
ਉਦਯੋਗਿਕ ਵਿਕਾਸ ਲਈ ਪਹਿਲਕਦਮੀਆਂ ਕਰਨ ਵਾਸਤੇ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ
ਮੁਹਾਲੀ (ਅਨਿਲ ਭਾਰਦਵਾਜ) : ਪੰਜਾਬ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਪ੍ਰਤੀ ਹੁੰਗਾਰਾ ਭਰਦਿਆਂ ਦੇਸ਼ ਭਰ ਦੇ ਉੱਘੇ ਉਦਯੋਗਪਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਅਹਿਮ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।
ਪੰਜਾਬ ਉੱਦਮ ਦੀ ਧਰਤੀ: ਰਾਕੇਸ਼ ਭਾਰਤੀ ਮਿੱਤਲ
ਭਾਰਤੀ ਗਰੁੱਪ ਦੇ ਉਪ-ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ, “ਮੈਂ ਲੁਧਿਆਣਾ ਤੋਂ ਇਕ ਪੰਜਾਬੀ ਹਾਂ ਅਤੇ ਪੰਜਾਬ ਨੂੰ ਮੁੱਖ ਮੰਤਰੀ ਤੋਂ ਬਹੁਤ ਉਮੀਦਾਂ ਹਨ। ਪੰਜਾਬ ਉੱਦਮ ਦੀ ਧਰਤੀ ਹੈ, ਪੰਜਾਬੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਸਖ਼ਤ ਮਿਹਨਤ ਕਰਨਾ ਪਸੰਦ ਕਰਦੇ ਹਨ। ਦੇਸ਼ ਦੀ ਖੁਰਾਕ ਸੁਰੱਖਿਆ ਵਿਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ। ਕੇਂਦਰੀ ਬਜਟ ਵਿਚ ਭੋਜਨ ਭੰਡਾਰਨ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਸਰਵਿਸ ਸੈਕਟਰ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਰਤੀ ਨੇ 15,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ 50,000 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਏਅਰਟੈੱਲ ਜਲਦੀ ਹੀ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਤੋਂ ਸ਼ੁਰੂ ਹੋਣ ਵਾਲੀ 5ਜੀ ਸੇਵਾਵਾਂ ਸ਼ੁਰੂ ਕਰੇਗੀ”। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਦੀ ਮੋਬਾਈਲ ਟਾਵਰ ਨੀਤੀ ਦੀ ਉਡੀਕ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਸੰਮੇਲਨ ਵਿਚ ਇਸ ਦਾ ਐਲਾਨ ਕਰਨ ਦੀ ਅਪੀਲ ਕੀਤੀ। ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਘਰੇਲੂ ਉਤਪਾਦ (ਜੀ.ਐਸ.ਡੀ.ਪੀ.) ਵਿਚ ਵਾਧਾ ਪੰਜਾਬ ਦੀ ਕਾਇਆ-ਕਲਪ ਨੂੰ ਦਰਸਾਉਂਦਾ ਹੈ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਸੂਬੇ ਦੀ ਬਿਹਤਰੀ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਨ ਲਈ ਵੀ ਵਧਾਈ ਦਿੱਤੀ।
ਮੈਂ ਪੰਜਾਬ ਲਈ ਵਫ਼ਾਦਾਰ ਹਾਂ: ਡਾ. ਨਰੇਸ਼ ਤ੍ਰੇਹਨ
ਮੇਦਾਂਤਾ ਗਰੁੱਪ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਕਿਹਾ, “2009 ਵਿਚ ਅਸੀਂ ਦੇਸ਼ ਵਿਚ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਲਿਆਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਪੰਜਾਬ ਵਿਚ ਇਕ ਹਸਪਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੈਂ ਪੰਜਾਬ ਲਈ ਵਫ਼ਾਦਾਰ ਹਾਂ ਕਿਉਂਕਿ ਮੈਂ ਅੰਮ੍ਰਿਤਸਰ ਤੋਂ ਹਾਂ ਅਤੇ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੰਸ਼ ਨਾਲ ਸਬੰਧਤ ਹਾਂ। ਉਹ ਵੀ ਤ੍ਰੇਹਨ ਸਨ। ਪੰਜਾਬ ਲਈ ਕੁਝ ਕਰਨਾ ਮੇਰੀ ਇੱਛਾ ਹੈ ਅਤੇ ਮੈਂ ਇਸ ਲਈ ਹਰ ਵਿਕਲਪ ਲੱਭਾਂਗਾ। ਇਹ ਸੰਮੇਲਨ ਨੌਜਵਾਨਾਂ ਲਈ ਨਵੀਂ ਉਮੀਦ ਜਗਾਉਂਦਾ ਹੈ, ਪੰਜਾਬ ਦਾ ਭਵਿੱਖ ਬਹੁਤ ਉੱਜਵਲ ਹੈ”।
ਡਾ. ਤ੍ਰੇਹਨ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਸੂਬਿਆਂ ਵਿਚ ਹਸਪਤਾਲ ਖੋਲ੍ਹੇ, ਜਿਨ੍ਹਾਂ ਨੂੰ ‘ਬਿਮਾਰੂ ਸੂਬਾ’ ਕਿਹਾ ਜਾਂਦਾ ਸੀ। ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਇੰਦੌਰ ਵਿਚ ਸੁਪਰ ਸਪੈਸ਼ਲਿਸਟ ਹਸਪਤਾਲ ਖੋਲ੍ਹਣ ਵਾਲੇ ਡਾ. ਤ੍ਰੇਹਨ ਨੇ ਕਿਹਾ ਕਿ ਪੰਜਾਬ ਕੋਈ ਬਿਮਾਰ ਸੂਬਾ ਨਹੀਂ ਹੈ ਪਰ ਇੱਥੇ ਵੱਡੀਆਂ ਸੰਭਾਵਨਾਵਾਂ ਹਨ। ਡਾ. ਤ੍ਰੇਹਨ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਬਾਵਜੂਦ ਸੂਬੇ ਦੇ ਉਦਯੋਗਿਕ ਖੇਤਰ ਵਿਚ ਬਹੁਤ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੁੱਖ ਮੰਤਰੀ ਪ੍ਰਗਤੀਸ਼ੀਲ ਪੰਜਾਬ ਦੀ ਆਸ ਦੇ ਪ੍ਰਤੀਕ ਹਨ। ਉਹਨਾਂ ਕਿਹਾ ਕਿ ਉਹਨਾਂ ਦੀਆਂ ਜੜ੍ਹਾਂ ਪੰਜਾਬ ਵਿਚ ਡੂੰਘੀਆਂ ਹਨ ਅਤੇ ਸੂਬਾ ਸਰਕਾਰ ਦੇ ਸਰਗਰਮ ਸਹਿਯੋਗ ਨਾਲ ਉਹ ਸੂਬੇ ਦੇ ਸਿਹਤ ਖੇਤਰ ਵਿਚ ਨਿਵੇਸ਼ ਕਰਨ ਦੇ ਮੌਕੇ ਤਲਾਸ਼ ਰਹੇ ਹਨ।
ਗੋਦਰੇਜ ਪੰਜਾਬੀਆਂ ਦੀ ਪਹਿਲੀ ਪਸੰਦ-ਨਿਸਾਬਾ ਗੋਦਰੇਜ
ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੀ ਕਾਰਜਕਾਰੀ ਚੇਅਰਪਰਸਨ ਨਿਸਾਬਾ ਗੋਦਰੇਜ ਨੇ ਕਿਹਾ ਕਿ ਮੇਰੇ ਮਾਤਾ ਪਟਿਆਲਾ ਤੋਂ ਸਨ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਹਿੱਸ ਬਣ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਕਿਹਾ, "ਗੋਦਰੇਜ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਅਤੇ ਅਸੀਂ ਸੂਬੇ ਵਿਚ ਆਪਣਾ ਨਿਵੇਸ਼ ਜਾਰੀ ਰੱਖਣ ਲਈ ਵਚਨਬੱਧ ਹਾਂ।" ਉਹਨਾਂ ਨੇ ਸੂਬੇ ਦੀ ਕਾਇਆ-ਕਲਪ ਕਰਨ ਲਈ ਮੁੱਖ ਮੰਤਰੀ ਦੀ ਪੇਸ਼ੇਵਰ ਅਤੇ ਉਦਯੋਗਿਕ ਪੱਖੀ ਪਹੁੰਚ ਦੀ ਵੀ ਸ਼ਲਾਘਾ ਕੀਤੀ। ਗੋਦਰੇਜ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ‘ਸਕੂਲ ਆਫ਼ ਐਮੀਨੈਂਸ’ ਸਥਾਪਤ ਕਰਨ ਲਈ ਸੂਬਾ ਸਰਕਾਰ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਇਕੱਠ ਨੂੰ ਸੰਬੋਧਨ ਕਰਦਿਆਂ ਆਈਟੀਸੀ ਗਰੁੱਪ ਦੇ ਚੇਅਰਮੈਨ ਅਤੇ ਐਮ.ਜੀ. ਸੰਜੀਵ ਪੁਰੀ ਨੇ ਮੁੱਖ ਮੰਤਰੀ ਦੇ ਅਣਥੱਕ ਯਤਨਾਂ ਸਦਕਾ ਸੂਬੇ ਵਿਚ ਸਿਰਜੇ ਉਦਯੋਗਿਕ ਪੱਖੀ ਮਾਹੌਲ ਦੀ ਸ਼ਲਾਘਾ ਕੀਤੀ। ਉਹਨਾਂ ਨੇ ਪੰਜਾਬ ਵਿਚ ਸਰਕਾਰ ਅਤੇ ਲੋਕਾਂ ਦਰਮਿਆਨ ਪੈਦਾ ਹੋਏ ਆਪਸੀ ਕੰਮਕਾਜੀ ਮਾਹੌਲ ਦੀ ਵੀ ਸ਼ਲਾਘਾ ਕੀਤੀ। ਸੰਜੀਵ ਪੁਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਅਤੇ ਮੁੱਖ ਮੰਤਰੀ ਦੇ ਸੂਬੇ ਦੀ ਕਾਇਆ ਕਲਪ ਕਰਨ ਦੇ ਵਿਜ਼ਨ ਸਦਕਾ ਪੰਜਾਬ ਨਿਵੇਸ਼ ਲਈ ਤਰਜੀਹੀ ਸਥਾਨ ਬਣ ਗਿਆ ਹੈ।
ਮੁਰੂਗੱਪਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਮੁਰੂਗੱਪਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਾਰਥਕ ਤੇ ਅਨੁਕੂਲ ਨੀਤੀਆਂ ਦੇ ਨਾਲ ਉੱਚ ਪੱਧਰੇ ਬੁਨਿਆਦੀ ਢਾਂਚੇ ਕਾਰਨ ਹੀ ਪੰਜਾਬ ਬਦਲਾਅ ਦੀ ਦਹਿਲੀਜ਼ ‘ਤੇ ਖੜਾ ਹੈ। ਉਹਨਾਂ ਸੂਬਾ ਸਰਕਾਰ ਵੱਲੋਂ ਮਨਜ਼ੂਰੀ ਦੇਣ ਹਿੱਤ ਉਪਲਬਧ ਕਰਵਾਏ ਜਾ ਰਹੇ ਸਿੰਗਲ ਵਿੰਡੋ ਸਿਸਟਮ ਦੀ ਵੀ ਸ਼ਲਾਘਾ ਕੀਤੀ। ਅਰੁਣ ਮੁਰੂਗੱਪਨ ਨੇ ਵਿਆਪਕ ਇਲੈਕਟ੍ਰਿਕ ਵਾਹਨ ਨੀਤੀ ਦੀ ਸ਼ੁਰੂਆਤ ਕਰਨ ਲਈ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ। ਆਪਣੇ ਸੰਬੋਧਨ ਦੌਰਾਨ ਕਾਰਗਿਲ ਇੰਡੀਆ ਦੇ ਮੁਖੀ ਸਾਈਮਨ ਜਾਰਜ ਨੇ ਕਿਹਾ ਕਿ ਸੂਬੇ ਵਿਚ ਕੰਮ ਕਰਨ ਦਾ ਤਜਰਬਾ ਬੇਮਿਸਾਲ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੀਆਂ ਸਨਅਤ ਪੱਖੀ ਨੀਤੀਆਂ ਸਦਕਾ ਉਹਨਾਂ ਵੱਲੋਂ ਆਉਣ ਵਾਲੇ ਦੋ ਸਾਲਾਂ ਵਿਚ ਆਪਣਾ ਨਿਵੇਸ਼ ਦੁੱਗਣਾ ਕਰ ਦਿੱਤਾ ਜਾਵੇਗਾ। ਜਾਰਜ ਨੇ ਕਈ ਨਿਵੇਕਲੀਆਂ ਪਹਿਲਕਦਮੀਆਂ ਦਾਆਗਾਜ਼ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਵੀ ਕੀਤੀ।
ਆਰ.ਜੇ. ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਰਵੀਕਾਂਤ ਜੈਪੁਰੀਆ ਨੇ ਆਪਣੇ ਸੰਬੋਧਨ ਵਿਚ ਸੂਬਾ ਸਰਕਾਰ ਦਾ ਉਹਨਾਂ ਦੇ ਪ੍ਰਾਜੈਕਟਾਂ ਲਈ ਭਰਪੂਰ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਸਦਕਾ ਪੰਜਾਬ ਹੁਣ ਉਦਯੋਗਿਕ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟਣ ਲਈ ਤਿਆਰ ਹੈ। ਰਵੀਕਾਂਤ ਜੈਪੁਰੀਆ ਨੇ ਉਦਯੋਗਪਤੀਆਂ ਨੂੰ ਸੂਬੇ ਵਿਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਕਿਹਾ। ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਡਾਇਰੈਕਟਰ ਰਾਜੇਸ਼ ਜੇਜੂਰੀਕਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਮਿਹਨਤੀ ਅਤੇ ਸਮਰਪਿਤ ਲੋਕਾਂ ਦੀ ਧਰਤੀ ਹੈ, ਇਸ ਦੇ ਨਾਲ ਹੀ ਇੱਥੇ ਸਨਅਤਕਾਰਾਂ ਦੇ ਵਿਕਾਸ ਲਈ ਉਸਾਰੂ ਮਾਹੌਲ ਵੀ ਮੌਜੂਦ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਗਰੁੱਪ ਵੱਲੋਂ ਪਹਿਲਾਂ ਹੀ ਸੂਬੇ ਵਿਚ ਬਹੁਤ ਚੋਖਾ ਨਿਵੇਸ਼ ਕੀਤਾ ਗਿਆ ਹੈ। ਉਹਨਾਂ ਨੇ ਸੂਬੇ ਨੂੰ ਉਦਯੋਗਿਕ ਹੱਬ ਵਿਚ ਤਬਦੀਲ ਕਰਨ ਦੇ ਮੁੱਖ ਮੰਤਰੀ ਦੇ ਸੁਪਨੇ ਅਤੇ ਸੂਬੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿੰਗਲ ਵਿੰਡੋ ਕਲੀਅਰੈਂਸ ਵਰਗੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ। ਸ੍ਰੀ ਰਾਜੇਸ਼ ਨੇ ਕਿਹਾ ਕਿ ਉਹ ਇਸ ਕਾਮਯਾਬੀ ਲਈ ਪੰਜਾਬ ਦੇ ਲੋਕਾਂ ਅਤੇ ਸਰਕਾਰ ਦੇ ਦਿਲੋਂ ਸ਼ੁਕਰਗੁਜ਼ਾਰ ਹਨ। ਉਹਨਾਂ ਅੱਗੇ ਕਿਹਾ ਕਿ ਉਦਯੋਗਿਕ ਪੱਖੀ ਅਤੇ ਅਗਾਂਹਵਧੂ ਸੋਚ ਵਾਲੀਆਂ ਨੀਤੀਆਂ ਉਪਲਬਧ ਕਰਵਾ ਕੇ ਅਜਿਹਾ ਮਾਣਮੱਤਾ ਮੌਕਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹਨ।
ਇਸ ਦੌਰਾਨ ਐਚ.ਐਮ.ਈ.ਐਲ. ਦੇ ਬੋਰਡ ਆਫ਼ ਡਾਇਰੈਕਟਰ ਪ੍ਰਭ ਦਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਨਿਵੇਸ਼ਕਾਂ ਦੀ ਸਹੂਲਤ ਲਈ ਕਈ ਲਾਭਕਾਰੀ ਉਪਰਾਲੇ ਕੀਤੇ ਹਨ, ਜੋ ਸ਼ਲਾਘਾਯੋਗ ਹਨ। ਪ੍ਰਭ ਦਾਸ ਨੇ ਕਿਹਾ ਕਿ ਲੋਕਾਂ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨੇ ਉਹਨਾਂ ਨੂੰ ਪੰਜਾਬ ਵਿਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ। ਚੇਅਰਮੈਨ ਸੀ.ਆਈ.ਆਈ. ਅੰਸ਼ੂਮਨ ਮੈਗਜ਼ੀਨ ਨੇ ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਹ ਸੰਮੇਲਨ ਸਫ਼ਲ ਰਿਹਾ ਕਿਉਂਕਿ ਇਸ ਦੌਰਾਨ ਹੋਈ ਵਿਚਾਰ-ਚਰਚਾ ਬਹੁਤ ਲਾਭਕਾਰੀ ਰਹੀ। ਉਹਨਾਂ ਕਿਹਾ ਕਿ ਪੰਜਾਬ ਵਿਚ ਉਦਯੋਗਿਕ ਖੇਤਰ ਵਾਸਤੇ ਵੱਡੀਆਂ ਸੰਭਾਵਨਾਵਾਂ ਮੌਜੂਦ ਹੈ ਅਤੇ ਅਜਿਹੇ ਸੰਮੇਲਨ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।