
ਸਾਬਕਾ ਵਿਧਾਇਕ ਨੇ ਆਪਣੇ ਖਿਲਾਫ ਦਰਜ ਬਲਾਤਕਾਰ ਦੇ ਕੇਸ ਅਤੇ ਭਗੌੜਾ ਕਰਾਰ ਦਿੱਤੇ ਜਾਣ ਨੂੰ ਚੁਣੌਤੀ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਲਕਾ ਆਤਮਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਦਰਅਸਲ ਬੈਂਸ ਨੇ ਹਾਈ ਕੋਰਟ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਸਾਬਕਾ ਵਿਧਾਇਕ ਨੇ ਆਪਣੇ ਖਿਲਾਫ ਦਰਜ ਬਲਾਤਕਾਰ ਦੇ ਕੇਸ ਅਤੇ ਭਗੌੜਾ ਕਰਾਰ ਦਿੱਤੇ ਜਾਣ ਨੂੰ ਚੁਣੌਤੀ ਦਿੱਤੀ ਹੈ। ਸੋਮਵਾਰ ਨੂੰ ਹਾਈ ਕੋਰਟ 'ਚ ਇਸ ਮਾਮਲੇ 'ਚ ਕਰੀਬ ਡੇਢ ਘੰਟੇ ਤੱਕ ਬਹਿਸ ਚੱਲੀ। ਇਕ ਦਿਨ ਬਾਅਦ ਇਸ ਮਾਮਲੇ ਦੀ ਮੁੜ ਸੁਣਵਾਈ ਹੋਵੇਗੀ। ਬੈਂਸ ਨੇ ਆਪਣੇ ਖ਼ਿਲਾਫ਼ ਦਰਜ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।
ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਉਹਨਾਂ ਖ਼ਿਲਾਫ਼ ਦਰਜ ਬਲਾਤਕਾਰ ਦਾ ਕੇਸ ਸਿਆਸੀ ਰੰਜਿਸ਼ ਕਾਰਨ ਹੋਇਆ ਹੈ। ਕੇਸ ਦਾਇਰ ਕਰਨ ਵਾਲੀ ਔਰਤ ਨੇ ਪਹਿਲਾਂ ਕਦੇ ਵੀ ਅਜਿਹੇ ਦੋਸ਼ ਨਹੀਂ ਲਾਏ ਹਨ। ਬੈਂਸ ਨੇ ਮੰਗ ਕੀਤੀ ਕਿ ਜਦੋਂ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਉਹਨਾਂ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ।
ਦੱਸ ਦੇਈਏ ਕਿ ਸਿਮਰਜੀਤ ਬੈਂਸ ਖਿਲਾਫ ਲੁਧਿਆਣਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਬੈਂਸ ਖਿਲਾਫ 10 ਜੁਲਾਈ 2021 ਨੂੰ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਬੈਂਸ ਅਦਾਲਤ ਵਿਚ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਲੁਧਿਆਣਾ ਦੀ ਅਦਾਲਤ ਨੇ ਬੈਂਸ ਅਤੇ ਉਸ ਦੇ ਸਾਥੀਆਂ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਨੂੰ ਭਗੌੜਾ ਐਲਾਨ ਦਿੱਤਾ। ਇਸ ਦੇ ਨਾਲ ਹੀ ਉਹਨਾਂ ਦੇ ਪੋਸਟਰ ਵੀ ਲਗਾਏ ਗਏ ਸਨ।