
ਭਾਜਪਾ ਸਾਂਸਦਾਂ ਨੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ
ਨਵੀਂ ਦਿੱਲੀ, 22 ਮਾਰਚ : ਲੋਕ ਸਭਾ ਵਿਚ ਭਾਜਪਾ ਮੈਂਬਰਾਂ ਨੇ ਮਹਾਂਰਾਸ਼ਟਰ ਦੇ ਇਕ ਪੁਲਿਸ ਅਧਿਕਾਰੀ ਵਲੋਂ ਸੂਬੇ ਦੇ ਗ੍ਰਹਿ ਮੰਤਰੀ ਵਿਰੁਧ ਲਗਾਏ ਗਏ ਦੋਸ਼ਾਂ ਦਾ ਮੁੱਦਾ ਸੋਮਵਾਰ ਨੂੰ ਚੁਕਿਆ ਅਤੇ ਇਸ ਮਾਮਲੇ ਵਿਚ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ | ਭਾਜਪਾ ਸਾਂਸਦਾਂ ਨੇ ਜਿਥੇ ਇਸ ਨੂੰ ਬਹੁਤ ਗੰਭੀਰ ਮਾਮਲਾ ਦਸਦੇ ਹੋਏ ਮਹਾਂਰਾਸ਼ਟਰ ਦੇ ਮੁੱਖ ਮੰਤਰੀ 'ਤੇ ਚੁੱਪ ਵੱਟਣ ਦਾ ਦੋਸ਼ ਲਗਾਇਆ, ਉਥੇ ਹੀ ਸ਼ਿਵਸੈਨਾ ਅਤੇ ਕਾਂਗਰਸ ਨੇ ਕੇਂਦਰ 'ਤੇ ਮਹਾਂਰਾਸ਼ਟਰ ਸਰਕਾਰ ਨੂੰ ਡੇਗਣ ਦਾ ਯਤਨ ਕਰਨ ਦਾ ਦੋਸ਼ ਲਗਾਇਆ |
ਸਿਫ਼ਰ ਕਾਲ ਵਿਚ ਇਸ ਮੁੱਦੇ ਨੂੰ ਚੁਕਦੇ ਹੋਏ ਭਾਜਪਾ ਦੇ ਮਨੋਜ ਕੋਟਕ ਨੇ ਕਿਹਾ ਕਿ ਮਹਾਂਰਾਸ਼ਟਰ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਥੋਂ ਦੇ ਗ੍ਰਹਿ ਮੰਤਰੀ ਵਿਰੁਧ ਉਗਰਾਹੀ ਸਬੰਧੀ ਗੰਭੀਰ ਦੋਸ਼ ਲਗਾਏ ਹਨ ਅਤੇ ਮੁੱਖ ਮੰਤਰੀ ਨੇ ਹਾਲੇ ਤਕ ਇਸ ਮਾਮਲੇ ਵਿਚ ਇਕ ਵੀ ਸ਼ਬਦ ਨਹੀਂ ਬੋਲਿਆ | ਮੁੰਬਈ ਤੋਂ ਲੋਕ ਸਭਾ ਮੈਂਬਰ ਕੋਟਕ ਨੇ ਦਾਅਵਾ ਕੀਤਾ ਕਿ ਮਹਾਂਰਾਸ਼ਟਰ ਦੇ ਲੋਕਾਂ ਵਿਚ ਧਾਰਨਾ ਹੈ ਕਿ ਸਰਕਾਰ ਦਾ ਇਸਤੇਮਾਲ ਵਪਾਰੀਆਂ ਨੂੰ ਡਰਾਉਣ ਲਈ ਹੋ ਰਿਹਾ ਹੈ ਅਤੇ ਇਸ ਵਿਚ ਅਧਿਕਾਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ |
ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ | ਭਾਜਪਾ ਦੇ ਰਾਕੇਸ਼ ਸਿੰਘ ਨੇ ਕਿਹਾ ਕਿ,''ਕਿਤੇ ਮਹਾਂਰਾਸ਼ਟਰ ਸਰਕਾਰ ਨੂੰ ਇਹ ਡਰ ਤਾਂ ਨਹੀਂ ਕਿ ਗ੍ਰਹਿ ਮੰਤਰੀ ਇਹ ਪ੍ਰਗਟਾਵਾ ਕਰ ਦੇਣਗੇ ਕਿ ਉਗਰਾਹੀ ਦੇ ਪੈਸੇ ਦਾ ਹਿੱਸਾ ਕਿਸ ਕਿਸ ਨੂੰ ਜਾਂਦਾ ਹੈ |'' ਭਾਜਪਾ ਦੇ ਕਪਿਲ ਪਾਟਿਲ ਨੇ ਵੀ ਕਿਹਾ ਕਿ ਐਤਵਾਰ ਸਵੇਰੇ ਕਾਰਵਾਈ ਦੀ ਗੱਲ ਕਰਨ ਵਾਲੇ ਰਾਕਾਂਪਾ ਦੇ ਸੀਨੀਅਰ ਆਗੂ ਸ਼ਾਮimage ਤਕ ਇਸ ਤੋਂ ਪੱਲਾ ਝਾੜਨ ਲੱਗੇ | ਕਿਤੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਬੋਲਿਆ ਹੋਵੇ ਕਿ 'ਮੇਰਾ ਅਸਤੀਫ਼ਾ ਮੰਗੋਗੇ ਤਾਂ ਸੱਭ ਦੋ ਨਾਮ ਲੈ ਦੇਵਾਂਗਾ |'' (ਪੀਟੀਆਈ)