
ਇੰਟਰਨੈੱਟ ਦੇ ਯੁੱਗ ਵਿਚ ਮਨੁੱਖ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਹੈ।
ਬਰਨਾਲਾ (ਲਖਵੀਰ ਚੀਮਾ): ਇੰਟਰਨੈੱਟ ਦੇ ਯੁੱਗ ਵਿਚ ਮਨੁੱਖ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਹੈ। ਇਸ ਦੇ ਚਲਦਿਆਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਨਵੀਂ ਪੀੜ੍ਹੀ ਨੂੰ ਮੋਬਾਇਲਾਂ ’ਚੋਂ ਕੱਢ ਕੇ ਕਿਤਾਬਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਸਬੰਧੀ ਲਾਇਬ੍ਰੇਰੀ ਵਲੋਂ ਕਈ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਹਨ।
Saheed Kartar Singh Sarabha Library
ਇਸ ਲਾਇਬ੍ਰੇਰੀ ਵਿਚ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ ਜਿਥੋਂ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਆਪਣੇ ਆਪ ਕਿਤਾਬ ਲੈ ਕੇ ਪੜ ਸਕਦਾ ਹੈ। ਪਿੰਡ ਦੀਵਾਨਾ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਨੇੜਲੇ ਜ਼ਿਲ੍ਹਿਆਂ ਜਿਵੇਂ ਲੁਧਿਆਣਾ ਤੇ ਮੋਗਾ ਤੋਂ ਵੀ ਲੋਕ ਇੱਥੋਂ ਕਿਤਾਬਾਂ ਲੈਣ ਆਉਂਦੇ ਹਨ। ਲਾਇਬ੍ਰੇਰੀ ਵਿਚ ਹਰ ਤਰਾਂ ਦੀਆਂ ਕਿਤਾਬਾਂ ਮੌਜੂਦ ਹਨ।
Saheed Kartar Singh Sarabha Library
ਇਸ ਸਬੰਧੀ ਗੱਲਬਾਤ ਕਰਦਿਆਂ ਲਾਇਬ੍ਰੇਰੀ ਪ੍ਰਬੰਧਕਾਂ ਨੇ ਦੱਸਿਆ ਕਿ 9 ਸਾਲ ਪਹਿਲਾਂ ਇਸ ਲਾਇਬ੍ਰੇਰੀ ਦਾ ਆਗਾਜ਼ ਕੀਤਾ ਗਿਆ ਸੀ। ਅਜੋਕੀ ਪੀੜ੍ਹੀ ਨੂੰ ਮੋਬਾਇਲਾਂ ਤੋਂ ਛੁਟਕਾਰਾ ਦਿਵਾਉਣ ਲਈ ਇਹ ਲਾਇਬ੍ਰੇਰੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਲਾਇਬ੍ਰੇਰੀ ਵਿਚ ਧਰਮ, ਸਾਹਿਤ, ਵਿਗਿਆਨ, ਸਵੈ ਜੀਵਨੀਆਂ, ਬਾਲ ਸਾਹਿਤ ਸਮੇਤ ਹਰ ਤਰ੍ਹਾਂ ਦਾ ਸਾਹਿਤ ਮੌਜੂਦ ਹੈ। ਲਾਇਬ੍ਰੇਰੀ ਵਿਚ ਵਿਦਿਆਰਥੀਆਂ ਤੋਂ ਇਲਾਵਾ ਬੱਚੇ, ਔਰਤਾਂ ਵੀ ਕਿਤਾਬਾਂ ਪੜ੍ਹਨ ਲਈ ਆਉਂਦੀਆਂ ਹਨ।
Saheed Kartar Singh Sarabha Library
ਲਾਇਬ੍ਰੇਰੀ ਪ੍ਰਬੰਧਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਵਿਚ ਕੁਝ ਸਮੇਂ ਬਾਅਦ ਨਵੀਆਂ ਕਿਤਾਬਾਂ ਲਿਆਂਦੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿਚ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀਆਂ ਕਿਤਾਬਾਂ ਵੀ ਮੌਜੂਦ ਹਨ। ਲਾਇਬ੍ਰੇਰੀ ਨਾਲ 100 ਦੇ ਕਰੀਬ ਪੱਕੇ ਪਾਠਕ ਜੁੜੇ ਹੋਏ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਿਤਾਬਾਂ ਦਾ ਵਿਅਕਤੀ ਦੀ ਜ਼ਿੰਦਗੀ ਵਿਚ ਅਹਿਮ ਯੋਗਦਾਨ ਹੈ ਅਤੇ ਕਿਤਾਬਾਂ ਮਨੁੱਖ ਨੂੰ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ। ਪ੍ਰਬੰਧਕਾਂ ਨੇ ਲਾਇਬ੍ਰੇਰੀ ਲਈ ਇਮਾਰਤ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਤੋਂ ਨਵੀਂ ਇਮਾਰਤ ਦੀ ਮੰਗ ਕੀਤੀ ਹੈ।
Saheed Kartar Singh Sarabha Library
ਇਸ ਲਾਇਬ੍ਰੇਰੀ ਨਾਲ ਜੁੜੇ ਪਾਠਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਲਾਇਬ੍ਰੇਰੀ ਨਾਲ ਜੁੜੇ ਹੋਏ ਹਨ। ਇੱਥੋਂ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਕਿਤਾਬਾਂ ਮਿਲ ਰਹੀਆਂ ਹਨ। ਕਿਤਾਬਾਂ ਨਾਲ ਜੁੜਨ ਕਰਕੇ ਉਹ ਮਾਨਸਿਕ ਤੌਰ ’ਤੇ ਤੰਦਰੁਸਤ ਹੋਏ। ਉਹਨਾਂ ਦੱਸਿਆ ਕਿ ਮੋਬਾਇਲਾਂ ਤੋਂ ਛੁਟਕਾਰਾ ਪਾਉਣ ਲਈ ਕਿਤਾਬਾਂ ਸਭ ਤੋਂ ਚੰਗੀਆਂ ਦੋਸਤ ਹਨ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਕਿਤਾਬਾਂ ਨਾਲ ਜੁੜ ਕੇ ਵਧੀਆ ਸਮਾਂ ਬਤੀਤ ਕੀਤਾ ਜਾ ਸਕਦਾ ਹੈ।