ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰੋਪੜ ਦਾ ਸਾਲਾਨਾ ਗੁਰਮਤਿ ਸਮਾਗਮ ਸਜਾਇਆ ਪੁਰਾਤਨ ਹਸਤ ਲਿਖਤ ਗ੍ਰੰਥ, ਪੁਰਾਤਨ ਸ਼ਸਤਰ ਤੇ ਸਿੱਕੇ ਆਦਿ ਸੰਗਤਾਂ ਲਈ ਪ੍ਰਦਰਸ਼ਤ ਕੀਤੇ
ਰੂਪਨਗਰ, 22 ਮਾਰਚ (ਕੁਲਵਿੰਦਰ ਜੀਤ ਸਿੰਘ ਭਾਟੀਆ): ਬੀਤੇ ਐਤਵਾਰ ਨੂੰ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜਾ ਅਤੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ, ਰੋਪੜ ਦਾ ਸਾਲਾਨਾ ਗੁਰਮਤਿ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਜਿਸ ਵਿਚ ਪੰਥ ਦੀਆਂ ਉੱਘੀਆਂ ਸ਼ਖ਼ਸੀਅਤਾਂ ਸੰਗਤਾਂ ਦੇ ਰੂਬਰੂ ਹੋਈਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਸਮਾਗਮ ਵਿਚ ਕਥਾਵਾਚਕ ਗਿਆਨੀ ਜਸਵੰਤ ਸਿੰਘ ਪਰਵਾਨਾ, ਗਿਆਨੀ ਬਲਜੀਤ ਸਿੰਘ, ਗਿਆਨੀ ਅਮਰੀਕ ਸਿੰਘ ਚੰਡੀਗੜ੍ਹ, ਗਿਆਨੀ ਬੇਅੰਤ ਸਿੰਘ ਡਾਬਾ, ਗਿਅਨੀ ਜਗਸੀਰ ਸਿੰਘ ਜਲੰਧਰ ਅਤੇ ਕੀਰਤਨੀ ਜਥੇ ਗਿ. ਹਰਦੀਪ ਸਿੰਘ ਅੰਬਾਲਾ, ਭਾਈ ਜਸਪ੍ਰੀਤ ਸਿੰਘ ਗੋਨਿਆਣਾ ਮੰਡੀ, ਭਾਈ ਬਲਤੇਜ ਸਿੰਘ ਅਨੰਦਪੁਰ ਸਾਹਿਬ ਅਤੇ ਢਾਡੀ ਜਥਾ ਗਿਆਨੀ ਮਨਜੀਤ ਸਿੰਘ ਲੁਧਿਆਣਾ ਵਲੋਂ ਕਥਾ ਕੀਰਤਨ ਅਤੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ।
ਇਸ ਮੌਕੇ ਪਰਮਿੰਦਰ ਸਿੰਘ ਅਹਿਮਦਗੜ੍ਹ ਵਲੋਂ ਵਿਰਾਸਤੀ ਪ੍ਰਦਰਸ਼ਨੀ ਵਿਚ ਪੁਰਾਤਨ ਹਸਤ ਲਿਖਤ ਗ੍ਰੰਥ, ਪੁਰਾਤਨ ਸ਼ਸਤਰ ਤੇ ਸਿੱਕੇ ਆਦਿ ਸੰਗਤਾਂ ਲਈ ਪ੍ਰਦਰਸ਼ਤ ਕੀਤੇ ਗਏ ਤੇ ਜਾਣਕਾਰੀ ਦਿਤੀ ਗਈ। ਕਾਲਜ ਵਲੋਂ 50 ਫ਼ੀ ਸਦੀ ਛੂਟ ਤੇ ਗੁਰਮਤਿ ਸਾਹਿਤ ਦਾ ਸਟਾਲ ਲਗਾਇਆ ਗਿਆ।