲਾਂ ਜਲ ਦੀ ਚੁੱਲੀ ਭਰ ਕੇ ਮੱਥੇ ਨੂੰ ਛੁਹਾਈ ਅਤੇ ਉਸ ਦਰਵੇਸ਼ ਦਰਿਆ ਨੂੰ ਦਿਲੋਂ ਪ੍ਰਣਾਮ ਕੀਤਾ।
ਪਿਛਲੇ ਦਿਨੀਂ 'ਸਿੰਘ ਆਰਟਸ ਮੀਡੀਆ' ਚੈਨਲ ਦੇ ਸੰਚਾਲਕ ਵੀਰ ਸੁਖਮੀਤ ਸਿੰਘ ਖ਼ਾਲਸਾ ਹੋਰੀਂ ਆਖਣ ਲੱਗੇ, ''ਵੀਰ ਜੀ! ਅਪਣੇ ਚੈਨਲ ਲਈ ਤੁਹਾਡੇ ਨਾਲ ਪਾਣੀਆਂ ਸਬੰਧੀ ਗੱਲਬਾਤ ਕਰਨੀ ਏ ਤੇ ਉਹ ਵੀ ਸਤਲੁਜ ਦੇ ਕੰਢੇ।'' ਮੈਂ ਨਾਂਹ ਨਾ ਕਰ ਸਕਿਆ, ਪਤਾ ਨਹੀਂ ਕਿਉਂ! 'ਸਤਲੁਜ' ਮੇਰੀ ਰੂਹ ਦੇ ਧੁਰ ਅੰਦਰ ਤਕ ਉਤਰਿਆ ਹੋਇਆ ਹੈ। ਮੈਂ ਜਦੋਂ ਵੀ ਕਿਤੇ ਦਰਬਾਰ ਸਾਹਿਬ ਜ਼ਿਆਰਤ ਕਰਨ ਜਾਂਦਾ ਹਾਂ, ਹਰੀਕੇ ਪੱਤਣ ਲੰਘਦਿਆਂ ਦੂਰ ਤਕ ਫੈਲੇ ਬਿਆਸ, ਸਤਲੁਜ ਦੇ ਸੰਗਮ ਨੂੰ ਨਿਹਾਰਦਾ ਰਹਿੰਦਾ ਹਾਂ। ਸ਼ਾਂਤ, ਡੂੰਘੇ ਵਗਦੇ ਪਾਣੀਆਂ ਦਾ ਸੰਗਮ, ਕਿਸੇ ਦੇਵਰਿਸ਼ੀ ਵਾਂਗ ਡੂੰਘੀ ਸਮਾਧੀ 'ਚ ਉਸ ਕਰਤਾਰ ਨਾਲ ਇਕਮਿਕ ਹੋਇਆ ਲਗਦਾ ਹੈ।
ਉਦੋਂ ਨੂੰ ਬੱਸ ਪੁਲ ਪਾਰ ਕਰ ਜਾਂਦੀ ਹੈ। ਮੈਂ ਸੋਚਾਂ ਵਿਚ ਸਤਲੁਜ ਦੇ ਜਲ ਨਾਲ ਨਹਿਰਾਂ ਵਿਚੋਂ ਦੀ ਹੋ ਕੇ ਪੰਜਾਬ ਦੇ ਪਿੰਡਾਂ ਤੇ ਖੇਤਾਂ ਵਲ ਤੁਰ ਪੈਂਦਾ ਹਾਂ। ਮੋਢੇ ਤੇ ਕਹੀ ਰੱਖੀ ਅੰਨਦਾਤਾ, ਨਹਿਰ ਤੋਂ ਸੂਏ, ਕੱਸੀਆਂ ਤੇ ਫਿਰ ਖਾਲਾਂ 'ਚੋਂ ਹੋ ਕੇ ਖੇਤ ਦੇ ਨੱਕੇ 'ਤੇ ਅਪੜੇ ਜਲ ਨੂੰ ਰੀਝ ਨਾਲ ਵੇਖਦਾ ਵੱਟਾਂ, ਬੰਨੇ ਪਾ-ਪਾ ਅਪਣੇ ਖੇਤ 'ਚ ਝੂਮਦੀਆਂ ਫਸਲਾਂ ਦੇ ਮੁੱਢਾਂ ਨਾਲ ਜਲਾਉਂਦਾ ਏ ਤੇ ਫਿਰ ਇਸੇ ਦੇ ਆਸਰੇ ਉਹ ਅਪਣੇ 'ਅੰਨਦਾਤਾ' ਦੇ ਖ਼ਿਤਾਬ ਨੂੰ ਚਮਕਾਈ ਰਖਦੈ। ਜਦੋਂ ਕਿਤੇ ਸੂਏ 'ਚ ਪਾਣੀ ਨਹੀਂ ਆਉਂਦਾ, ਵਾਰੀ ਸੁੱਕੀ ਲੰਘ ਜਾਂਦੀ ਏ ਤਾਂ ਕਿਸਾਨ ਦਾ ਜੀਵਨ ਜਿਵੇਂ ਬੇਰਸ, ਬੇਰੰਗ ਹੋ ਜਾਂਦੈ, ਤੇ ਪਾਣੀ ਕਿੰਨਾ ਕੁ ਚਿਰ ਹੋਰ ਵਗੇਗਾ ਸਾਡੇ ਖਾਲਿਆਂ ਕੱਸੀਆਂ 'ਚ, ਇਹ ਸੋਚ ਕੇ ਮਨ ਭਰ ਆਉਂਦੈ ਤੇ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਨੇ।
Sutlej river
ਅੱਜ ਸਤਲੁਜ ਕੋਲ ਪਹੁੰਚੇ ਤਾਂ ਕੰਢੇ ਚੜ੍ਹ ਕੇ ਸੱਭ ਤੋਂ ਪਹਿਲਾਂ ਜਲ ਦੀ ਚੁੱਲੀ ਭਰ ਕੇ ਮੱਥੇ ਨੂੰ ਛੁਹਾਈ ਅਤੇ ਉਸ ਦਰਵੇਸ਼ ਦਰਿਆ ਨੂੰ ਦਿਲੋਂ ਪ੍ਰਣਾਮ ਕੀਤਾ। ਲਾਗਲੇ ਪਿੰਡ ਹਜ਼ਾਰਾਂ, ਚਾਂਦੀ ਵਾਲਾ ਦੇ ਮੁੰਡੇ-ਖੁੰਡੇ, ਜਵਾਕ ਸ਼ੂਟਿੰਗ ਵੇਖਣ ਆ ਪਹੁੰਚੇ ਤੇ ਨਿੱਕੇ-ਨਿੱਕੇ ਜਵਾਕ ਬਿਨਾਂ ਖ਼ੌਫ਼ ਦਰਿਆ 'ਚ ਛਾਲਾਂ ਮਾਰ-ਮਾਰ ਨਹਾਉਣ ਲੱਗ ਪਏ, ਜਿਵੇਂ ਇੰਨੇ ਵਰ੍ਹਿਆਂ ਤੋਂ ਕੋਲ ਰਹਿ ਕੇ ਸਤਲੁਜ ਦੇ ਆੜੀ ਬਣ ਗਏ ਹੋਣ।
ਭਾਈ ਸੁਖਮੀਤ ਸਿਹੁੰ ਹੋਰੀਂ ਕੈਮਰੇ, ਲਾਈਟਾਂ ਆਦਿ ਸੈੱਟ ਕਰਨ ਲੱਗੇ ਤੇ ਮੈਂ ਪਿੰਡ ਦੇ ਹੀ ਇਕ ਬਜ਼ੁਰਗ ਜਿਸ ਨੂੰ ਬੇੜੀ ਚਲਾਉਣੀ ਆਉਂਦੀ ਸੀ, ਨੂੰ ਨਾਲ ਲੈ ਕੇ ਪਾਣੀਆਂ ਦੀ ਹਿੱਕ ਤੇ ਉਤਰ ਗਿਆ ਤੇ ਵਿਚਾਲੇ ਜਿਹੇ ਜਾ ਕੇ ਸਤਲੁਜ ਨਾਲ ਅੰਤਰ ਸੰਵਾਦ ਰਚਾ ਲਿਆ ਤੇ ਬਾਹਰਲੀ ਦੁਨੀਆਂ ਨੂੰ ਜਿਵੇਂ ਭੁੱਲ ਹੀ ਗਿਆ ਸਾਂ।
''ਸਤਲੁਜ ਬਾਪੂਆ! ਧੁਰ ਅੰਦਰੋਂ ਮੇਰਾ ਪ੍ਰਣਾਮ ਸਵੀਕਾਰ ਕਰੀਂ। ਮੈਂ ਤੈਨੂੰ ਬਹੁਤ ਪਿਆਰ ਕਰਦਾਂ, ਸੱਚੀਂ ਮੁੱਚੀਂ ਬਹੁਤਾ ਮੈਨੂੰ ਨਹੀਂ ਪਤਾ ਬਾਪੂ ਤੂੰ ਕਦੋਂ ਤੋਂ ਇਸ ਧਰਤੀ ਦੀ ਬੁੱਕਲ ਵਿਚ ਅਠਖੇਲੀਆਂ ਕਰ ਰਿਹਾ ਏਂ। ਸਦੀਆਂ ਪਹਿਲਾਂ ਤੋਂ, ਕਿੰਨਾ ਕੁੱਝ ਵੇਖਿਆ ਏ ਤੂੰ, ਗੁਰੂਆਂ ਪੀਰਾਂ ਦੀ ਇਸ ਧਰਤੀ 'ਤੇ ਵਗਦਿਆਂ।
Sutlej river
ਕਿੰਨੇ ਰਾਜੇ, ਮਹਾਰਾਜੇ, ਜ਼ਾਲਮ, ਹੰਕਾਰੀ, ਹਾਬੜੇ ਹੋਏ ਬਘਿਆੜ, ਕਾਤਲ ਇਸ ਧਰਤੀ ਨੂੰ ਲਿਤਾੜਨ ਆਏ ਤੇ ਅਪਣੇ ਬਹਾਦਰ, ਕਿਰਤੀ ਪੰਜਾਬੀ ਪੁੱਤਰਾਂ ਨੂੰ ਤੂੰ ਲੜਦਿਆਂ, ਮਰਦਿਆਂ, ਲੜਦਿਆਂ, ਵਢੀਂਦਿਆਂ, ਡਿਗਦਿਆਂ, ਢਹਿੰਦਿਆਂ, ਫਿਰ ਉਠਦਿਆਂ, ਦਹਾੜਦਿਆਂ, ਲਲਕਾਰਦਿਆਂ, ਜਾਬਰਾਂ ਨੂੰ ਪੈਰਾਂ ਹੇਠ ਰੋਲਦਿਆਂ, ਨਿਮਾਣਿਆਂ ਨੂੰ ਗਲ ਲਾਉਂਦਿਆਂ, ਫ਼ਤਿਹ ਦੇ ਝੰਡੇ ਝੁਲਾਉਂਦਿਆਂ ਨੂੰ ਅਪਣੇ ਅੱਖੀਂ ਵੇਖਿਆ ਬਾਪੂ। ਸਿਕੰਦਰ ਵਰਗੇ ਸੰਸਾਰ ਜੇਤੂ ਵੀ ਤੇਰੇ ਕੰਢੇ ਤੋਂ ਆ ਕੇ ਖਾਲੀ ਮੁੜਦੇ ਦੁਨੀਆਂ ਨੇ ਸਾਹਮਣੇ ਵੇਖੇ।
ਫਿਰ ਤੂੰ ਉਹ ਪੰਜਾਬ ਵੀ ਵੇਖਿਆ ਜਿਥੇ ਰਾਇ ਭੋਇੰ ਦੀ ਤਲਵੰਡੀ 'ਚ ਉਸ ਕਰਤਾਰ ਦਾ ਨੂਰ ਆਣ ਉਤਰਿਆ ਜਗਤ ਜਲੰਦੇ ਨੂੰ ਤਾਰਨ ਅਤੇ ਤੇਰੇ ਪਾਣੀ ਮਰਦਾਨੇ ਦੀ ਰਬਾਬ ਦੀ ਮਿੱਠੀ ਧੁਨਿ ਸੁਣ ਡੂੰਘੀ ਸਮਾਧੀ ਵਿਚ ਲੀਨ ਹੋ ਵਗਣਾ ਭੁੱਲ ਗਏ। ਤੇ ਬਾਪੂ! ਫਿਰ ਦੁਨੀਆਂ ਦੇ ਇਤਿਹਾਸ ਵਿਚ ਉਹ ਮਹਾਂ ਮਹਾਨ ਦਿਨ ਆਇਆ ਜਦੋਂ ਸ਼ਾਹੇ-ਸ਼ਹਿਨਸ਼ਾਹ, ਮਰਦ-ਏ-ਕਮਾਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਲੌਕਿਕ ਕਾਰਜ ਕੀਤਾ, ਖ਼ਾਲਸਾ ਪੰਥ ਸਾਜਣ ਦਾ ਤੇ ਜਦੋਂ ਮਹਾਨ ਦਾਤ 'ਅੰਮ੍ਰਿਤ' ਦੀ ਤਿਆਰੀ ਕੀਤੀ ਤਾਂ ਇਹ ਤਿਆਰ ਹੋਇਆ ਤੇਰੇ ਨਿਰਮਲ ਨੀਰ ਨਾਲ।
Banda Singh Bhadur
ਸਾਹਿਬ-ਏ-ਕਮਾਲ ਦੇ ਕਰ-ਕਮਲਾਂ ਤੋਂ ਮਿਲੇ ਇਸ ਮਾਣ ਨਾਲ ਤੂੰ ਸਦਾ ਲਈ ਸਿਰ ਚੁੱਕ ਖਲੋਤਾ ਤੇ ਸਾਡੇ ਲਈ ਮਾਨਯੋਗ ਹੋ ਗਿਆ ਤੇ ਫਿਰ ਬਾਪੂ ਤੂੰ ਕੁੱਝ ਕੁ ਚਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਡੰਕੇ ਵਜਦੇ ਸੁਣੇ ਤੇ ਫਿਰ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਸੁਨਹਿਰੀ ਕਾਲ। ਤੇਰੇ ਪਾਣੀਆਂ ਨੇ ਮਹਾਰਾਜਾ ਸਾਹਿਬ ਅਤੇ ਦੁਨੀਆਂ ਦੇ ਮਹਾਨ ਜਰਨੈਲਾਂ ਸ. ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਵਰਗਿਆਂ ਦੇ ਪੈਰਾਂ ਨੂੰ ਚੁੰਮਦਿਆਂ ਦੁਸ਼ਮਣਾਂ ਨੂੰ ਉਨ੍ਹਾਂ ਦਾ ਨਾਮ ਲੈ ਕੇ ਜਵਾਕਾਂ ਨੂੰ ਸਵਾਉਂਦਿਆਂ ਵੀ ਵੇਖਿਆ ਤੇ ਫਿਰ ਤੇਰੇ ਹੀ ਕੰਢੇ 'ਤੇ ਰਣਜੀਤ ਸਿੰਘ ਨੂੰ ਮਜ਼ਬੂਰ ਹੋ ਕੇ ਫ਼ਰੰਗੀਆਂ ਨਾਲ ਅਣਚਾਹੀ ਸੰਧੀ ਕਰਦਿਆਂ ਉਸ ਦੀਆਂ ਅੱਖਾਂ ਵਿਚ ਲੁਕੇ ਹੋਏ ਅੱਥਰੂ ਵੀ ਤੈਥੋਂ ਲੁਕੇ ਨਹੀਂ ਸੀ ਰਹੇ।
ਫਿਰ ਉਨ੍ਹਾਂ ਦੇ ਨਾਪਾਕ ਪੈਰ ਤੈਨੂੰ ਉਲੰਘ ਕੇ ਪੰਜਾਬ ਦੀ ਬਾਦਸ਼ਾਹੀ ਨੂੰ ਲਿਤਾੜਨ ਲੱਗੇ ਤਾਂ ਤੇਰੇ ਪਾਣੀਆਂ ਨੇ ਉਛਲ-ਉਛਲ ਕੇ ਕੰਢਿਆਂ ਨਾਲ ਟੱਕਰਾਂ ਮਾਰਦਿਆਂ ਬਗ਼ਾਵਤ ਕੀਤੀ। ਉਸ ਦਿਨ ਤੂੰ ਕਿੰਨਾ ਉਦਾਸ ਸੈਂ ਜਦ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਵੱਢ ਟੁੱਕ ਕੇ, ਅੱਧ ਸੜਿਆਂ ਹੀ ਤੇਰੇ ਪਾਣੀਆਂ ਦੇ ਹਵਾਲੇ ਕਰ ਦਿਤਾ ਸੀ ਤਾਂ ਉਨ੍ਹਾਂ ਨੂੰ ਬੁੱਕਲ ਵਿਚ ਲੁਕਾਉਣ ਦਾ ਗੌਰਵ ਹਾਸਲ ਕੀਤਾ।
bhagat singh sukhdev rajguru
ਉਫ਼... ਬਾਪੂ! ਉਦੋਂ ਤੇਰੀਆਂ ਭੁੱਬਾਂ ਸੁਣੀਆਂ ਨਹੀਂ ਜਾਂਦੀਆਂ ਜਦੋਂ ਤੇਰਾ ਘੁੱਗ ਵਸਦਾ ਪੰਜਾਬ ਦੋ ਟੁਕੜਿਆਂ 'ਚ ਵੰਡ ਕੇ ਤੇਰੇ ਦਸ ਲੱਖ ਧੀਆਂ ਪੁੱਤਰਾਂ ਨੂੰ ਬੇਦਰਦੀ ਨਾਲ ਵੱਢ-ਟੁਕ, ਕਤਲ ਕਰ ਕੇ ਸਦੀਆਂ ਦੀਆਂ ਸਾਂਝਾਂ ਪਲਾਂ 'ਚ ਪੈਰਾਂ ਹੇਠ ਮਿੱਧ ਦਿਤੀਆਂ ਤੇ ਜਿਨ੍ਹਾਂ ਨੂੰ 'ਹਮਸਾਏ ਮਾਂ ਪਿਉ ਜਾਏ' ਹੋਣ ਦਾ ਮਾਣ ਦਿਤਾ ਜਾਂਦਾ ਸੀ ਉਨ੍ਹਾਂ ਨੇ ਹੀ ਗੁਆਂਢ ਵਿਚ ਵਸਦੀਆਂ ਧੀਆਂ, ਮਾਸੂਮ ਭੈਣਾਂ ਦੀ ਆਬਰੂ ਲੀਰੋ-ਲੀਰ ਕਰ ਕੇ 'ਧਰਮੀ' ਹੋਣ ਦਾ 'ਸ਼ਰਫ਼' ਹਾਸਲ ਕੀਤਾ।
ਤੇਰੇ ਪਾਣੀ ਉਦੋਂ ਅਪਣਿਆਂ ਦੇ ਲਹੂ ਨਾਲ ਲਾਲ ਹੋਏ ਬੇਵਸੀ ਤੇ ਕ੍ਰੋਧ ਨਾਲ ਉਬਲਦੇ ਅਤੇ ਸਾੜਦੇ ਰਹੇ ਤੇ ਫਿਰ ਤੇਰੇ ਪੁੱਤਰਾਂ 'ਅੰਨਦਾਤਾ' ਦਾ ਖ਼ਿਤਾਬ ਹਾਸਲ ਕੀਤਾ ਤੇ ਖੇਤਾਂ ਵਿਚ ਜਾਨ ਧੜਕਾਉਂਦੇ ਤੇਰੇ ਪਾਣੀਆਂ 'ਚ ਮਣਾਂ ਮੂੰਹੀਂ ਜ਼ਹਿਰ ਰਲਾਉਣਾ ਸ਼ੁਰੂ ਕਰ ਦਿਤਾ ਤਾਂ ਤੇਰੀਆਂ ਚੀਕਾਂ ਨਿਕਲ ਗਈਆਂ ਸੀ, ''ਉਏ ਮੇਰੇ ਪੁੱਤਰੋ! ਅੰਮ੍ਰਿਤ ਦੇ ਦਾਤੇ ਦੇ ਵਾਰਸੋ! ਉਹ ਅੰਮ੍ਰਿਤ ਤੁਹਾਡੇ ਹੱਡਾਂ 'ਚ ਰਚਿਆ ਨਿਕਲ ਵੀ ਗਿਆ ਕਿ ਤੁਸੀ ਜ਼ਹਿਰਾਂ ਦਾ ਸਵਾਦ ਚਖਣ ਤੁਰ ਪਏ। ਇਸ ਝੂਠੇ ਖ਼ਿਤਾਬ ਦੇ ਨਸ਼ੇ ਨੇ ਤੁਹਾਨੂੰ ਮੌਤ ਦੀ ਪਹਿਲੀ ਪਉੜੀ ਚਾੜ੍ਹ ਦਿਤਾ ਏ, ਜਿਥੋਂ ਹੁਣ ਤੁਹਾਥੋਂ ਮੁੜਿਆ ਨਹੀਂ ਜੇ ਜਾਣਾ।
Sutlej river
ਠਹਿਰੋ... ਸੋਚੋ... ਮੁੜ ਆਉ।'' ਪਰ ਤੇਰੀ ਕਿਸੇ ਨੇ ਨਾ ਸੁਣੀ ਤੇ ਅਸੀ 'ਤਰੱਕੀਆਂ' ਕਰਦੇ ਸਿਧੇ ਤੇਰੀਆਂ ਨਾਸਾਂ ਵਿਚ ਮਲ ਮੂਤਰ, ਫ਼ੈਕਟਰੀਆਂ ਦਾ ਕੂੜਾ ਕਬਾੜ, ਗੰਦੇ ਨਾਲਿਆਂ ਦਾ ਚਿੱਕੜ ਤੇ ਰਸਾਇਣ ਤੁੰਨਣ ਲੱਗੇ ਪਏ ਤਾਂ ਤੇਰਾ ਢਿੱਡ ਆਫਰ ਗਿਆ ਤੇ ਵਿਚੋਂ ਬੇਕਾਬੂ ਹੋ ਕੇ ਨਿਕਲਿਆ ਪਾਣੀ ਸਜ਼ਾ ਦੇ ਕੇ ਸੁਚੇਤ ਕਰਦਾ ਰਿਹਾ 'ਅਜੇ ਵੀ ਵੇਲਾ ਜੇ, ਸੰਭਲ ਜਾਉ', ਪਰ ਅਸੀ ਪੰਜਾਬੀ ਹਾਂ, ਹੱਦਾਂ ਪਾਰ ਕਰਨ ਵਾਲੇ।
ਉਹੋ... ਉਸ ਦਿਨ ਤਾਂ ਤੂੰ ਲਹੂ ਦੇ ਅਥਰੂ ਰੋਏ ਸੀ ਜਦੋਂ ਤੈਨੂੰ ਤੇਰੇ ਅਪਣਿਆਂ ਤੋਂ ਖੋਹ ਕੇ ਗ਼ੈਰਾਂ ਨਾਲ ਤੋਰ ਦਿਤਾ ਗਿਆ। ਤੂੰ ਭੁੱਬਾਂ ਮਾਰੀਆਂ, ਹਾੜੇ ਕੱਢੇ ''ਮੈਨੂੰ ਅਪਣੇ ਪੁੱਤਰਾਂ ਨੂੰ ਰੋਟੀ ਦੇਣ ਦਿਉ, ਹਾੜਾ ਜੇ ਮੇਰਾ ਪੰਜਾਬ ਮਾਰੂਥਲ ਬਣ ਜਾਵੇਗਾ... ਹਾੜਾ ਜੇ ਹਾੜਾ ਜੇ...।'' ਪਰ ਤੇਰੀ ਕੋਈ ਵਾਹ ਨਾ ਚੱਲੀ ਬਾਪੂ! ਜਦੋਂ ਤੇਰੇ ਰਖਵਾਲਿਆਂ ਹੀ, ਡੋਗਰਿਆਂ ਵਾਂਗ ਤੇਰੇ ਪੈਰੀਂ ਤੇ ਹੱਥੀਂ ਹੱਥਕੜੀ ਲਾ 'ਡਾਹਢਿਆਂ' ਨਾਲ ਤੋਰ ਅਪਣੇ ਤਖ਼ਤ ਦੇ ਪਾਵਿਆਂ ਦੁਆਲੇ ਪੱਕਾ ਪਲੱਸਤਰ ਕਰਵਾ ਲਿਆ।
sutlej river
ਵੇਖ ਲੈ ਬਾਪੂ! ਅੱਜ ਤੂੰ ਤਾਂ ਉਹੀ ਹੈਂ ਪਰ ਕਿਉਂ ਨਹੀਂ ਕੋਈ ਅੰਮ੍ਰਿਤ ਵੇਲੇ ਉਠ ਕੇ ਤੇਰੇ ਪਾਣੀਆਂ 'ਚ ਡੂੰਘਾ ਉਤਰ ਕੇ 'ਜਪੁ' ਪੜ੍ਹਦਿਆਂ ਸੁਰਤ ਉਸ ਅਕਾਲ ਪੁਰਬ ਨਾਲ ਜੋੜਦਾ? ਕਿਉਂ ਨਹੀਂ ਸਾਰੇ ਦਿਨ ਦੇ ਥੱਕੇ-ਟੁੱਟੇ ਤੇਰੇ ਵਾਹੀਵਾਨ ਪੁੱਤ ਢਲਦੀਆਂ ਸ਼ਾਮਾਂ ਨੂੰ ਤੇਰੇ 'ਚ ਟੁੱਭੀ ਲਾ ਕੇ ਅਪਣਾ ਥਕੇਵਾਂ ਲਾਹੁੰਦੇ? ਕਿਸੇ ਵੇਲੇ ਤਾਂ ਉਹ ਤੇਰੀ ਛਾਤੀ 'ਤੇ ਲੇਟ ਕੇ, ਮੂੰਹੋਂ 'ਰਹਿਰਾਸ' ਉਚਾਰਦੇ ਸਨ ਤੇ ਹੁਣ ਤਾਂ ਉਹ ਅਪਣੇ ਡੰਗਰਾਂ ਨੂੰ ਵੀ ਤੇਰਾ ਪਾਣੀ ਪੀਣ ਤੋਂ ਰੋਕਦੇ ਨੇ, ਤੇਰੇ ਪਾਣੀ ਜ਼ਹਿਰੀਲੇ ਜੁ ਹੋ ਗਏ ਨੇ ਸਤਲੁਜਾ!
Sutlej
ਅੱਜ ਤੂੰ ਅਪਣੇ ਘਰ 'ਚ ਹੀ ਬੇਕਦਰਾ ਹੋ ਬੈਠਾ ਏਂ। ਤੂੰ ਅੰਦਰੋ ਅੰਦਰ ਰੋਂਦਾ ਕਲਪਦਾ ਤੇ ਕਦੇ ਰੋਸ, ਕਦੇ ਗੁੱਸੇ ਨਾਲ ਉਬਲਦਾ ਏਂ ਤੇ ਫਿਰ ਕੰਢਿਆਂ ਤੋਂ ਬਾਹਰ ਹੋ ਸਜ਼ਾ ਦੇਣ ਤੁਰ ਪੈਂਦਾ ਏਂ। ਪਰ ਇਹ ਠੀਕ ਨਹੀਉਂ। ਜਿਨ੍ਹਾਂ ਨੇ ਤੇਰਾ ਸਤਿਆਨਾਸ ਕੀਤਾ ਏ, ਉੱਚੀਆਂ ਅਟਾਰੀਆਂ ਵਾਲਿਆਂ ਨੇ, ਕਦੋਂ ਆਉਂਦੇ ਨੇ ਤੇਰੀ ਮਾਰ ਹੇਠ? ਮਾਰ ਤਾਂ ਤੇਰੇ ਕਿਰਤੀ ਪੁੱਤਰਾਂ ਨੂੰ ਝੱਲਣੀ ਪੈਂਦੀ ਏ। ਨਾ ਬਾਪੂ! ਤੂੰ ਦਰਿਆ ਏਂ ਤੇ ਜਦੋਂ ਕਿਸੇ ਪਰਉਪਕਾਰੀ, ਖੁੱਲੇ ਦਿਲ ਅਤੇ ਸੁਭਾਅ, ਦਿਲ ਦੇ ਬਾਦਸ਼ਾਹ ਦੀ ਗੱਲ ਕਰਨੀ ਹੋਵੇ ਤਾਂ ਉਸ ਦੀ ਤੁਲਨਾ 'ਦਰਿਆਦਿਲ' ਕਹਿ ਕੇ ਤੇਰੇ ਨਾਲ ਕੀਤੀ ਜਾਂਦੀ ਹੈ।
ਗੁਰੂ ਸਹਿਬਾਨ ਨੇ ਵੀ ਤਾਂ 'ਤਿਨਾ ਦਰਿਆਵਾਂ ਸਿਉ ਦੋਸਤੀ' ਤੁਕ ਵਿਚ ਗੁਰਮੁਖਾਂ ਨੂੰ 'ਦਰਿਆ' ਨਾਲ ਤਸ਼ਬੀਹ ਦਿਤੀ ਏ। ਬਸ, ਬਖ਼ਸ਼ੀਂ ਅਪਣੇ ਭੁੱਲੜ ਧੀਆਂ ਪੁੱਤਰਾਂ ਨੂੰ... ਵਗਦਾ ਰਹੀਂ ਬਾਪੂ... ਯੁਗਾਂ-ਯੁਗਾਂ ਤਕ... ਇਸੇ ਤਰ੍ਹਾਂ ਸ਼ਾਂਤ ਸਥਿਰ, ਮਸਤ ਚਾਲੇ ਤੁਰਦਾ... ਮੇਰੇ ਵਤਨ ਦੀ ਧਰਤੀ ਨੂੰ ਸਿੰਜਦਾ ਹਰਿਆਲੀ ਬਿਖੇਰਦਾ ਰਹੀਂ ਬਾਪੂ... ਇਕੋ ਹਸਰਤ ਏ... ਫਿਰ ਕਦੇ ਤੈਨੂੰ ਨਿਰਮਲ, ਪਵਿੱਤਰ ਸਾਫ਼ ਸੁਥਰਾ ਖ਼ੁਸ਼ਬੂਆਂ ਵੰਡਦਾ ਵੇਖਾਂ.... ਮੇਰੇ ਪਿਆਰੇ ਸਤਲੁਜਾ... ਵਗਦਾ ਰਹੀਂ... ਵਗਦਾ ਰਹੀਂ...।''
Sutlej River
ਮੇਰੀਆਂ ਅੱਖਾਂ ਸਿਲ੍ਹੀਆਂ ਹੋ ਕੇ ਬੰਦ ਹੋ ਗਈਆਂ ਸੀ। ਇੰਝ ਅਹਿਸਾਸ ਹੋਇਆ ਜਿਵੇਂ ਸਤਲੁਜ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਆਖਿਆ ਹੋਵੇ, ''ਬੱਸ ਪੁੱਤਰਾ! ਬਸ। ਜਦੋਂ ਤਕ ਤੇਰੇ ਵਰਗੇ ਮੇਰਾ ਦਰਦ ਸਮਝਣ ਵਾਲੇ, ਵਤਨ ਪੰਜਾਬ ਦੀ ਮਿੱਟੀ ਨੂੰ ਮਾਂ ਸਮਝਣ ਵਾਲੇ, ਪਾਣੀਆਂ ਨੂੰ ਪਿਤਾ ਸਮਝ ਕੇ ਪਵਿੱਤਰ ਰੱਖਣ ਦਾ ਯਤਨ ਕਰਨ ਵਾਲੇ ਮੇਰੇ ਪੁੱਤਰ, ਮੇਰੇ ਕੋਲ ਨੇ, ਮੈਂ ਵਗਦਾ ਰਹਾਂਗਾ ਤੇ ਮੇਰੇ ਪੰਜਾਬ ਦੀ ਧਰਤੀ ਹਰੀ ਭਰੀ ਹੋ ਤੁਹਾਡੀ ਰੋਟੀ ਦਾ ਆਹਰ ਕਰਦੀ ਰਹੇਗੀ। ਮੇਰਾ ਫ਼ਿਕਰ ਕਰਨ ਵਾਲਾ ਕਰਤਾਰ ਮਨੁੱਖ ਨੂੰ ਗੰਦ ਪਾਉਣੋਂ ਰੋਕਣ ਤੇ ਮੇਰੇ ਪਾਣੀਆਂ ਨੂੰ ਪਵਿੱਤਰ ਕਰਨ ਲਈ 'ਕੋਰੋਨਾ' ਵਰਗੀਆਂ ਬਲਾਵਾਂ ਘਲਦਾ ਰਹੇਗਾ... ਬਸ ਮੇਰਾ ਬੱਚਾ... ਜਾਹ ਸੁਖੀ ਵੱਸ ਪੁੱਤ।'' ਉਦੋਂ ਹੀ ਸੁਖਮੀਤ ਸਿਹੁੰ ਕੋਲ ਆ ਕੇ ਆਂਹਦੈ ''ਕਿਥੇ ਵਗਾਚ ਗਏ ਹੋ ਸੰਧੂ ਸਾਹਬ? ਆਉ ਸ਼ਾਟ ਲਈਏ।''
- ਮੋਬਾਈਲ : 98721-77754