
60 ਕਿਲੋਮੀਟਰ 'ਚ ਹੋਵੇਗਾ ਸਿਰਫ਼ ਇਕ ਟੋਲ ਪਲਾਜ਼ਾ, ਸਥਾਨਕ ਲੋਕਾਂ ਨੂੰ ਮਿਲਣਗੇ ਪਾਸ : ਗਡਕਰੀ
ਨਵੀਂ ਦਿੱਲੀ, 22 ਮਾਰਚ : ਕੇਂਦਰੀ ਸੜਕ, ਰਾਜਮਾਰਗ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਆਤਮ ਨਿਰਭਰ, ਸੁਖੀ, ਖ਼ੁਸ਼ਹਾਲ ਅਤੇ ਸੰਪਨ ਭਾਰਤ ਭਾਰਤ ਬਣਾਉਣ ਦੇ ਮੋਦੀ ਸਰਕਾਰ ਦੇ ਸੰਕਲਪ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਾਲ 2024 ਤਕ ਭਾਰਤ ਦਾ ਸੜਕੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ ਜਿਸ ਨਾਲ ਵਿਕਾਸ ਅਤੇ ਆਰਥਕ ਵਾਧਾ ਹੋਵੇਗਾ ਅਤੇ ਸੈਰ ਸਪਾਟੇ ਨੂੰ ਮਜ਼ਬੂਤੀ ਮਿਲੇਗੀ |
ਲੋਕ ਸਭਾ ਵਿਚ 'ਸਾਲ 2022-23 ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਕੰਟਰੋਲ ਅਧੀਨ ਫ਼ੰਡਾਂ ਦੀਆਂ ਮੰਗਾਂ' 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਗਡਕਰੀ ਨੇ ਕਿਹਾ ਕਿ ਅਸੀਂ ਜੰਮੂ ਕਸ਼ਮੀਰ 'ਚ 60 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਾਂ ਅਤੇ ਜੋਜਿਲਾ ਸੁਰੰਗ ਦੇ ਸਾਲ 2026 ਦੇ ਬਜਾਏ 2024 ਤਕ ਪੂਰਾ ਹੋਣ ਦੀ ਉਮੀਦ ਹੈ |
ਉਨ੍ਹਾਂ ਕਿਹਾ, ਆਉਣ ਵਾਲੇ ਸਮੇਂ 'ਚ ਹਾਈਵੇ 'ਤੇ ਸਫਰ ਕਰਨਾ ਸਸਤਾ ਹੋ ਜਾਵੇਗਾ, ਕਿਉਂਕਿ ਸਰਕਾਰ ਇਸ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਦੀ ਯੋਜਨਾ ਵੀ ਤਿਆਰ ਕਰ ਲਈ ਗਈ ਹੈ | ਸਰਕਾਰ ਇਕ ਨਿਸ਼ਚਿਤ ਸੀਮਾ ਦੇ ਅੰਦਰ ਇਕ ਵਾਰ ਹੀ ਟੋਲ ਵਸੂਲ ਕਰੇਗੀ | ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਅਤੇ ਹਾਈਵੇਅ 'ਤੇ ਲਗਾਤਾਰ ਸਫ਼ਰ ਕਰਨ ਵਾਲੇ ਸਥਾਨਕ ਲੋਕਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਨੂੰ ਪਾਸ ਦੇਣ ਦੀ ਯੋਜਨਾ ਹੈ |
ਨਿਤਿਨ ਗਡਕਰੀ ਨੇ ਦਸਿਆ ਕਿ ਹੁਣ ਹਾਈਵੇਅ 'ਤੇ ਲੱਗੇ ਟੋਲ ਪਲਾਜ਼ਿਆਂ ਦੀ ਗਿਣਤੀ ਸੀਮਤ ਹੋ ਜਾਵੇਗੀ, ਜਦਕਿ ਸਥਾਨਕ ਲੋਕਾਂ ਨੂੰ ਹੁਣ ਟੋਲ ਨਹੀਂ ਦੇਣਾ ਪਵੇਗਾ | ਸਰਕਾਰ ਦੀ ਇਹ ਸਕੀਮ ਅਗਲੇ 3 ਮਹੀਨਿਆਂ ਵਿਚ ਲਾਗੂ ਹੋ ਜਾਵੇਗੀ |
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਸਰਕਾਰ ਆਉਣ ਵਾਲੇ 3 ਮਹੀਨਿਆਂ ਵਿਚ ਦੇਸ਼ ਵਿੱਚ ਟੋਲ ਪਲਾਜ਼ਿਆਂ ਦੀ ਗਿਣਤੀ ਘਟਾਉਣ ਜਾ ਰਹੀ ਹੈ ਅਤੇ 60 ਕਿਲੋਮੀਟਰ ਦੇ ਦਾਇਰੇ ਵਿਚ ਸਿਰਫ਼ ਇਕ ਟੋਲ ਪਲਾਜ਼ਾ ਕੰਮ ਕਰੇਗਾ | ਉਨ੍ਹਾਂ ਕਿਹਾ ਕਿ 60 ਕਿਲੋਮੀਟਰ ਦੇ ਦਾਇਰੇ 'ਚ ਪੈਂਦੇ ਹੋਰ ਟੋਲ ਪਲਾਜ਼ਾ ਅਗਲੇ 3 ਮਹੀਨਿਆਂ 'ਚ ਬੰਦ ਕਰ ਦਿਤੇ ਜਾਣਗੇ | (ਏਜੰਸੀ)