
ਅੰਨਾ ਹਜਾਰੇ ਨੂੰ ਮਨਾਉਣ ਲਈ ਭਾਜਪਾ ਆਗੂ ਸਰਗਰਮ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਲੀਹੋ ਲਾਹੁਣ ਲਈ ਸੱਤਾਧਾਰੀ ਧਿਰ ਨੇ ਪੂਰੀ ਤਾਕਤ ਝੋਕ ਦਿਤੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਸਰਕਾਰ ਦੇ ਹਰ ਹਰਬੇ ਨੂੰ ਪਿਛਲਪੈਰੀ ਕਰਦਿਆਂ ਅੰਦੋਲਨ ਨੂੰ ਹੋਰ ਤੇਜ਼ ਕਰਦੀਆਂ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਵੀ ਹਰ ਵਰਗ ਦਾ ਸਮਰਥਨ ਮਿਲਣ ਲੱਗਾ ਹੈ। ਅੰਨਾ ਹਜਾਰੇ ਦੇ ਤਾਜ਼ਾ ਐਲਾਨ ਨੂੰ ਇਸੇ ਸੰਦਰਭ ਵਿਚ ਵੇਖਿਆ ਜਾ ਰਿਹਾ ਹੈ। ਭੁਖ ਹੜਤਾਲ ਨੂੰ ਆਪਣੀ ਗੱਲ ਮਨਵਾਉਣ ਦੇ ਕਾਰਗਾਰ ਹਥਿਆਰ ਵਜੋਂ ਵੇਖਿਆ ਜਾਂਦਾ ਰਿਹਾ ਹੈ।
chila border
ਆਜ਼ਾਦੀ ਦੀ ਲੜਾਈ ਦੌਰਾਨ ਮਹਾਤਮਾ ਗਾਂਧੀ ਵਲੋਂ ਕੀਤੀਆਂ ਗਈਆਂ ਭੁੱਖ ਹੜਤਾਲਾਂ ਨੇ ਅੰਗਰੇਜ਼ਾਂ ਨੂੰ ਗੋਡਿਆ ਭਾਰ ਹੋਣ ਲਈ ਮਜ਼ਬੂਰ ਕਰ ਦਿਤਾ ਸੀ। ਇਸੇ ਤਰ੍ਹਾਂ ਪਿਛਲੀ ਯੂ.ਏ.ਪੀ. ਦੀ ਸਰਕਾਰ ਵੇਲੇ ਦਿੱਲੀ ਵਿਖੇ ਅੰਨਾ ਹਜਾਰੇ ਵਲੋਂ ਕੀਤੀ ਗਈ ਭੁੱਖ ਹੜਤਾਲ ਤੋਂ ਬਾਅਦ ਸੱਤਾਧਾਰੀ ਧਿਰ ਦੀ ਪੁਠੀ ਗਿਣਤੀ ਸ਼ੁਰੂ ਹੋ ਗਈ ਸੀ। ਇਸੇ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਅਤੇ ਬਾਬਾ ਰਾਮਦੇਵ ਜੋ ਉਸ ਵੇਲੇ ਤਕ ਸਿਰਫ਼ ਯੋਗ-ਗੁਰੂ ਵਜੋਂ ਜਾਣਿਆ ਜਾਂਦਾ ਸੀ, ਆਪਣੇ ਕਾਰੋਬਾਰੀ ਹਿਤਾਂ ਨੂੁੰ ਵਿਸ਼ਾਲਤਾ ਦੇਣ ਵਿਚ ਸਫਲ ਹੋ ਸਕਿਆ ਸੀ।
Ramdev
ਮੌਜੂਦਾ ਸਮੇਂ ਖੇਤੀ ਕਾਨੂੰਨਾਂ ਖਿਲਾਫ਼ ਸਰਕਾਰ ਨਾਲ ਆਢਾ ਲਾਈ ਬੈਠੇ ਅੰਨਦਾਤੇ ਵਲੋਂ ਇਕ ਵਾਰ ਫਿਰ ਭੁੱਖ ਹੜਤਾਲਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਅੰਨਦਾਤੇ ਵਲੋਂ ਅੰਨ ਤਿਆਗਣ ਨੂੰ ਭਾਵੇਂ ਸਮੇਂ ਦੀ ਸਰਕਾਰ ਅਜੇ ਤਕ ਅਣਗੌਲਿਆ ਕਰ ਰਹੀ ਹੈ, ਪਰ ਇਸ ਦੇ ਵਿਸ਼ਾਲ ਰੂਪ ਅਖਤਿਆਰ ਕਰਨ ਬਾਅਦ ਸਰਕਾਰ ਨੂੰ ਹੱਥਾਂ ਨਾਲ ਦਿਤੀਆਂ ਮੂੰਹ ਨਾਲ ਖੋਲ੍ਹਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਇਸ ਸਬੰਧੀ ਤਾਜ਼ਾ ਚਿਤਾਵਨੀ ਅੰਨਾ ਹਜ਼ਾਰੇ ਵਲੋਂ ਅੱਜ ਕਿਸਾਨਾਂ ਦੇ ਹੱਕ ਵਿਚ ਭੁੱਖ ਹੜਤਾਲ ਕਰਨ ਦੀ ਕੀਤੇ ਐਲਾਨ ਤੋਂ ਮਿਲ ਜਾਂਦੀ ਹੈ।
Anna Hazare
ਅੰਨਾ ਹਜ਼ਾਰੇ ਮੁਤਾਬਕ ਸਰਕਾਰ ਅੰਨਦਾਤੇ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੋ ਰਹੀ ਜਿਸ ਦੇ ਮੱਦੇਨਜ਼ਰ ਇਕ ਵਾਰ ਫਿਰ ਭੁੱਖ ਹੜਤਾਲ ਕਰਨ ਦੀ ਤਿਆਰੀ ਕਰ ਰਹੇ ਹਨ। ਅੰਨਾ ਹਜ਼ਾਰੇ ਵਲੋਂ ਭੁੱਖ ਹੜਤਾਲ ਦੇ ਨਾਲ-ਨਾਲ ਹੜਤਾਲ ਸਬੰਧੀ ਕੀਤੀ ਗਈ ਟਿੱਪਣੀ ਕਾਫੀ ਅਹਿਮ ਹੈ। ਅੰਨਾ ਹਜ਼ਾਰੇ ਮੁਤਾਬਕ ਇਹ ਭੁੱਖ ਹੜਤਾਲ ਉਨ੍ਹਾਂ ਦੀ ਜ਼ਿੰਦਗੀ ਦੀ ਆਖ਼ਰੀ ਭੁੱਖ ਹੜਤਾਲ ਹੋਵੇਗੀ।
Anna Hazare
ਅੰਨਾ ਹਜਾਰੇ ਭੁੱਖ ਹੜਤਾਲ ’ਤੇ ਕਿੱਥੇ ਅਤੇ ਕਦੋਂ ਬੈਠਣਗੇ, ਇਸ ਬਾਰੇ ਭਾਵੇਂ ਅਜੇ ਤਕ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ। ਅੰਨਾ ਹਜ਼ਾਰੇ ਮੁਤਾਬਕ ਉਹ ਦਿੱਲ, ਮੁੰਬਈ, ਜਾਂ ਉਨ੍ਹਾਂ ਦੇ ਪਿੰਡ ਰਾਲੇਗਣ ਸਿੱਧੀ ਵਿਚ ਭੁੱਖ ਹੜਤਾਲ ’ਤੇ ਬੈਠ ਸਕਦੇ ਹਨ। ਅੰਨਾ ਹਜਾਰੇ ਦੇ ਇਸ ਐਲਾਨ ਤੋਂ ਬਾਅਦ ਸੱਤਾਧਾਰੀ ਧਿਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਕੱਲ੍ਹ, ਭਾਜਪਾ ਦੇ ਕੁਝ ਵੱਡੇ ਆਗੂਆਂ ਨੇ ਅੰਨਾ ਨਾਲ ਮੁਲਾਕਾਤ ਕਰ ਕੇ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਸਫ਼ਾਈ ਦਿਤੀ ਹੈ। ਭਾਜਪਾ ਆਗੂਆਂ ਮੁਤਾਬਕ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ, ਇਸ ਲਈ ਭੁੱਖ ਹੜਤਾਲ ਦੀ ਜ਼ਰੂਰਤ ਨਹੀਂ ਹੈ। ਦੂਜੇ ਪਾਸੇ ਅੰਨਾ ਹਜਾਰੇ ਨੇ ਭੁੱਖ ਹੜਤਾਲ ਹਰ ਹਾਲਤ ’ਚ ਕਰਨ ਦਾ ਐਲਾਨ ਕਰ ਦਿਤਾ ਹੈ।
Kisan Unions
ਕਾਬਲੇਗੌਰ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨ ਆਗੂਆਂ ਵਲੋਂ ਬੀਤੇ ਦਿਨਾਂ ਦੌਰਾਨ ਲੜੀਵਾਰ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮੰਗਲਵਾਰ ਨੂੰ ਵੀ ਕਿਸਾਨ ਆਗੂਆਂ ਨੇ ਭੁੱਖ ਹੜਤਾਲ ’ਤੇ ਬੈਠੇ ਸਨ। ਜੇਕਰ ਅੰਨਾ ਹਜਾਰੇ ਵੀ ਭੁੱਖ ਹੜਤਾਲ ’ਤੇ ਬੈਠ ਜਾਂਦੇ ਹਨ ਤਾਂ ਇਸ ਇਕ ਲਹਿਰ ਦਾ ਰੂਪ ਅਖਤਿਆਰ ਕਰ ਸਕਦਾ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ਅੰਨਾ ਸਮਰਥਕਾਂ ਸਮੇਤ ਹੋਰ ਧਿਰਾਂ ਵਲੋਂ ਵੀ ਭੁੱਖ ਹੜਤਾਲ ’ਤੇ ਬੈਠਣ ਦਾ ਸਿਲਸਿਲਾ ਅਰੰਭਿਆ ਜਾ ਸਕਦਾ ਹੈ।