
ਸਿਹਤ ਵਿਭਾਗ ਵਲੋਂ ਹਵਾਈ ਅੱਡੇ 'ਤੇ ਕੀਤੀ ਗਈ ਮੁਸਾਫ਼ਰਾਂ ਦੀ ਜਾਂਚ
ਐਸ.ਏ.ਐਸ ਨਗਰ : ਜ਼ਿਲ੍ਹਾ ਸਿਹਤ ਵਿਭਾਗ ਦੀਆਂ ਤਿੰਨ ਮੈਡੀਕਲ ਟੀਮਾਂ ਨੇ ਅੱਜ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਯੂ.ਐਸ.ਏ. ਤੋਂ ਆਈ 'ਏਅਰ ਇੰਡੀਆ' ਫ਼ਲਾਈਟ ਦੇ ਸਾਰੇ 100 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਅਤੇ ਕੋਈ ਵੀ ਮੁਸਾਫ਼ਰ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ। ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਉਡਾਣ ਵਿਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਇਨ੍ਹਾਂ ਵਿਚੋਂ 61 ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਵਿਚ ਐਸ.ਏ.ਐਸ ਨਗਰ ਤੋਂ 5, ਅੰਮ੍ਰਿਤਸਰ ਤੋਂ 10, ਬਠਿੰਡਾ ਤੋਂ 2, ਫਤਿਹਗੜ ਸਾਹਿਬ ਅਤੇ ਫਾਜ਼ਿਲਕਾ ਤੋਂ ਇਕ-ਇਕ, ਫਿਰੋਜ਼ਪੁਰ ਤੋਂ 3, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 6, ਜਲੰਧਰ ਤੋਂ 5, ਕਪੂਰਥਲਾ ਤੋਂ 4, ਲੁਧਿਆਣਾ ਤੋਂ 7, ਪਠਾਨਕੋਟ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਅਤੇ ਪਟਿਆਲਾ ਤੋਂ 11 ਮੁਸਾਫਰ ਹਨ।
File photo
ਗੁਆਂਢੀ ਰਾਜ ਹਰਿਆਣਾ ਤੋਂ 12, ਹਿਮਾਚਲ ਪ੍ਰਦੇਸ਼ ਤੋਂ 16, ਚੰਡੀਗੜ੍ਹ ਤੋਂ 9 ਅਤੇ ਉਤਰਾਖੰਡ ਤੋਂ 2 ਯਾਤਰੀ ਸਨ। ਮੈਡੀਕਲ ਜਾਂਚ ਟੀਮਾਂ ਦੀ ਅਗਵਾਈ ਕਰ ਰਹੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਕਿਸੇ ਵੀ ਯਾਤਰੀ ਅੰਦਰ 'ਕੋਰੋਨਾ' ਵਾਇਰਸ ਦਾ ਕੋਈ ਵੀ ਲੱਛਣ ਨਜ਼ਰ ਨਹੀਂ ਆਇਆ। ਮੈਡੀਕਲ ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਸਵਾਰੀਆਂ ਦੀ ਜਾਂਚ ਕੀਤੀ ਅਤੇ 'ਕੋਰੋਨਾ' ਵਾਇਰਸ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਵੀ ਸਮਝਾਇਆ।
File photo
ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹਾ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਡਟ ਕੇ ਕੰਮ ਕੀਤਾ ਹੈ।ਹਵਾਈ ਅੱਡੇ 'ਤੇ ਜਾਂਚ ਦੇ ਕੰਮ ਦੀ ਦੇਖਰੇਖ ਕਰ ਰਹੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ
ਬਰਾੜ ਨੇ ਦਸਿਆ ਕਿ ਇਹ ਫ਼ਲਾਈਟ ਵਾਇਆ ਨਵੀਂ ਦਿੱਲੀ ਮੋਹਾਲੀ ਵਿਖੇ ਪੁੱਜੀ ਅਤੇ ਏਅਰਪੋਰਟ ਅਧਿਕਾਰੀਆਂ ਦੇ ਸਹਿਯੋਗ ਨਾਲ ਤਮਾਮ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ।
File photo
ਉਨ੍ਹਾਂ ਦਸਿਆ ਕਿ ਤਮਾਮ ਯਾਤਰੀਆਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਅਹਿਤਿਆਤ ਵਜੋਂ 14 ਦਿਨਾਂ ਲਈ ਵੱਖ-ਵੱਖ ਥਾਈਂ ਸਰਕਾਰੀ ਇਕਾਂਤਵਾਸ ਕੇਂਦਰਾਂ ਵਿਚ ਰਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਜਾਂਚ ਦੌਰਾਨ ਸਿਹਤ ਅਧਿਕਾਰੀਆਂ ਨੇ ਪੂਰੀ ਅਹਿਤਿਆਤ ਵਰਤੀ ਅਤੇ ਸਵਾਰੀਆਂ ਨੇ ਵੀ ਇਕ ਦੂਜੇ ਤੋਂ ਫ਼ਾਸਲਾ ਰਖਿਆ ਅਤੇ ਸਾਰਿਆਂ ਨੇ ਮਾਸਕ ਪਾਏ ਹੋਏ ਸਨ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪਰਦੇਸੀ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਵੀ ਮੌਜੂਦ ਸਨ।