
ਕੋਰੋਨਾ ਕਾਰਨ ਨਹੀਂ ਮਿਲ ਸਕਿਆ ਸਹੀ ਇਲਾਜ
ਜਲੰਧਰ, 22 ਅਪ੍ਰੈਲ (ਵਰਿੰਦਰ ਸ਼ਰਮਾ) : ਜਿੱਥੇ ਜਲੰਧਰ ਪ੍ਰਸ਼ਾਸਨ ਲੋਕਾਂ ਨੂੰ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ, ਉਥੇ ਅੱਜ ਦੰਦਾਂ ਦੇ ਦਰਦ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ। ਕਾਰਨ ਇਹ ਹੈ ਕਿ ਉਸ ਨੂੰ ਸਮੇਂ ਸਿਰ ਦੰਦਾਂ ਦਾ ਡਾਕਟਰ ਨਹੀਂ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਨਗਰ ਨਿਗਮ ਜਲੰਧਰ ਵਿਚ ਕੰਮ ਕਰਨ ਵਾਲੀ ਮਹਿਲਾ ਮਨੀਸ਼ਾ, ਜਿਸ ਦੀ ਉਮਰ ਲਗਭਗ 25 ਸਾਲ ਹੋਵੇਗੀ ਜਿਸ ਦੀਆਂ ਦੋ ਛੋਟੀਆਂ ਭੈਣਾਂ ਹਨ ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਮਨੀਸ਼ਾ ਦੇ ਦੰਦਾਂ ਵਿਚ ਜ਼ਿਆਦਾ ਦਰਦ ਹੋ ਰਿਹਾ ਸੀ,
ਜਿਸ ਦੇ ਚਲਦੇ ਮਨੀਸ਼ਾ ਦੰਦ ਦਰਦ ਦੀ ਦਵਾਈ ਲੈਣ ਅਤੇ ਚੈੱਕਅਪ ਕਰਵਾਉਣ ਲਈ ਹਸਪਤਾਲਾਂ ਦੇ ਲਗਾਤਾਰ ਚੱਕਰ ਮਾਰ ਰਹੀ ਸੀ, ਪਰ ਉਸ ਨੂੰ ਇਹ ਕਹਿਕੇ ਉੱਥੋਂ ਵਾਪਸ ਭੇਜ ਦਿਤਾ ਜਾਂਦਾ ਸੀ ਕਿ ਪਹਿਲਾਂ ਸਿਵਲ ਹਸਪਤਾਲ ਜਾ ਕੇ ਕੋਰੋਨਾ ਟੈਸਟ ਕਰਵਾ ਕੇ ਆÂ। ਜਦੋਂ ਮਨੀਸ਼ਾ ਸਿਵਲ ਹਸਪਤਾਲ ਗਈ ਤੇ ਉਸ ਨੂੰ ਇਹ ਕਹਿਕੇ ਵਾਪਸ ਭੇਜ ਦਿਤਾ ਗਿਆ ਕਿ ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ, ਇਹ ਕੋਰੋਨਾ ਵਾਰਡ ਹੈ। ਫਿਰ ਜਦੋਂ ਉਹ ਈ.ਐਸ.ਆਈ. ਹਸਪਤਾਲ ਪਹੁੰਚੀ ਤਾਂ ਉਸ ਨੂੰ ਸਿਰਫ ਦਵਾਈਆਂ ਦੇ ਕੇ ਘਰ ਵਾਪਸ ਭੇਜ ਦਿਤਾ ਗਿਆ ਪਰ ਅੱਜ ਉਸ ਦੀ ਮੌਤ ਹੋ ਗਈ।