
ਮਾਮਲਾ ਥਾਣੇ 'ਚ ਪਿਉ-ਪੁੱਤ ਦੀ ਅਸ਼ਲੀਲ ਵੀਡੀਓ ਬਣਾਉਣ ਦਾ
ਖੰਨਾ,22ਮਈ (ਏਐਸਖੰਨਾ) : ਖੰਨਾ ਥਾਣੇ ਅੰਦਰ ਅੰਮ੍ਰਿਤਧਾਰੀ ਪਿਓ ਪੁੱਤ ਅਤੇ ਦਲਿਤ ਸੀਰੀ ਦੀ ਅਸ਼ਲੀਲ ਵੀਡੀਓ ਦਾ ਮਾਮਲਾ ਮੁੜ ਗਰਮਾ ਗਿਆ ਹੈ ਜਿਸ ਤੇ ਮਾਨਯੋਗ ਹਾਈ ਕੋਰਟ ਨੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਐਫਆਈਆਰ ਦਰਜ ਕਰ ਕੇ ਅਗਲੀ ਤਰੀਕ ਤੋਂ ਪਹਿਲਾਂ ਕੋਰਟ ਵਿਚ ਪੇਸ਼ ਕਰਨ ਦੇ ਹੁਕਮ ਕੀਤੇ ਹਨ। ਉਧਰ ਇੰਜ: ਮਨਵਿੰਦਰ ਸਿੰਘ ਗਿਆਸਪੁਰੇ ਦਾ ਕਹਿਣਾ ਹੈ ਕਿ ਐਸਐਚਓ ਬਲਜਿੰਦਰ ਸਿੰਘ ਨੂੰ ਤੁਰਤ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਖੰਨਾ ਸਦਰ ਥਾਣੇ ਵਿਚ ਅੰਮ੍ਰਿਤਧਾਰੀ ਪਿਓ ਅਤੇ ਉਸ ਦੇ ਨਾਬਾਲਗ ਪੁੱਤ ਅਤੇ ਉਸ ਦੇ ਸੀਰੀ ਨੂੰ ਐਸਐਚਓ ਬਲਜਿੰਦਰ ਸਿੰਘ ਵਲੋਂ ਥਾਣੇ ਵਿਚ ਹੀ ਨੰਗਾ ਕਰ ਕੇ ਕੁੱਟਮਾਰ ਕਰਨ ਉਪਰੰਤ ਵੀਡੀਓ ਵਾਇਰਲ ਕਰਨ ਸਬੰਧੀ ਅੱਜ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਮਾਨਯੋਗ ਨਿਰਮਲਜੀਤ ਕੌਰ ਦੀ ਅਦਾਲਤ ਵਿਚ ਹੋਈ।
File photo
ਜਿਸ ਵਿਚ ਪੀੜਤ ਜਗਪਾਲ ਸਿੰਘ ਦੇ ਵਕੀਲ ਗੁਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਸ਼ਰਮਨਾਕ ਘਟਨਾ ਸਬੰਧੀ ਡੀਜੀਪੀ ਸਾਹਿਬ ਨੇ ਪ੍ਰੈਸ ਵਿਚ ਇੰਨਕੁਆਇਰੀ ਸਬੰਧੀ ਦਸਿਆ ਸੀ ਕਿ ਇਸ ਘਿਨਾਉਣੀ ਕਾਰਵਾਈ ਦੀ ਜਸਕਰਨ ਸਿੰਘ ਆਈ.ਜੀ. ਦੀ ਅਗਵਾਈ ਵਿਚ ਇੰਨਕੁਆਇਰੀ ਲਈ ਕਿਹਾ ਸੀ ਪਰ ਹੁਣ ਤਕ ਇਸ ਸਬੰਧੀ ਕੁੱਝ ਨਹੀਂ ਹੋਇਆ । ਅਦਾਲਤ ਨੇ ਤੁਰਤ ਨੋਟਿਸ ਜਾਰੀ ਕੀਤਾ ਤੇ ਸਰਕਾਰ ਤਰਫੋਂ ਉਹ ਨੋਟਿਸ ਮਿਸ ਸਮੀਨਾ ਧੀਰ ਨੇ ਪ੍ਰਾਪਤ ਕੀਤਾ। ਜਸਟਿਸ ਨਿਰਮਲਜੀਤ ਕੌਰ ਸਖਤ ਰੁੱਖ ਦਿਖਾਉਂਦੇ ਘਟਨਾ ਨੂੰ ਸ਼ਰਮਨਾਕ ਕਿਹਾ ਤੇ ਇਸ ਸੰਬੰਧੀ ਡੀ ਜੀ ਪੀ ਖੁਦ ਅਪਣੀ ਦੇਖ ਰੇਖ ਹੇਠ ਤੁਰਤ ਐਫ਼.ਆਈ.ਆਰ. ਦਰਜ ਕਰਨਗੇ ਅਤੇ ਅਪਣੀ ਦੇਖ ਰੇਖ ਹੇਠ ਸਮਾਂ ਬੱਧ ਇੰਨਕੁਆਇਰੀ ਕਰ ਸਕਦੇ ਹਨ। ਇਹ ਐਫ ਆਈ ਆਰ ਅਗਲੀ ਪੇਸ਼ੀ 'ਤੇ 8 ਜੁਲਾਈ 2020 ਤਕੱ ਕੋਰਟ ਵਿਚ ਪੇਸ਼ ਕਰਨੀ ਹੋਵੇਗੀ ।