
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਚ 'ਆਪ' ਦੀ ਮਾੜੀ ਕਾਰਗੁਜ਼ਾਰੀ ਦਾ ਅੰਕੜਿਆਂ ਰਾਹੀਂ ਕੀਤਾ ਪਰਦਾ ਫ਼ਾਸ਼
ਸਾਡੀ ਸਰਕਾਰ ਨੇ 85 ਫ਼ੀ ਸਦੀ ਵਾਅਦੇ ਪੂਰੇ ਕੀਤੇ ਤੇ 'ਆਪ' ਨੇ ਸਿਰਫ਼ 25 ਫ਼ੀ ਸਦੀ
ਚੰਡੀਗੜ੍ਹ, 22 ਮਾਰਚ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਝੂਠੇ ਦਾਅਵਿਆਂ ਤੇ ਬੇਬੁਨਿਆਦ ਦੋਸ਼ਾਂ ਦਾ ਪਾਜ ਉਘੇੜਦਿਆਂ 'ਆਪ' ਆਗੂ ਵਲੋਂ ਬੋਲੇ ਜਾਂਦੇ ਸ਼ਰਮਨਾਕ ਝੂਠਾਂ ਨੂੰ 2017 ਦੀਆਂ ਚੋਣਾਂ ਵੇਲੇ ਕਾਂਗਰਸ ਉਤੇ ਕੀਤੇ ਹੋਛੇ ਹਮਲਿਆਂ ਤੇ ਝੂਠੇ ਦਾਅਵਿਆਂ ਦੀ ਮੁੜ ਦੁਹਰਾਈ ਗਰਦਾਨਿਆ |
ਮੁੱਖ ਮੰਤਰੀ ਨੇ ਕੇਜਰੀਵਾਲ ਵਲੋਂ ਉਨ੍ਹਾਂ ਦੀ ਸਰਕਾਰ ਅਤੇ ਸੂਬਾਈ ਕਾਂਗਰਸ ਦੀ ਕੀਤੀ ਆਲੋਚਨਾ ਦਾ ਕਰੜਾ ਜਵਾਬ ਦਿੰਦਿਆ ਕਿਹਾ, ''ਪੰਜਾਬ ਦੇ ਲੋਕਾਂ ਨੇ ਸਮਝਦਾਰੀ ਵਿਖਾਉਂਦੇ ਹੋਏ ਉਸ ਸਮੇਂ ਤੁਹਾਡੇ ਫਰੇਬ ਨੂੰ ਪਛਾਣ ਲਿਆ ਅਤੇ ਹੁਣ ਵੀ ਲੋਕ ਤੁਹਾਡੇ ਝੂਠ ਤੋਂ ਵਾਕਫ਼ ਹਨ |'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਾ ਚਿੱਟੇ ਦਿਨ ਬੋਲਿਆ ਝੂਠ ਫਿਰ ਬੇਨਕਾਬ ਹੋਵੇਗਾ ਜਿਵੇਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਇਆ ਸੀ | ਉਨ੍ਹਾਂ 'ਆਪ' ਦੇ ਕੌਮੀ ਕਨਵੀਨਰ ਦੇ ਮਨਘੜਤ ਦੋਸ਼ਾਂ ਲਈ ਉਸ ਦੀ ਆਲੋਚਨਾ ਕਰਦਿਆਂ ਕਿਹਾ,''ਪੰਜਾਬ ਜਾਣਦਾ ਹੈ ਕਿ ਤੁਸੀਂ (ਕੇਜਰੀਵਾਲ) ਕਿਵੇਂ ਪਹਿਲੇ ਦਰਜੇ ਦੇ ਫਰੇਬੀ ਅਤੇ ਝੂਠਿਆਂ ਦੇ ਸਿਰਤਾਜ ਹੋ |'' ਦਿੱਲੀ ਦੇ ਅਪਣੇ ਹਮਰੁਤਬਾ ਵਲੋਂ ਪੰਜਾਬ ਵਿਚਲੀ ਕਾਂਗਰਸ ਸਰਕਾਰ 'ਤੇ ਚੋਣ ਵਾਅਦੇ ਪੂਰੇ ਨਾ ਕਰਨ ਲਈ ਕੀਤੀ ਆਲੋਚਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ 84 ਫ਼ੀ ਸਦੀ ਵਾਅਦੇ ਪੂਰੇ ਕਰਨ ਦੇ ਟਰੈਕ ਰੀਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨਾਲ ਕੀਤੀ ਜਾਵੇ ਜਿਸ ਨੇ 2020 ਵਿਚ 2015 ਦੇ 'ਆਪ' ਦੇ ਮੈਨੀਫ਼ੈਸਟੋ ਵਿਚਲੇ ਸਿਰਫ਼ 25 ਫ਼ੀ ਸਦੀ ਵਾਅਦੇ ਪੂਰੇ ਕੀਤੇ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਜੇ ਇਹੀ ਦਿੱਲੀ ਮਾਡਲ ਹੈ ਜਿਸ ਦਾ ਵਾਅਦਾ ਤੁਸੀਂ (ਕੇਜਰੀਵਾਲ) ਪੰਜਾਬ ਨਾਲ ਕਰਦੇ ਹੋ ਤਾਂ ਮੇਰੇ ਲੋਕ ਇਸ ਤੋਂ ਬਗ਼ੈਰ ਹੀ ਬਿਹਤਰ ਹਨ |'' 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇ ਪੰਜ ਸਾਲ ਪੂਰੇ ਹੋਣ 'ਤੇ ਕੀਤੇ ਆਜ਼ਾਦਾਨਾ ਸਰਵੇਖਣ ਜਿਸ ਅਨੁਸਾਰ ਕੇਜਰੀਵਾਲ ਨੇ 70 ਵਿਚੋਂ ਸਿਰਫ਼ 11 ਵਾਅਦੇ ਹੀ ਪੂਰੇ ਕੀਤੇ ਸਨ, ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਤੌਰ 'ਤੇ ਮੌਜੂਦ ਤੱਥਾਂ ਤੋਂ
ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਜਦੋਂ ਅਪਣੇ ਵਾਅਦੇ ਪੂਰੇ ਕਰਨ ਦੀ ਗੱਲ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਚਰਿੱਤਰ ਜੱਗ ਜ਼ਾਹਰ ਹੋ ਜਾਂਦਾ ਹੈ | ਬੀਤੇ ਦਿਨੀਂ ਮਹਾਂਪੰਚਾਇਤ ਦੌਰਾਨ ਕੇਜਰੀਵਾਲ ਵਲੋਂ ਕੀਤੇ ਡਰਾਮੇ 'ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਦਿੱਲੀ ਦੇ ਵੋਟਰਾਂ ਵਾਂਗ ਪੰਜਾਬ ਵਾਸੀ ਅਜਿਹੇ ਵੱਡੇ-ਵੱਡੇ ਵਾਅਦਿਆਂ ਦੇ ਜਾਲ ਵਿਚ ਨਹੀਂ ਫਸਣਗੇ ਅਤੇ ਉਹ ਅਪਣੀਆਂ ਅੱਖਾਂ ਨਾਲ ਜ਼ਮੀਨੀ ਸੱਚਾਈ ਤੋਂ ਭਲੀਭਾਂਤ ਵਾਕਫ਼ ਹਨ |'' ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਸਬੰਧੀ ਉਸ 'ਤੇ ਚੁਟਕੀ ਲੈਂਦਿਆਂ ਕਿਹਾ,''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮੇਸ਼ਾ ਵਾਂਗ ਤੁਹਾਡੇ ਪੰਜਾਬ ਦੇ ਲੀਡਰ ਜਾਂ ਤਾਂ ਤੁਹਾਨੂੰ ਪੰਜਾਬ ਆਉਣ ਤੋਂ ਪਹਿਲਾਂ ਸਹੀ ਤੱਥਾਂ ਬਾਰੇ ਜਾਣੂ ਨਹੀਂ ਕਰਵਾਉਂਦੇ ਜਾਂ ਫਿਰ ਸ਼ਾਇਦ ਉਹ ਤੁਹਾਨੂੰ ਜਾਣ-ਬੁੱਝ ਕੇ ਗੁਮਰਾਹ ਕਰਦੇ ਹਨ |''
ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਉਸ ਵਲੋਂ ਕੀਤੇ ਦਾਅਵੇ ਲਈ ਵੀ ਆੜੇ ਹੱਥੀਂ ਲਿਆ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਹਮੇਸ਼ਾ ਮੋਢੇ ਨਾਲ ਮੋਢੇ ਜੋੜ ਕੇ ਖੜਨਗੇ | ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ,''ਹਰ ਕੋਈ ਜਾਣਦਾ ਹੈ ਇਸ ਮੁੱਦੇ 'ਤੇ ਤੁਸੀਂ ਕਿਥੇ ਖੜੇ ਹੋ?'' ਉਨ੍ਹਾਂ 'ਆਪ' ਲੀਡਰ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਦਿੱਲੀ ਵਿਚ ਤੁਹਾਡੀ ਸਰਕਾਰ ਨੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਵੀ ਕਰ ਦਿਤਾ ਹੈ | ਇਥੋਂ ਤੱਕ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਵੀ ਯੂ-ਟਰਨ ਲੈ ਚੁੱਕੀ ਹੈ | ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਕੰਮ ਵਿimageਚ ਟੰਗ ਨਾ ਅੜਾਉਣ ਦੀ ਨਸੀਹਤ ਦਿੰਦਿਆਂ ਕਿਹਾ,''ਮੇਰੇ ਸੂਬੇ ਨਾਲ ਸਬੰਧਤ ਮਾਮਲਿਆਂ ਬਾਰੇ ਮੈਂ ਕੌਮੀ ਰਾਜਧਾਨੀ ਵਿਚ ਤੁਹਾਡੇ ਵਲੋਂ ਕੀਤੇ ਜਾ ਰਹੇ ਕੰਮਕਾਜ ਨਾਲੋਂ ਵੱਧ ਬਿਹਤਰ ਤਰੀਕੇ ਨਾਲ ਨਜਿੱਠਣ ਵਿਚ ਸਮਰੱਥ ਹਾਂ |''