
ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲਾਂਗ ਦੀ ਨਵੀਂ 7 ਮੰਜ਼ਿਲਾ ਇਮਾਰਤ ਸੰਗਤਾਂ ਦੇ ਹਵਾਲੇ ਕਰ ਦਿੱਤੀ ਗਈ ਹੈ
ਅੰਮ੍ਰਿਤਸਰ - ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ 'ਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੁੜ ਉਸਾਰ ਕੇ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। 2018 'ਚ ਸ਼ਿਲਾਂਗ ਵਿਚ ਵੱਸੇ ਸਿੱਖ ਪਰਿਵਾਰਾਂ ਨੂੰ ਨੋਟਿਸ ਦੇ ਕੇ ਸਰਕਾਰ ਵੱਲੋਂ ਉਜਾੜਨ ਦੀ ਤਿਆਰੀ ਨੂੰ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਸਾਂਝੇ ਯਤਨ ਕਰਕੇ ਕਾਨੂੰਨੀ ਲੜਾਈ ਲੜੀ ਉੱਥੇ ਹੀ ਸਰਕਾਰ 'ਤੇ ਦਬਾਅ ਬਣਾ ਕੇ ਸਿੱਖਾਂ ਨੂੰ ਉੱਥੇ ਵਸਾਉਣ ਦੇ ਯਤਨ ਆਰੰਭੇ ਹਨ।
ਇਨ੍ਹਾਂ ਯਤਨਾਂ ਸਦਕਾ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲਾਂਗ ਦੀ ਨਵੀਂ 7 ਮੰਜ਼ਿਲਾ ਇਮਾਰਤ ਸੰਗਤਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 200 ਸਾਲ ਤੋਂ ਸ਼ਿਲਾਂਗ `ਚ ਸਿੱਖ ਪਰਿਵਾਰ ਵਸੇ ਹੋਏ ਹਨ। ਇਸ ਸਮੇਂ ਇਨ੍ਹਾਂ ਪਰਿਵਾਰਾਂ ਦੀ ਗਿਣਤੀ 400 ਦੇ ਕਰੀਬ ਹੈ। ਸਰਕਾਰ ਨਾਲ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਲਗਾਤਾਰ ਰਾਬਤਾ ਰੱਖ ਕੇ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਥਾਂ ਦਾ ਮਾਲਕਾਨਾ ਹੱਕ ਦਿਵਾਉਣ ਲਈ ਯਤਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ
ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲਾਂਗ ਦੀ ਨਵੀਂ ਇਮਾਰਤ ਦੀ ਅਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਦਿੱਲੀ ਕਮੇਟੀ ਦੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋਂ, ਬਾਬਾ ਅਵਤਾਰ ਸਿੰਘ, ਬਾਬਾ ਮੇਜਰ ਸਿੰਘ ਸ਼ਿਲਾਂਗ ਦੇ ਪ੍ਰਦਾਨ ਗੁਰਜੀਤ ਸਿੰਘ ਨੇ ਸ੍ਰੀ ਅਖੰਡ ਪਾਠ ਸਾਹਬਿ ਦੇ ਭੋਗ ਤੇ ਅਰਦਾਸ ਤੋਂ ਬਾਅਦ ਗੁਰੂ ਨਾਨਕ ਦਰਬਾਰ ਸੰਗਤਾਂ ਨੂੰ ਸਮਰਪਿਤ ਕੀਤਾ। ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਕੋਹਾੜਕਾ, ਭਾਈ ਸ਼ੌਕੀਨ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ ਅਤੇ ਭਾਈ ਵਰਿਆਮ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਦੁਆਰੇ ਦੀ ਮਹੱਤਤਾ ਦੱਸੀ।
ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲੇ ਪਰਿਵਾਰ ਦੇ ਚਾਰ ਜੀਅ, ਘਰ ਵਿਚ ਰਹਿ ਗਈ ਇਕ ਵਿਧਵਾ ਅਤੇ ਦੋ ਬੱਚੇ
ਇਸ ਮੌਕੇ ਅੰਮ੍ਰਿਤ ਸੰਚਾਰ 'ਚ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤਪਾਨ ਕੀਤਾ। ਸਮਾਗਮ 'ਚ ਗੁਹਾਟੀ, ਸਿਲੀਗੁੜੀ, ਨਾਨਕ ਝੀਰਾ, ਦਿਬੜੀਗੜ੍ਹ ਆਦਿ ਤੋਂ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਲਈ ਪਹੁੰਚੀਆਂ ਸਨ। ਇਸ ਮੌਕੇ ਹਰਜੀਤ ਸਿੰਘ, ਪਰਮਿੰਦਰ ਸਿੰਘ ਲੱਕੀ, ਗੁਰਮੀਤ ਸਿੰਘ ਭਾਟੀਆ, ਮੇਹਰ ਸਿੰਘ ਆਦਿ ਮੌਜੂਦ ਸਨ।