
ਮੁੱਖ ਮੰਤਰੀ ਨੇ ਕਣਕ ਦੇ ਬਦਰੰਗ ਤੇ ਮਾਜੂ ਪਏ ਦਾਣੇ ਦੀ ਖ਼ਰੀਦ ਸਬੰਧੀ ਕੇਂਦਰ ਕੋਲ ਉਠਾਇਆ ਸੀ ਮਾਮਲਾ
ਪਟਿਆਲਾ, 22 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਬੇਮੌਸਮੇ ਮੀਂਹ ਕਰਕੇ ਕਣਕ ਦੇ ਬਦਰੰਗ ਹੋਏ ਅਤੇ ਮਾਜੂ ਪਏ ਦਾਣੇ ਦੀ ਕੇਂਦਰੀ ਪੂਲ ਲਈ ਖਰੀਦ ਸਬੰਧੀਂ ਪੈਦਾ ਹੋਈ ਸਥਿਤੀ ਨੂੰ ਹੱਲ ਕਰਨ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਉਠਾਉਣ ਤੋਂ ਬਾਅਦ ਕੇਂਦਰੀ ਟੀਮ ਨੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਦਾ ਆਪਣਾ ਦੋ ਦਿਨਾਂ ਦੌਰਾ ਸ਼ੁਰੂ ਕੀਤਾ। ਇਸ ਟੀਮ ਦੀ ਅਗਵਾਈ ਭਾਰਤ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ, ਕੁਆਲਟੀ ਕੰਟਰੋਲ ਸੈਲ, ਲਖਨਊ, ਯੂ.ਪੀ. ਦੇ ਸਹਾਇਕ ਖੇਤਰੀ ਡਾਇਰੈਕਟਰ (ਐਸ ਐਂਡ ਆਰ) ਸ੍ਰੀ ਡੋਰੀ ਲਾਲ ਕਰ ਰਹੇ ਹਨ।
ਅਪਣੇ ਦੌਰੇ ਮੌਕੇ ਸ੍ਰੀ ਡੋਰੀ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਏ ਜਾਣ ਤੋਂ ਬਾਅਦ ਕਿਸਾਨਾਂ ਨੂੰ ਰਾਹਤ ਦੇਣ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕਣਕ ਦੇ ਫ਼ਸਲ ਦੇ ਬਦਰੰਗ ਅਤੇ ਸੁੰਗੜੇ ਹੋਏ ਦਾਣੇ ਦਾ ਜਾਇਜ਼ਾ ਲੈਣ ਲਈ ਭੇਜਿਆ ਹੈ। ਸ੍ਰੀ ਡੋਰੀ ਲਾਲ ਨੇ ਦੱਸਿਆ ਕਿ ਉਹ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚੋਂ ਕਣਕ ਦੇ ਬਦਰੰਗ ਅਤੇ ਮਾਜੂ ਪਏ ਦਾਣਿਆਂ ਦੇ ਨਮੂਨੇ ਲੈਕੇ ਇਨ੍ਹਾਂ ਦਾ ਤਕਨੀਕੀ ਤੌਰ 'ਤੇ ਨਿਰੀਖਣ ਕਰਨਗੇ ਅਤੇ ਇਸਦੀ ਮੁਕੰਮਲ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਦਾਣੇ ਦੀ ਖਰੀਦ ਸਬੰਧੀਂ ਕਿਸ ਹੱਦ ਤੱਕ ਰਾਹਤ ਦੇਣੀ ਹੈ ਬਾਰੇ ਆਪਣਾ ਫੈਸਲਾ ਕੀਤਾ ਜਾਵੇਗਾ।
ਇਸ ਕੇਂਦਰੀ ਟੀਮ ਨੇ ਆਪਣਾ ਦੌਰਾ ਬਹਾਦਰਗੜ੍ਹ ਤੋਂ ਸ਼ੁਰੂ ਕਰਕੇ ਸੀਲ, ਘਨੌਰ, ਰਾਜਪੁਰਾ, ਬਲਬੇੜਾ, ਭੁਨਰਹੇੜੀ, ਦੇਵੀਗੜ੍ਹ ਆਦਿ ਵੱਖ-ਵੱਖ ਮੰਡੀਆਂ ਵਿੱਚ ਜਾ ਕੇ ਕਣਕ ਦੇ ਨਮੂਨੇ ਇਕੱਤਰ ਕਰਨੇ ਹਨ। ਕਣਕ ਦੇ ਇਨ੍ਹਾਂ ਨਮੂਨਿਆਂ ਦੀ ਕੇਂਦਰੀ ਟੀਮ ਵੱਲੋਂ ਤਕਨੀਕੀ ਜਾਂਚ ਕਰ ਕੇ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਕਿ ਕਿਸਾਨਾਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਬਦਰੰਗ ਹੋਈ ਅਤੇ ਮਾਜੂ ਪਏ ਦਾਣੇ ਵਾਲੀ ਫ਼ਸਲ ਦੀ ਖਰੀਦ ਨਿਰਵਿਘਨ ਹੋ ਸਕੇ।