
ਪੰਜਾਬ ਵਿਧਾਨ ਸਭਾ ਕਮੇਟੀਆਂ ਦੀਆਂ ਬੈਠਕਾਂ ਵਿਚ ਚੁਣੇ ਹੋਏ ਵਿਧਾਇਕਾਂ ਨੇ ਅਪਣਾ ਠੁੱਕ ਬਣਾਉਣ ਲਈ ਅਤੇ ਪਿਛਲੇ ਸਾਲਾਂ ਵਿਚ ਸਰਕਾਰੀ ਬਜਟ......
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਕਮੇਟੀਆਂ ਦੀਆਂ ਬੈਠਕਾਂ ਵਿਚ ਚੁਣੇ ਹੋਏ ਵਿਧਾਇਕਾਂ ਨੇ ਅਪਣਾ ਠੁੱਕ ਬਣਾਉਣ ਲਈ ਅਤੇ ਪਿਛਲੇ ਸਾਲਾਂ ਵਿਚ ਸਰਕਾਰੀ ਬਜਟ ਦੀਆਂ ਤੈਅ ਸ਼ੁਦਾ ਰਕਮਾਂ ਦੇ ਖ਼ਰਚੇ ਦੀ ਨਜ਼ਰਸਾਨੀ ਕਰਨ ਤੇ ਨਿਰੀਖਣ, ਪੜਚੋਲ ਆਦਿ ਕਰਨ ਦੇ ਮਨਸ਼ੇ ਨਾਲ ਸੀਨੀਅਰ ਆਈਏਐਸ ਅਧਿਕਾਰੀਆਂ ਦੀ ਖਿਚਾਈ ਕਰਨ ਦਾ ਸਿਲਸਿਲਾ ਜਾਰੀ ਰਖਿਆ ਹੈ।
ਅੱਜ ਵਿਧਾਨ ਸਭਾ ਕੰਪਲੈਕਸ ਵਿਚ ਹੋਈਆਂ 4 ਕਮੇਟੀਆ ਦੀਆਂ ਬੈਠਕਾਂ ਵਿਚ ਇਕ ਅਹਿਮ ਅਨੁਮਾਨ ਕਮੇਟੀ ਨੇ ਜਲ ਸ੍ਰੋਤ ਤੇ ਨਹਿਰੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਜਸਪਾਲ ਸਿੰਘ ਤੋਂ ਜ਼ੁਬਾਨੀ ਪੁਛਗਿਛ ਕੀਤੀ ਕਿ ਪਿਛਲੇ ਸਾਲਾਂ ਵਿਚ ਬਨੂੜ ਨਹਿਰ ਪ੍ਰਾਜੈਕਟ ਤੇ ਬਜਟ ਤਜਵੀਜ਼ਾਂ ਅਨੁਸਾਰ ਰਾਖਵੀਂ ਰਕਮ ਖ਼ਰਚ ਕਿਉਂ ਨਹੀਂ ਕੀਤੀ ਅਤੇ ਪ੍ਰਾਜੈਕਟ ਦਾ ਕੰਮ ਤੇ ਹੋਰ ਉਸਾਰੀ ਅੱਗੇ ਕਿਉਂ ਨਹੀਂ ਹੋਈ? ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜ਼ੁਬਾਨੀ ਤਫ਼ਸੀਲ ਕਮੇਟੀ ਚੇਅਰਮੈਨ ਹਰਦਿਆਲ ਸਿੰਘ ਕੰਬੋਜ ਤੇ ਹੋਰ ਮੈਂਬਰਾਂ ਨੂੰ ਤਸੱਲੀ ਨਾਲ ਦੇ ਦਿਤੀ।
ਜ਼ਿਕਰਯੋਗ ਹੈ ਕਿ ਅੱਜ ਲੋਕ ਲੇਖਾ ਕਮੇਟੀ ਦੀ ਬੈਠਕ 'ਆਪ' ਵਿਧਾਇਕ ਕੰਵਰ ਸੰਧੂ ਦੀ ਪ੍ਰਧਾਨਗੀ ਵਿਚ ਹੋਈ। ਲਾਇਬ੍ਰੇਰੀ ਕਮੇਟੀ ਦੀ ਬੈਠਕ ਵਿਚ ਅਮਰੀਕ ਸਿੰਘ ਢਿੱਲੋਂ ਬਤੌਰ ਚੇਅਰਮੈਨ ਅਸਤੀਫ਼ਾ ਦੇ ਚੁਕੇ ਹਨ, ਉਹ ਨਹੀਂ ਆਏ ਪਰ ਬਾਕੀ ਵਿਧਾਇਕਾਂ ਨੇ ਮੀਟਿੰਗ ਕਰ ਲਈ। ਪਬਲਿਕ ਅੰਡਰਟੇਕਿੰਗ ਕਮੇਟੀ ਦੀ ਬੈਠਕ ਵੀ ਅੱਜ ਹੋਈ। ਇਸ ਦੇ ਚੇਅਰਮੈਨ ਰਾਕੇਸ਼ ਪਾਂਡੇ ਨੇ ਅਸਤੀਫ਼ਾ ਦਿਤਾ ਹੋਇਆ ਹੈ,
ਉਹ ਨਹੀਂ ਆਏ। ਬਾਕੀ ਮੈਂਬਰਾਂ ਨੇ ਬੈਠਕ ਕਰ ਲਈ। ਅਗਲੇ ਮੰਗਲਵਾਰ ਨੂੰ ਮਰਿਯਾਦਾ ਕਮੇਟੀ ਦੀ ਮੀਟਿੰਗ ਵਿਚ ਅਪਣਾ ਪੱਖ ਪੇਸ਼ ਕਰਨ ਲਈ ਰੋਪੜ ਦੇ ਦੇ ਵਿਧਾਇਕ ਅਮਰਜੀਤ ਸੰਦੋਆ ਨੂੰ ਬੁਲਾਇਆ ਗਿਆ ਹੈ। ਸੰਦੋਆ ਨੇ ਰੋਪੜ ਦੀ ਡੀ ਸੀ ਗੁਰਨੀਤ ਕੌਰ ਤੇਜ਼ ਵਿਰੁਧ, ਵਿਧਾÎਇਕ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੀ ਸ਼ਿਕਾਇਤ ਸਪੀਕਰ ਕੋਲ ਕੀਤੀ ਹੈ ਜਿਸ ਨੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦੇ ਦਿਤਾ ਸੀ।