
ਪੰਜਾਬ ਦੀਆਂ 13 ਸੀਟਾਂ ਵਿਚੋਂ 10 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
ਪੰਜਾਬ: ਲੋਕ ਸਭਾ ਚੋਣਾਂ 2019 ਦੌਰਾਨ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿਚ ਐਨਡੀਏ ਗਠਜੋੜ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਘੱਟੋ ਘੱਟ 200 ਸੀਟਾਂ ਜਿੱਤਣ ਵਿਚ ਕਾਮਯਾਬ ਹੋ ਜਾਵੇਗੀ। ਇਸਦੇ ਨਾਲ ਹੀ ਜ਼ਿਆਦਾਤਰ ਸੂਬਿਆਂ ‘ਤੇ ਭਾਜਪਾ ਦੀ ਜਿੱਤ ਹੋ ਰਹੀ ਹੈ। ਪਰ ਨਾਲ ਹੀ ਪੰਜਾਬ ਦੀਆਂ 13 ਸੀਟਾਂ ਵਿਚੋਂ 10 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
Elections in india
ਰੁਝਾਨਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ 2 ਅਤੇ ਆਪ ਨੂੰ ਸਿਰਫ 1 ਸੀਟ ਮਿਲ ਰਹੀ ਹੈ। ਪੰਜਾਬ ਵਿਚ ਆਖਰੀ ਗੇੜ ਦੌਰਾਨ 19 ਮਈ ਨੂੰ ਵੋਟਾਂ ਹੋਈਆਂ ਸਨ। ਪੰਜਾਬ ਵਿਚ ਕੁਲ 117 ਵਿਧਾਨ ਸਭਾ ਸੀਟਾਂ ਅਤੇ 13 ਲੋਕਸਭਾ ਸੀਟਾਂ ਹਨ। ਪੰਜਾਬ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ, ਫਤਹਿਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਲੋਕ ਸਭਾ ਖੇਤਰ ਹਨ।
Punjab Congress
ਲੋਕ ਸਭਾ ਚੋਣਾਂ ਵਿਚ ਪੰਜਾਬ ‘ਚ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ 39294 ਵੋਟਾਂ ਨਾਲ ਅੱਗੇ ਹਨ। ਪੰਜਾਬ ਦੀ ਪਟਿਆਲਾ ਸੀਟ ‘ਤੇ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਅੱਗੇ ਹੈ। ਗੁਰਦਾਸਪੁਰ ਸੀਟ ਤੋਂ ਭਾਜਪਾ ਆਗੂ ਸੰਨੀ ਦਿਓਲ 27453 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਫਤਹਿਗੜ੍ਹ ਸਾਹਿਬ ਸੀਟ ‘ਤੇ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਅੱਗੇ ਚਲ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ 21730 ਵੋਟਾਂ ਤੋਂ ਅੱਗੇ ਚਲ ਰਹੇ ਹਨ। ਬਠਿੰਡਾ ਲੋਕ ਸਭਾ ਸੀਟ ਤੋਂ ਰਾਜਾ ਵੜਿੰਗ ਅੱਗੇ ਚਲ ਰਹੇ ਹਨ ਜਦਕਿ ਹਰਸਿਮਰਤ ਕੌਰ ਬਾਦਲ ਪਿੱਛੇ ਚਲ ਰਹੀ ਹੈ।
Shiromani Akali Dal
ਦੱਸ ਦਈਏ ਕਿ ਸਾਲ 2014 ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ-ਸ੍ਰੋਮਣੀ ਅਕਾਲੀ ਦਲ ਸੂਬੇ ਵਿਚ 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਸੀ। ਅਕਾਲੀ ਦਲ ਨੇ ਚਾਰ ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੇ ਦੋ ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਆਮ ਆਦਮੀ ਪਾਰਟੀ ਨੇ ਸੂਬੇ ਵਿਚ ਚਾਰ ਸੀਟਾਂ ‘ਤੇ ਜਿੱਤ ਹਾਸਿਲ ਕਰਦੇ ਹੋਏ ਤੀਜੇ ਬਦਲ ਦੇ ਰੂਪ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਕਾਂਗਰਸ ਨੂੰ ਸਿਰਫ ਤਿੰਨ ਸੀਟਾਂ 'ਤੇ ਜਿੱਤ ਮਿਲੀ ਸੀ।