
ਸਬ-ਇੰਸਪੈਕਟਰ ਪਰਮਜੀਤ ਸਿੰਘ ਨੂੰ ਗਵਾਹੀ ਲਿਖੇ ਜਾਣ ਤਕ ਕਪੂਰਥਲਾ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ
- ਗਵਾਹਾਂ ਅਤੇ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਕਿਸੇ ਨੂੰ ਵੀ ਅਣਮਿੱਥੇ ਸਮੇਂ ਲਈ ਜੇਲ੍ਹ ’ਚ ਨਹੀਂ ਰੱਖ ਸਕਦੀ: ਹਾਈ ਕੋਰਟ
ਚੰਡੀਗੜ੍ਹ: ਸਬ-ਇੰਸਪੈਕਟਰ ਪਰਮਜੀਤ ਸਿੰਘ NDPS ਕੇਸ ’ਚ ਜ਼ਮਾਨਤੀ ਵਾਰੰਟ ਹੋਣ ਦੇ ਬਾਵਜੂਦ ਹੇਠਲੀ ਅਦਾਲਤ ’ਚ ਪੇਸ਼ ਹੋਣ ’ਚ ਅਸਫਲ ਰਿਹਾ। ਹਾਈ ਕੋਰਟ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਇਕ ਹਫਤੇ ਦੇ ਅੰਦਰ ਕਪੂਰਥਲਾ ਜੇਲ ਭੇਜਣ ਦੇ ਹੁਕਮ ਦਿਤੇ ਹਨ ਅਤੇ ਉਸ ਨੂੰ ਗਵਾਹੀ ਹੋਣ ਤਕ ਉਥੇ ਹੀ ਰਹਿਣਾ ਪਵੇਗਾ।
ਬਕਾਇਦਾ ਜ਼ਮਾਨਤ ਪਟੀਸ਼ਨ ਦਾਇਰ ਕਰਦਿਆਂ ਕਪੂਰਥਲਾ ਵਾਸੀ ਵਿਰਯੋਧ ਸਿੰਘ ਨੇ ਹਾਈ ਕੋਰਟ ਨੂੰ ਦਸਿਆ ਕਿ ਉਸ ਦੇ ਵਿਰੁਧ 20 ਜੁਲਾਈ, 2021 ਨੂੰ NDPS ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਹੇਠਲੀ ਅਦਾਲਤ ’ਚ ਮੁਕੱਦਮਾ ਚੱਲ ਰਿਹਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਸਬ-ਇੰਸਪੈਕਟਰ ਪਰਮਜੀਤ ਸਿੰਘ ਇਸ ਮਾਮਲੇ ਵਿਚ ਗਵਾਹ ਹੈ ਅਤੇ ਵਾਰ-ਵਾਰ ਸੰਮਨ ਅਤੇ ਦੋ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਬਾਵਜੂਦ ਉਹ ਗਵਾਹੀ ਲਈ ਪੇਸ਼ ਨਹੀਂ ਹੋ ਰਿਹਾ।
ਜਸਟਿਸ ਰਾਜਬੀਰ ਸਹਿਰਾਵਤ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਸਿਰਫ ਇਸ ਆਧਾਰ ’ਤੇ ਅਣਮਿੱਥੇ ਸਮੇਂ ਲਈ ਹਿਰਾਸਤ ’ਚ ਨਹੀਂ ਰੱਖਿਆ ਜਾ ਸਕਦਾ ਕਿ ਪੁਲਿਸ ਅਧਿਕਾਰੀ ਗਵਾਹਾਂ ਵਜੋਂ ਪੇਸ਼ ਨਹੀਂ ਹੋ ਰਹੇ ਹਨ। ਗਵਾਹੀ ਲਈ ਨਾ ਆਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਦੰਡਾਤਮਕ ਕਾਰਵਾਈ ਲਾਜ਼ਮੀ ਹੋ ਗਈ ਹੈ। ਐਸਆਈ ਪਰਮਜੀਤ ਸਿੰਘ ਜ਼ਮਾਨਤੀ ਵਾਰੰਟਾਂ ਰਾਹੀਂ ਦੋ ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਹੇਠਲੀ ਅਦਾਲਤ ’ਚ ਗਵਾਹ ਵਜੋਂ ਪੇਸ਼ ਨਹੀਂ ਹੋਏ ਸਨ।
ਅਜਿਹੀ ਸਥਿਤੀ ’ਚ ਹਾਈ ਕੋਰਟ ਨੇ ਹੁਕਮ ਦਿਤੇ ਕਿ ਐਸਆਈ ਪਰਮਜੀਤ ਸਿੰਘ ਨੂੰ ਇਕ ਹਫ਼ਤੇ ਦੇ ਅੰਦਰ ਗ੍ਰਿਫਤਾਰ ਕਰ ਕੇ ਸੁਰੱਖਿਆ ਹਿਰਾਸਤ ’ਚ ਲੈ ਕੇ ਕੇਂਦਰੀ ਜੇਲ੍ਹ ਕਪੂਰਥਲਾ ’ਚ ਰੱਖਿਆ ਜਾਵੇ ਤਾਂ ਜੋ ਉਸ ਨੂੰ ਅਦਾਲਤ ’ਚ ਨਿਰਧਾਰਤ ਅਗਲੀ ਤਰੀਕ ’ਤੇ ਹੇਠਲੀ ਅਦਾਲਤ ’ਚ ਪੇਸ਼ ਕੀਤਾ ਜਾ ਸਕੇ। ਉਹ ਉਦੋਂ ਤਕ ਹਿਰਾਸਤ ’ਚ ਰਹੇਗਾ ਜਦੋਂ ਤਕ ਉਸ ਦੀ ਗਵਾਹੀ ਅਤੇ ਸਬੰਧਤ ਉਲਟ-ਪੜਤਾਲ ਪੂਰੀ ਨਹੀਂ ਹੋ ਜਾਂਦੀ। ਹਾਈ ਕੋਰਟ ਨੇ ਕਪੂਰਥਲਾ ਦੇ ਐੱਸ.ਐੱਸ.ਪੀ. ਨੂੰ ਐਸਆਈ ਪਰਮਜੀਤ ਸਿੰਘ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਅਤੇ ਇਸ ਨਾਲ ਸਬੰਧਤ ਰੀਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਹਨ।