
ਕਿਸਾਨ ਸੰਘਰਸ਼ ਦੀ ਜਿੱਤ ਅਤੇ ਸ਼ਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਵਿਖੇ ਕੀਤੀ ਅਰਦਾਸ
ਅੰਮ੍ਰਿਤਸਰ: ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਜ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਕਿਸਾਨ ਸੰਘਰਸ਼ ਦੀ ਜਿੱਤ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਸਮਰਥਕ ਹਾਜ਼ਰ ਹੋਏ।
BSP Leaders at Darbar Sahib
ਇਸ ਮੌਕੇ ਪੰਜਾਬ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਕਿਸਾਨ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 26 ਦਿਨਾਂ ਤੋਂ ਰਾਜਧਾਨੀ ਦਿੱਲੀ ਵਿਖੇ ਆਪਣਾ ਪੱਖ ਰੱਖਣ ਗਏ ਹੋਏ ਹਨ। ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰੇਂਗੀ। ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਖੌਤੀ ਪ੍ਰਧਾਨ ਸੇਵਕ ਭਗਵਾਂਕਾਰੀ ਤੇ ਸਰਮਾਏਦਾਰੀ ਨੀਤੀਆਂ ਦੀ ਪਾਲਣਾ ਪੋਸ਼ਣਾ ਹਿਤ ਕਿਸਾਨ ਸੰਘਰਸ਼ ਨਾਲ ਨਿੱਤ ਨਵੀਆਂ ਝੇਡਾਂ ਕਰ ਰਹੇ ਹਨ।
PM MODI
ਤਾਜ਼ਾ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂਦੁਆਰਾ ਰਕਾਬ ਗੰਜ ਵਿਖੇ ਨਤਮਸਤਕ ਹੋਣ ਗਏ। ਬਸਪਾ ਦਾ ਮੰਨਣਾ ਹੈ ਕਿ ਗੁਰੂਆਂ ਨੂੰ ਨਤਮਸਤਕ ਹੋਣ ਗੁਰੂ ਘਰ ਕੋਈ ਵੀ ਜਾ ਸਕਦਾ ਹੈ, ਪਰ ਪ੍ਰਧਾਨ ਮੰਤਰੀ ਦੱਸੇ ਕਿ ਪਿਛਲੇ 8 ਸਾਲਾਂ ਦੀ ਸਰਕਾਰ ਵਿਚ ਕਿਸ ਇਤਹਾਸਿਕ ਦਿਹਾੜੇ ਮੌਕੇ ਦਿੱਲੀ ਵਿਖੇ ਨਤਮਸਤਕ ਹੋਣ ਗਏ। ਭਾਜਪਾ ਸਰਕਾਰ ਦੀ ਪਿਛਲੀ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿਚ ਸਿੱਖ ਚੇਹਰਿਆਂ ਨਾਲ ਮੁਲਾਕਾਤ ਕਰਕੇ ਕਿਸਾਨ ਸੰਘਰਸ਼ ਨੂੰ ਛੋਟਾ ਕਰਨ ਦੀ ਕੋਝੀ ਹਰਕਤ ਕਰ ਰਿਹਾ ਸੀ।
FARMER
ਇਸ ਲੜੀ ਵਿਚ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਜਾਂ ਵਿਦੇਸ਼ੀ ਫੰਡਿੰਗ ਵਰਗੀਆਂ ਅਫਵਾਹਾਂ ਫੈਲਾਅ ਕੇ ਕੋਝੀਆਂ ਹਰਕਤਾਂ ਦਾ ਕਾਲਾ ਇਤਿਹਾਸ ਭਾਜਪਾ ਸਰਕਾਰ ਲਿਖ ਰਹੀ ਹੈ। ਜਦਕਿ ਪਿਛਲੇ ਚਾਰ ਮਹੀਨਿਆਂ ਕਿਸਾਨ ਪੰਜਾਬ ਹਰਿਆਣਾ ਅਤੇ ਅੱਜ ਪੂਰੇ ਦੇਸ਼ ਵਿਚ ਕਹਿਰ ਦੀਆ ਠੰਡੀਆਂ ਹੱਡ ਕੜਕਣ ਵਾਲੀਆਂ ਰਾਤਾਂ ਵਿੱਚ ਬਜ਼ੁਰਗਾਂ, ਔਰਤਾਂ ਤੇ ਬੱਚਿਆ ਸਮੇਤ ਸੰਘਰਸ਼ ਕਰ ਰਹੇ ਹਨ।
FARMER PROTEST
ਉਹਨਾਂ ਕਿਹਾ ਭਾਜਪਾ ਸਰਕਾਰ ਦੇਸ਼ਵਾਸੀਆਂ ਨੂੰ ਦੁਰਕਾਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਸ ਬੇਗਾਨਗੀ ਵਿਚ ਸੰਘਰਸ਼ ਦੌਰਾਨ 30 ਤੋਂ ਜਿਆਦਾ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ, ਜਿਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਅਰਦਾਸ ਕੀਤੀ ਗਈ। ਇਸ ਸੰਘਰਸ਼ ਲਈ ਬਸਪਾ ਪੰਜਾਬ ਵਿਚ ਕਿਸਾਨ ਅੰਦੋਲਨ ਦੇ ਜਨਸਮਰਥਨ ਲਈ ਲਗਾਤਾਰ ਜਨ ਸੰਪਰਕ ਪਰਚਾਰ ਮੁਹਿੰਮ ਜਾਰੀ ਰੱਖੇਗੀ।