ਅਗਲੇ ਤਿੰਨ ਹਫ਼ਤਿਆਂ 'ਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ
ਚੰਡੀਗੜ੍ਹ, 22 ਅਪ੍ਰੈਲ (ਐਸ.ਐਸ. ਬਰਾੜ) : ਪੰਜਾਬ ਸਰਕਾਰ ਦੀ ਕਣਕ ਖ਼ਰੀਦ ਯੋਜਨਾ ਪੂਰੀ ਤਰ੍ਹਾਂ ਸਫ਼ਲ ਹੋਣ ਦੇ ਆਸਾਰ ਨਜ਼ਰ ਆਉਣ ਲੱਗੇ ਹਨ। ਫ਼ੀਲਡ ਤੋਂ ਮਿਲੀਆਂ ਸੂਚਨਾ ਅਨੁਸਾਰ ਪਿਛਲੇ ਦੋ ਦਿਨ ਤੋਂ ਇਕ ਟਰਾਲੀ ਵਾਲੀ ਸ਼ਰਤ ਨੂੰ ਪਾਸੇ ਰੱਖ ਕੇ ਆੜ੍ਹਤੀਏ, ਕਿਸਾਨਾਂ ਦੀ ਸਾਰੀ ਕਣਕ ਹੀ ਮੰਡੀਆਂ 'ਚ ਸੁਟਾਉਣ ਲੱਗ ਪਏ ਹਨ। ਬੇਸ਼ਕ ਕਿਸਾਨ ਨੂੰ ਜਿਸ ਦਿਨ ਦਾ ਪਾਸ ਜਾਰੀ ਹੁੰਦਾ ਹੈ, ਕਣਕ ਤਾਂ ਉੁਹ ਉਸੀ ਦਿਨ ਹੀ ਮੰਡੀ 'ਚ ਲਿਜਾਂਦਾ ਹੈ, ਪ੍ਰੰਤੂ ਉਸਦੀ ਸਾਰੀ ਕਣਕ ਇਕੋ ਦਿਨ ਲੈ ਲਈ ਜਾਂਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਕਣਕ ਦੋ-ਤਿੰਨ ਟਰਾਲੀਆਂ ਤੋਂ ਵਧ ਹੁੰਦੀ ਹੈ, ਉਹ ਸ਼ੈਲਰ ਮੰਡੀਆਂ 'ਚ ਸੁੱਟੀ ਜਾਂਦੀ ਹੈ। ਫ਼ਰੀਦਕੋਟ, ਸੰਗਰੂਰ ਅਤੇ ਪਟਿਆਲਾ ਦੇ ਇਲਾਕਿਆਂ 'ਚ ਕਈ ਕਿਸਾਨਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਮੰਨਿਆ ਕਿ ਹੁਣ ਕਣਕ ਸੁੱਟਣ ਜਾਂ ਵੇਚਣ ਦੀ ਕੋਈ ਸਮੱਸਿਆ ਨਹੀਂ ਆ ਰਹੀ। ਕਿਸਾਨ ਅਪਣੇ ਆੜ੍ਹਤੀਏ ਨੂੰ ਸੂਚਿਤ ਕਰਦਾ ਹੈ ਕਿ ਉਸ ਨੇ ਕਣਕ ਦੀ ਕਟਾਈ ਕਿਸ ਮਿਤੀ ਨੂੰ ਕਰਨੀ ਹੈ। ਆੜ੍ਹਤੀਆ ਉਸ ਨੂੰ ਉਸੇ ਦਿਨ ਦਾ ਪਾਸ ਮੁਹਈਆ ਕਰਵਾਉਂਦਾ ਹੈ।
ਅਸਲ 'ਚ ਸਰਕਾਰ ਨੇ ਇਸ ਸਾਲ ਮੰਡੀਆਂ ਦੀ ਗਿਣਤੀ ਵਧਾ ਕੇ ਦੁੱਗਣੇ ਤੋਂ ਵੀ ਵਧ ਕਰ ਦਿਤੀ ਹੈ। ਪੰਜਾਬ ਮੰਡੀ ਬੋਰਡ ਦੀਆਂ ਲਗਭਗ 1850 ਮੰਡੀਆਂ ਜਾਂ ਖਰੀਦ ਕੇਂਦਰ ਹਨ। ਪ੍ਰੰਤੂ ਇਸ ਸਾਲ ਲਗਭਗ 2200 ਸ਼ੈਲਰ ਅਹਾਤਿਆਂ ਨੂੰ ਵੀ ਮੰਡੀਆਂ ਐਲਾਨ ਦਿਤਾ ਹੈ, ਇਸ ਤਰ੍ਹਾਂ ਪੰਜਾਬ 'ਚ 4000 ਤੋਂ ਵਧ ਮੰਡੀਆਂ ਬਣ ਗਈਆਂ ਅਤੇ ਸ਼ੈਲਰਾਂ 'ਚ ਖੁਲ੍ਹੀ ਥਾਂ ਉਪਲਬਧ ਹੈ। ਇਸ ਨਾਲ ਕਣਕ ਦੀ ਖਰੀਦ 'ਚ ਤੇਜ਼ੀ ਆ ਰਹੀ ਹੈ।
ਪੰਜਾਬ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਣਕ ਦੀ ਖ਼ਰੀਦ ਦਾ ਕੰਮ ਅਗਲੇ ਤਿੰਨ ਹਫ਼ਤਿਆਂ 'ਚ ਹੀ ਮੁਕੰਮਲ ਹੋ ਜਾਵੇਗਾ। ਇਸ ਸਮੇਂ ਕਣਕ ਦੀ ਕਟਾਈ ਸਿਰਫ਼ ਮਾਲਵੇ ਦੇ ਜ਼ਿਲ੍ਹਿਆਂ 'ਚ ਹੀ ਹੋ ਰਹੀ ਹੈ। ਮਾਝੇ ਅਤੇ ਦੁਆਬੇ 'ਚ ਤਾਂ ਕਟਾਈ ਨਾ-ਮਾਤਰ ਹੀ ਹੈ। ਇਸ ਤਰ੍ਹਾਂ ਜੋ ਵੀ ਕਣਕ ਪਿਛਲੇ ਇਕ ਹਫ਼ਤੇ 'ਚ ਖ਼ਰੀਦੀ ਗਈ ਉਹ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਫ਼ਤਿਹਗੜ੍ਹ ਜ਼ਿਲ੍ਹਿਆਂ ਨਾਲ ਸਬੰਧਤ ਹੈ।
ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਅਤੇ ਵਪਾਰੀਆਂ ਨੇ 21 ਅਪ੍ਰੈਲ ਤਕ 15.65 ਲੱਖ ਟਨ ਕਣਕ ਦੀ ਖ਼ਰੀਦ ਕੀਤੀ। 21 ਅਪ੍ਰੈਲ ਨੂੰ ਇਕੋ ਦਿਨ 'ਚ 4 ਲੱਖ ਟਨ ਤੋਂ ਵਧ ਕਣਕ ਦੀ ਖ਼ਰੀਦ ਹੋਈ। ਲਗਭਗ ਜਿੰਨੀ ਕਣਕ ਮੰਡੀਆਂ 'ਚ ਆਉਂਦੀ ਹੈ, ਉਸ ਦੀ ਖ਼ਰੀਦ ਉਸੇ ਦਿਨ ਹੋ ਜਾਂਦੀ ਹੈ। ਸਰਕਾਰ ਵਲੋਂ ਆੜ੍ਹਤੀਆਂ ਰਾਹੀਂ ਪਾਸ ਮਿਲਣ ਅਤੇ ਕਣਕ ਦੀ ਖ਼ਰੀਦ ਕਰਨ ਨਾਲ ਆਉਣ ਵਾਲੇ ਦਿਨ 'ਚ 8 ਲੱਖ ਟਨ ਪ੍ਰਤੀ ਦਿਨ ਕਣਕ ਦੀ ਖ਼ਰੀਦ ਹੋਣ ਦੀ ਸੰਭਾਵਨਾ ਹੈ। ਵੈਸੇ ਵੀ ਪੰਜਾਬ 'ਚ 10 ਲੱਖ 53 ਹਜ਼ਾਰ ਕਿਸਾਨ ਪਰਵਾਰਾਂ 'ਚੋਂ 3.60 ਲੱਖ ਕਿਸਾਨਾਂ ਕੋਲ ਤਾਂ 5 ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਨ੍ਹਾਂ ਕੋਲ ਤਾਂ ਇਕ ਜਾਂ ਦੋ ਟਰਾਲੀਆਂ ਕਣਕ ਹੀ ਹੋਵੇਗੀ।
ਕੁੱਝ ਛੋਟੇ ਕਿਸਾਨ ਠੇਕੇ 'ਤੇ ਵੀ ਜ਼ਮੀਨਾਂ ਲੈਂਦੇ ਹਨ। ਇਨ੍ਹਾਂ ਕਿਸਾਨਾਂ ਨੂੰ ਤਾਂ ਪਹਿਲੀਆਂ 'ਚ ਹੀ ਪਾਸ ਉਪਲਬਧ ਹੋ ਜਾਣਗੇ। ਜਿਥੋਂ ਤਕ 5 ਏਕੜ ਤੋਂ ਵਧ ਜ਼ਮੀਨ ਵਾਲੇ ਕਿਸਾਨਾਂ ਦਾ ਸਬੰਧ ਹੈ। ਉਹ ਅਪਣੀ ਕਣਕ ਸ਼ੈਲਰ ਮੰਡੀਆਂ 'ਚ ਇਕੋ ਹੀ ਦਿਨ ਸੁੱਟਣ ਲੱਗ ਏ ਹਨ। ਸਰਕਾਰ ਨੇ ਵੀ ਇਕ ਟਰਾਲੀ ਵਾਲੀ ਸ਼ਰਤ ਸਬੰਧੀ ਰੁਖ ਨਰਮ ਕਰ ਲਿਆ ਹੈ। ਬੇਸ਼ਕ ਕਾਗ਼ਜ਼ਾਂ 'ਚ ਸ਼ਰਤ ਅਜੇ ਵੀ ਮੌਜੂਦ ਹੈ। ਪ੍ਰੰਤੂ ਇਨ੍ਹਾਂ ਸੱਭ ਛੋਟਾਂ ਦੇ ਬਾਵਜੂਦ ਨਾ ਤਾਂ ਮੰਡੀਆਂ 'ਚ ਕਿਧਰੇ ਭੀੜ ਨਜ਼ਰ ਆਉਂਦੀ ਹੈ ਅਤੇ ਨਾ ਹੀ ਏਜੰਸੀਆਂ ਦੇ ਕਰਮਚਾਰੀਆਂ ਨਾਲ ਕਿਧਰੇ ਤਕਰਾਰ ਅਤੇ ਕਣਕ ਦੀ ਖ਼ਰੀਦ ਅਗਲੇ ਤਿੰਨ ਹਫ਼ਤਿਆਂ 'ਚ ਮੁਕੰਮਲ ਹੋਣ ਦੇ ਆਸਾਰ ਬਣ ਗਏ ਹਨ।