ਬਠਿੰਡਾ ਪੱਟੀ 'ਚ ਜੰਮਦੇ ਨਰਮੇ ਨੂੰ ਪੱਤਾ ਲਪੇਟ ਬੀਮਾਰੀ ਨੇ ਘੇਰਿਆ
Published : Jun 23, 2018, 2:33 am IST
Updated : Jun 23, 2018, 2:33 am IST
SHARE ARTICLE
Farmer Giving Information About Cotton
Farmer Giving Information About Cotton

ਬਠਿੰਡਾ ਪੱਟੀ 'ਚ ਨਰਮੇ ਦੀ ਫ਼ਸਲ ਨੂੰ ਪੱਤਾ ਲਪੇਟ ਬੀਮਾਰੀ ਨੇ ਘੇਰ ਲਿਆ ਹੈ। ਪਿਛਲੇ ਦੋ-ਤਿੰਨ ਦਿਨਾਂ 'ਚ ਹੀ ਜ਼ਿਲ੍ਹੇ ਦੇ ਮੌੜ ਅਤੇ ਤਲਵੰਡੀ ਸਾਬੋ......

ਬਠਿੰਡਾ : ਬਠਿੰਡਾ ਪੱਟੀ 'ਚ ਨਰਮੇ ਦੀ ਫ਼ਸਲ ਨੂੰ ਪੱਤਾ ਲਪੇਟ ਬੀਮਾਰੀ ਨੇ ਘੇਰ ਲਿਆ ਹੈ। ਪਿਛਲੇ ਦੋ-ਤਿੰਨ ਦਿਨਾਂ 'ਚ ਹੀ ਜ਼ਿਲ੍ਹੇ ਦੇ ਮੌੜ ਅਤੇ ਤਲਵੰਡੀ ਸਾਬੋ ਬਲਾਕ 'ਚ ਇਸ ਬੀਮਾਰੀ ਕਾਰਨ ਸੈਂਕੜੇ ਏਕੜ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਪਿਛਲੇ ਦੋ-ਤਿੰਨ ਸਾਲਾਂ ਤੋਂ ਚਿੱਟੀ ਮੱਖੀ ਦੀ ਬਿਪਤਾ ਤੋਂ ਬਚੇ ਕਿਸਾਨਾਂ ਦੇ ਇਸ ਨਵੀਂ ਬੀਮਾਰੀ ਦੇ ਆਉਣ ਕਾਰਨ ਸਾਹ ਸੁੱਕ ਗਏ ਹਨ। 

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਲੇ ਇਸ ਬੀਮਾਰੀ ਨਾਲ ਹੋਏ ਨੁਕਸਾਨ ਨੂੰ ਬਹੁਤ ਘੱਟ ਦਸ ਰਹੇ ਹਨ ਪਰ ਕਿਸਾਨਾਂ 'ਚ ਪੈਦਾ ਹੋਈ ਹਲਚਲ ਤੋਂ ਬਾਅਦ ਉਨ੍ਹਾਂ ਖੇਤਾਂ ਦੇ ਦੌਰੇ ਸ਼ੁਰੂ ਕਰ ਦਿਤੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਬੀਮਾਰੀ ਦੀ ਲਪੇਟ 'ਚ ਹੁਣ ਤਕ 100 ਏਕੜ ਤੋਂ ਵੱਧ ਫ਼ਸਲ ਆ ਚੁੱਕੀ ਹੈ। ਦੂਜੇ ਪਾਸੇ ਕਿਸਾਨਾਂ ਦਾ ਦਾਅਵਾ ਹੈ ਕਿ ਅਚਾਨਕ ਆਈ ਇਸ ਬੀਮਾਰੀ ਕਾਰਨ ਦੋਨਾਂ ਬਲਾਕਾਂ ਵਿਚ 500 ਤੋਂ 600 ਏਕੜ ਨਰਮੇ ਦੀ ਫ਼ਸਲ ਤਬਾਹ ਹੋ ਗਈ ਹੈ। 

ਮੋੜ ਬਲਾਕ ਦੇ ਪਿੰਡ ਭਾਈ ਬਖਤੌਰ, ਰਾਮਗੜ੍ਹ ਭੂੰਦੜ, ਬੁਰਜਸੇਮਾ, ਮਾਈਸਰਖ਼ਾਨਾ ਅਤੇ ਤਲਵੰਡੀ ਸਾਬੋ ਦੇ ਸੀਂਗੋ, ਮਲਕਾਣਾ ਤੇ ਜੋਗੇਵਾਲਾ ਆਦਿ ਵਿਚ ਪਿਛਲੇ ਦਿਨੀਂ ਆਏ ਮੀਂਹ ਤੋਂ ਬਾਅਦ ਨਰਮੇ ਦੇ ਪੌਦੇ ਇਕਦਮ ਮੁਰਝਾਉਣੇ ਸ਼ੁਰੂ ਹੋ ਗਏ ਤੇ ਇਕ ਦਿਨ ਵਿਚ ਹੀ ਸੁੱਕ ਗਏ। ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਖੇਤਾਂ ਵਿਚ ਆਈ ਹੈ, ਜਿਥੇ ਨਰਮਾ ਬੈਡ ਬਣਾ ਕੇ ਬੀਜਿਆ ਗਿਆ ਹੈ।  

ਪਿੰਡ ਰਾਮਗੜ੍ਹ ਭੂੰਦੜ ਦੇ ਨੌਜਵਾਨ ਕਿਸਾਨ ਭਿੰਦਰ ਸਿੰਘ ਨੇ ਦਸਿਆ ਕਿ ਦੋ ਦਿਨ ਪਹਿਲਾਂ ਅਚਾਨਕ ਨਰਮੇ ਦੇ ਕੁੱਝ ਪੌਦਿਆਂ ਦੇ ਪੱਤੇ ਸੁੱਖਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਜੜ੍ਹ ਵੀ ਸੁੱਕਣ ਲੱਗੀ। ਕਿਸਾਨ ਆਗੂ ਜਸਵੀਰ ਸਿੰਘ ਬੁਰਜਸੇਮਾ ਨੇ ਦਾਅਵਾ ਕੀਤਾ ਕਿ ਪਿੰਡ ਭੂੰਦੜ ਵਿਚ 10 ਏਕੜ, ਭਾਈਬਖਤੌਰ ਵਿਚ ਕਰੀਬ 100 ਏਕੜ, ਬੁਰਜਸੇਮਾ ਵਿਚ ਵੀ 10 ਏਕੜ, ਜੋਧਪੁਰ ਪਾਖਰ ਵਿਚ 15 ਏਕੜ, ਮਾਈਸਰਖ਼ਾਨਾ ਵਿਚ 10 ਏਕੜ ਰਕਬਾ ਇਸ ਬੀਮਾਰੀ ਦੀ ਲਪੇਟ ਵਿਚ ਆਇਆ ਹੈ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਖੇਤਾਂ ਵਿਚ ਆਈ ਹੈ, ਜਿਥੇ ਨਰਮਾ ਬੈਡ ਬਣਾ ਕੇ ਬੀਜਿਆ ਗਿਆ ਹੈ ਤੇ ਉਥੇ ਦੀ ਧਰਤੀ ਹੇਠਲਾ ਪਾਣੀ ਕਾਫ਼ੀ ਮਾੜਾ ਹੈ। ਵਿਭਾਗ ਦੇ ਜੁਆਇੰਟ ਡਾਇਰੇਕਟਰ (ਕਾਟਨ) ਡਾ ਸੁਖਦੇਵ ਸਿੰਘ ਸਿੱਧੂ ਨੇ ਦਸਿਆ ਕਿ ਅਚਾਨਕ ਭਾਰੀ ਬਾਰਿਸ਼ ਕਾਰਨ ਧਰਤੀ ਹੇਠਲੇ ਜ਼ਹਿਰੀਲੇ ਤੱਤ ਪੌਦੇ ਕੋਲ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਪਹਿਲਾਂ ਪੱਤੇ ਤੇ ਫ਼ਿਰ ਪੌਦਾ ਸੁੱਕ ਜਾਂਦਾ ਹੈ। ਉਨ੍ਹਾਂ ਕਿਹਾ ਬੀਮਾਰੀ ਦਾ ਪਤਾ ਲੱਗਦੇ ਹੀ ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਤੋਂ ਰੀਪਰੋਟ ਮੰਗ ਲਈ ਹੈ। 

ਡਾ. ਸਿੱਧੂ ਨੇ ਦਾਅਵਾ ਕੀਤਾ ਕਿ ਖੇਤੀਬਾੜੀ ਵਿਭਾਗ ਸਿਰਫ਼ ਵੱਟਾਂ ਬਣਾ ਕੇ ਉਸ ਉਪਰ ਨਰਮੇ ਦੀ ਬੀਜਾਈ ਦੀ ਸਿਫ਼ਾਰਸ਼ ਜ਼ਰੂਰ ਕਰਦਾ ਹੈ ਪਰ ਬੈਡ ਬਣਾਉਣ ਦੀ ਸਲਾਹ ਨਹੀਂ ਦਿੰਦਾ। ਉਨ੍ਹਾਂ ਮੰਨਿਆ ਕਿ ਰੀਪੋਰਟਾਂ ਮੁਤਾਬਕ ਕੁੱਝ ਥਾਂ ਨਰਮੇ ਦੀ ਫ਼ਸਲ ਦਾ ਨੁਕਸਾਨ ਜ਼ਰੂਰ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਨੁਕਸਾਨ ਵਾਲੇ ਥਾਂ ਤੁਰਤ ਸੀਲਰ ਲਗਾ ਕੇ ਨਹਿਰੀ ਪਾਣੀ ਲਗਾਉਣ ਦੀ ਸ਼ਿਫਾਰਸ਼ ਕੀਤੀ ਹੈ।  

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਾਦਿੱਤਾ ਸਿੰਘ ਸਿੱਧੂ ਨੇ ਦਸਿਆ ਕਿ ਮੋੜ ਤੇ ਤਲਵੰਡੀ ਸਾਬੋ ਦੇ ਖੇਤਰ ਦੇ ਦਰਜਨਾਂ ਪਿੰਡਾਂ ਵਿਚ ਨਰਮੇ ਦੇ ਪੱਤੇ ਸੁੱਕਣ ਦੀਆਂ ਸ਼ਿਕਾਇਤਾਂ ਆਈਆਂ ਹਨ ਤੇ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਖੇਤਾਂ ਵਿਚ ਸਰਵੇ ਕਰ ਰਹੀਆਂ ਹਨ।  ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਵਿਭਾਗ ਵਲੋਂ ਮੁਫ਼ਤ ਕੋਬਾਟਕਲੋਰੋਰਾਈਡ ਨਾਂ ਦੀ ਦਵਾਈ ਦਿਤੀ ਜਾ ਰਹੀ ਹੈ,

ਜਿਸ ਦੇ 1 ਗ੍ਰਾਮ ਨੂੰ 100 ਲੀਟਰ ਪਾਣੀ ਵਿਚ ਪਾਉਣਾ ਹੈ ਤੇ ਸਪਰੇਅ ਪੰਪ ਨਾਲ ਨੁਕਸਾਨੇ ਹੋਏ ਪੌਦੇ ਦੇ ਪੱਤੇ ਅਤੇ ਉਸ ਦੀ ਜੜ੍ਹ ਨੂੰ ਪੂਰੀ ਤਰ੍ਹਾਂ ਗਿੱਲਾ ਕਰਨਾ ਹੈ। 
ਡਾ. ਸਿੱਧੂ ਨੇ ਦਸਿਆ ਕਿ ਪੂਰੀ ਤਰ੍ਹਾਂ ਡੂੰਘਾਈ ਤਕ ਜਾਣ ਲਈ ਬੀਮਾਰੀ ਵਾਲੇ ਖੇਤਾਂ ਵਿਚ ਮਿੱਟੀ ਅਤੇ ਪਾਣੀ ਦੇ ਸੈਂਪਲ ਲਏ ਹਨ ਜਿਨ੍ਹਾਂ ਦੀ ਸੋਮਵਾਰ ਤਕ ਰੀਪੋਰਟ ਆ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement