
ਜਥੇਦਾਰ ਹਰਪ੍ਰੀਤ ਸਿੰਘ ਨੇ ਲਾਲ ਕਿਲ੍ਹੇ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਪ੍ਰਕਾਸ਼ ਪੂਰਬ ਦੀ ਪ੍ਰਧਾਨ ਮੰਤਰੀ ਨੂੰ ਦਿਤੀ ਵਧਾਈ
ਜਥੇਦਾਰ ਹਰਪ੍ਰੀਤ ਸਿੰਘ ਨੇ ਲਾਲ ਕਿਲ੍ਹੇ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਪ੍ਰਕਾਸ਼ ਪੂਰਬ ਦੀ ਪ੍ਰਧਾਨ ਮੰਤਰੀ ਨੂੰ ਦਿਤੀ ਵਧਾਈ
ਸਿੱਖ ਮਸਲਿਆਂ ਦੇ ਹੱਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਪੀਲ ਤੇ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਯਾਦ ਕਰਵਾਏ
ਅੰਮਿ੍ਤਸਰ, 22 ਅਪ੍ਰੈਲ (ਹਰਦਿਆਲ ਸਿੰਘ) : ਭਾਰਤ ਸਰਕਾਰ ਵਲੋਂ ਪਹਿਲੀ ਵਾਰ ਲਾਲ ਕਿਲ੍ਹੇ ਤੋਂ ਸਰਕਾਰੀ ਤੌਰ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ, ਜਿਸ ਦੀ ਪੂਰੀ ਦੂਨੀਆਂ ਵਿਚ ਚਰਚਾ ਹੋ ਰਹੀ ਹੈ | ਇਸ ਪ੍ਰਕਾਸ਼ ਪੂਰਬ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵਲੋਂ ਕਰਵਾਏ ਗਏ ਇਸ ਵਿਸ਼ਾਲ ਧਾਰਮਕ ਸਮਾਗਮ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਧਾਈ ਦਿਤੀ | ਉਥੇ ਨਾਲ ਹੀ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਵਲ ਵੀ ਧਿਆਨ ਦੇਣ ਦੀ ਅਪੀਲ ਕੀਤੀ |
ਸ਼ੁਕਰਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਦਫ਼ਤਰ ਵਿਚ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਪ੍ਰਕਾਸ਼ ਪੂਰਬ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿਚ ਕਰਵਾਇਆ ਗਿਆ ਵਿਸ਼ਾਲ ਸਮਾਗਮ ਰਹਿੰਦੀ ਦੂਨੀਆਂ ਤਕ ਯਾਦ ਰਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 400ਰੁਪਏ ਦਾ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਜਿਸ ਲਈ ਉਹ ਪ੍ਰਧਾਨ ਮੰਤਰੀ ਦਾ ਧਨਵਾਦ ਕਰਦੇ ਹਨ | ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਨਾਲ ਸਬੰਧਤ ਕਈ ਮਸਲੇ ਹੱਲ ਹੋਣ ਵਾਲੇ ਹਨ ਜਿਨ੍ਹਾਂ ਵਿਚੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੱਭ ਤੋਂ ਵੱਡਾ ਮਸਲਾ ਹੈ |
ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ 22 ਨਵੰਬਰ 2019 ਵਿਚ ਗੁਰੂ ਨਾਨਕ ਸਾਹਿਬ ਜੀ ਦੇ 550ਵਾਂ ਪ੍ਰਕਾਸ਼ ਪੂਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਜਿੰਨੇ ਵੀ ਸਿੱਖ ਕੌਮ ਨਾਲ ਸੰਬੰਧਿਤ ਲੋਕ ਜ਼ੇਲ੍ਹਾਂ ਵਿਚ ਅਪਣੀ ਸਜ਼ਾ ਪੂਰੀ ਕਰ ਚੁਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਭਾਈ ਰਾਜੋਆਣਾ ਸਾਹਿਬ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬੀਤੇਂ ਦਿਨੀਂ ਦੇਸ਼ ਦੇ ਗ੍ਰਹਿਮੰਤਰੀ ਅਮਿਤ ਸ਼ਾਹ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ | ਉਸ ਮੌਕੇ ਵੀ ਉਨ੍ਹਾਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਨ੍ਹਾਂ ਅੱਗੇ ਰਖਿਆ ਸੀ ਊਨ੍ਹਾਂ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਜਲਦ ਹੀ ਪ੍ਰਧਾਨ ਨਾਲ ਇਸ ਬਾਰੇ ਗੱਲ ਕਰਨਗੇ | ਭਾਈ ਹਰਪ੍ਰੀਤ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਲਭਭਗ ਤਿੰਨ ਸਾਲ ਹੋ ਚੱਕੇ ਹਨ ਪਰ ਵੱਖ ਵੱਖ ਸੂਬਿਆਂ 'ਚ ਨਜ਼ਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੂਬਾ ਸਰਕਾਰਾਂ ਕਈ ਅਟਕਲਾਂ ਖੜੀਆਂ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਭਾਈ ਬਲਵੰਤ ਰਾਜੋਆਣਾ ਦੀ ਰਿਹਾਈ ਲਈ ਭੇਜੀ ਗਈ ਫ਼ਾਈਲ ਪੈਂਡਿਗ ਖਾਤੇ ਵਿਚ ਪਾਈ ਗਈ ਹੈ | ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਦੀ ਰਿਹਾਈ ਦੀ ਫ਼ਾਈਲ ਦਿੱਲੀ ਸਰਕਾਰ ਨੇ ਦੱਬ ਰਖੀ ਹੈ ਅਤੇ ਭਾਈ ਗੁਰਪ੍ਰੀਤ ਸਿੰਘ ਖੈੜਾ ਦਾ ਮਸਲਾ ਕਰਨਾਟਕ ਸਰਕਾਰ ਵਲੋਂ ਹਲ ਨਹੀਂ ਕੀਤਾ ਜਾ ਰਿਹਾ ਇਸਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਵੀ ਜੇਲ੍ਹ ਵਿਚ ਬੰਦ ਹਨ ਜਿਨ੍ਹਾਂ ਨੇ ਸਜ਼ਾਵਾਂ ਤੋਂ ਕਿਤੇ ਵਧ ਦਾ ਸਮਾਂ ਜੇਲਾਂ ਵਿਚ ਗੁਜ਼ਾਰ ਲਿਆ ਹੈ ਪਰ ਸਮੇਂ ਦੀਆਂ ਸਰਕਾਰਾਂ ਅੱਜ ਵੀ ਉਨ੍ਹਾਂ ਨੂੰ ਜੇਲਾਂ ਤੋਂ ਬਾਹਰ ਨਹੀਂ ਕਢ ਰਹੀਆਂ ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਕਰ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਗਾਉਣ |
ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਕਿਹਾ ਕਿ ਉਹ ਦਿਲੀ ਦਿਲਚਸਪੀ ਲੈ ਕੇ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਤਾਂ ਜੋ ਦੇਸ਼ ਵਿਚ ਹਿੰਦੂ, ਸਿੱਖ ਏਕਤਾ ਹੋਰ ਮਜ਼ਬੂਤ ਹੋਵੇ |
22 ਏਐਸਆਰ (ਹਰਦਿਆਲ)01 ਭਾਈ ਹਰਪ੍ਰੀਤ ਸਿੰਘ ਫ਼ਾਈਲ ਫੋਟੋ |