
ਸ਼ੀਤਲ ਨੇ ਪਾਇਲ ਨੂੰ ਤੀਰਅੰਦਾਜ਼ੀ ’ਚ ਸੋਨ ਤਮਗਾ ਜਿੱਤਿਆ
ਨਵੀਂ ਦਿੱਲੀ : ਪੰਜਾਬ ਦੀ ਪਾਵਰਲਿਫਟਰ ਜਸਪ੍ਰੀਤ ਕੌਰ ਨੇ ਖੇਲੋ ਇੰਡੀਆ ਪੈਰਾ ਖੇਡਾਂ (ਕੇ.ਆਈ.ਪੀ.ਜੀ.) ਦੇ ਚੌਥੇ ਦਿਨ ਐਤਵਾਰ ਨੂੰ 45 ਕਿਲੋਗ੍ਰਾਮ ਵਰਗ ’ਚ ਕੌਮੀ ਰੀਕਾਰਡ ਤੋੜ ਕੇ ਸੋਨ ਤਮਗਾ ਜਿੱਤਿਆ। 31 ਸਾਲ ਦੀ ਕੌਰ ਨੇ 101 ਕਿਲੋਗ੍ਰਾਮ ਭਾਰ ਚੁੱਕ ਕੇ ਕੇ.ਆਈ.ਪੀ.ਜੀ. 2025 ’ਚ ਕੌਮੀ ਰੀਕਾਰਡ ਤੋੜਨ ਵਾਲੀ ਪਹਿਲੀ ਅਥਲੀਟ ਬਣ ਗਈ। ਜਸਪ੍ਰੀਤ ਕੌਰ ਨੇ 2023 ਦੇ ਐਡੀਸ਼ਨ ’ਚ ਵੀ ਇਸੇ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਸੀ ਅਤੇ ਅੱਜ 100 ਕਿਲੋਗ੍ਰਾਮ ਦਾ ਅਪਣਾ ਹੀ ਪਿਛਲਾ ਕੌਮੀ ਰੀਕਾਰਡ ਤੋੜ ਦਿਤਾ। ਇਸ ਜਿੱਤ ਬਾਰੇ ਉਨ੍ਹਾਂ ਕਿਹਾ, ‘‘ਮੈਂ ਇਸ ਵਾਰ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ। ਕੌਮੀ ਰੀਕਾਰਡ ਤੋੜਨ ਨਾਲ ਮੈਨੂੰ ਕੌਮੀ ਰੈਂਕਿੰਗ ’ਚ ਅੱਗੇ ਵਧਣ ’ਚ ਮਦਦ ਮਿਲੀ ਹੈ।’’
ਦੋ ਸਾਲਾਂ ਤੋਂ ਵੀ ਘੱਟ ਸਮੇਂ ’ਚ 16 ਕਿਲੋ ਗ੍ਰਾਮ ਵਧੇਰੇ ਭਾਰ ਚੁਕਣਾ ਕੋਈ ਸੌਖਾ ਕੰਮ ਨਹੀਂ ਸੀ। ਜਸਪ੍ਰੀਤ ਕੌਰ ਨੇ ਤੀਬਰ ਸਿਖਲਾਈ ਪ੍ਰਾਪਤ ਕੀਤੀ, ਵੱਖ-ਵੱਖ ਨਵੀਆਂ ਤਕਨੀਕਾਂ ਦੀ ਖੋਜ ਕੀਤੀ ਅਤੇ ਤੰਦਰੁਸਤੀ ਬਣਾਈ ਰੱਖਣ ਲਈ ਅਪਣੀ ਖੁਰਾਕ ’ਚ ਤਬਦੀਲੀਆਂ ਕੀਤੀਆਂ। ਪਰ ਸੱਭ ਤੋਂ ਵੱਡੀ ਚੁਨੌਤੀ ਚਿੰਤਾ ਦੇ ਮੁੱਦਿਆਂ ਨਾਲ ਨਜਿੱਠਣਾ ਸੀ।
ਉਨ੍ਹਾਂ ਕਿਹਾ, ‘‘ਮੈਂ 2022 ’ਚ ਕੌਮੀ ਚੈਂਪੀਅਨਸ਼ਿਪ ’ਚ ਕਦਮ ਰਖਿਆ ਸੀ। ਇਸ ਲਈ, ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਮੈਂ ਖੇਡ ’ਚ ਬਿਲਕੁਲ ਨਵੀਂ ਹਾਂ। ਮੈਨੂੰ ਇਹ ਅਹਿਸਾਸ ਕਰਨ ’ਚ ਥੋੜ੍ਹਾ ਸਮਾਂ ਲੱਗਿਆ ਕਿ ਤਾਕਤ ਅਤੇ ਮਾਸਪੇਸ਼ੀ ਵਿਕਸਤ ਕਰਨ ਲਈ, ਇਸ ’ਚ ਸਮਾਂ ਲੱਗੇਗਾ।’’ ਉਨ੍ਹਾਂ ਕਿਹਾ, ‘‘ਇਹ ਰਾਤੋ-ਰਾਤ ਨਹੀਂ ਹੁੰਦਾ।’’ ਤਿੰਨ ਸਾਲ ਦੀ ਉਮਰ ’ਚ ਪੋਲੀਓ ਤੋਂ ਪੀੜਤ ਕੌਰ ਨੇ ਕਿਹਾ, ‘‘ਮੈਨੂੰ ਅਜਿਹੇ ਪ੍ਰਦਰਸ਼ਨ ਕਰਨ ’ਚ ਤਿੰਨ ਸਾਲ ਲੱਗ ਗਏ।’’
ਇਸ ਦੌਰਾਨ ਜੰਮੂ-ਕਸ਼ਮੀਰ ਦੀ ਤੀਰਅੰਦਾਜ਼ ਅਤੇ ਪੈਰਾਲੰਪਿਕ ਤਮਗਾ ਜੇਤੂ ਸ਼ੀਤਲ ਦੇਵੀ ਨੇ ਕੰਪਾਊਂਡ ਓਪਨ ਵਰਗ ਦੇ ਮੁਕਾਬਲੇ ’ਚ ਓਡੀਸ਼ਾ ਦੀ ਪਾਇਲ ਨਾਗ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਖੇਡੇ ਗਏ ਇਨ੍ਹਾਂ ਖੇਡਾਂ ’ਚ ਮੌਜੂਦਾ ਚੈਂਪੀਅਨ ਸ਼ੀਤਲ ਨੇ ਸਫਲਤਾਪੂਰਵਕ ਅਪਣਾ ਦੂਜਾ ਸੋਨ ਤਮਗਾ ਜਿੱਤਿਆ।
ਚੌਥੇ ਦਿਨ ਦੀ ਸਮਾਪਤੀ ’ਤੇ ਤਾਮਿਲਨਾਡੂ 22 ਸੋਨ ਤਮਗੇ ਜਿੱਤ ਕੇ ਸੱਭ ਤੋਂ ਅੱਗੇ ਰਿਹਾ। ਹਰਿਆਣਾ 18 ਸੋਨ ਤਮਗੇ ਨਾਲ ਦੂਜੇ ਸਥਾਨ ’ਤੇ ਰਿਹਾ ਜਦਕਿ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨੇ 13-13 ਸੋਨ ਤਮਗੇ ਜਿੱਤੇ।