
ਕੈਨੇਡਾ ਤੋਂ ਪਰਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਉਸ ਦੇ ਸਾਥੀ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ........
ਕੋਟਕਪੂਰਾ : ਕੈਨੇਡਾ ਤੋਂ ਪਰਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਉਸ ਦੇ ਸਾਥੀ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਲ ਕੈਨੇਡਾ ਹਵਾਈ ਅੱਡੇ ਤੋਂ ਜਬਰੀ ਵਾਪਸ ਭੇਜਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਇਹ ਤਾਂ ਮੰਨਿਆ ਕਿ ਦਸਤਾਵੇਜ਼ਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਕੈਨੇਡਾ ਤੋਂ ਮੁੜਨਾ ਪਿਆ ਪਰ ਜਬਰੀ ਵਾਪਸ ਭੇਜਣ ਦੀਆਂ ਖ਼ਬਰਾਂ ਦਾ ਉਨ੍ਹਾਂ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਸਿਆਸੀ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।
ਦੋਹਾਂ ਵਿਧਾਇਕਾਂ ਨੇ ਕਿਹਾ ਕਿ ਉਹ ਨਿਜੀ ਦੌਰੇ ਤਹਿਤ ਕੈਨੇਡਾ ਗਏ ਸਨ। ਕੈਨੇਡਾ 'ਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਕੁੱਝ ਮੀਟਿੰਗਾਂ ਰੱਖੀਆਂ ਸਨ ਜਿਨ੍ਹਾਂ ਬਾਰੇ ਕੈਨੇਡਾ ਦੀ ਅੰਬੈਸੀ ਨੂੰ ਪਤਾ ਸੀ ਅਤੇ ਉਥੋਂ ਦੇ ਅਧਿਕਾਰੀ ਇਸ ਦੌਰੇ ਨੂੰ ਸਿਆਸੀ ਮੰਨ ਰਹੇ ਸਨ। ਉਨ੍ਹਾਂ ਕਿਹਾ, ' ਸਾਡੇ ਵਲੋਂ ਇਸ ਨੂੰ ਨਿਜੀ ਦੌਰਾ ਦੱਸਣ 'ਤੇ ਉਨ੍ਹਾਂ ਨੇ ਮਾਫ਼ੀ ਮੰਗ ਲਈ ਪਰ ਇਹ ਵੀ ਕਿਹਾ ਕਿ ਤੁਹਾਨੂੰ ਕੈਨੇਡਾ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
Kultar Singh Sandhwan
ਵਿਧਾਇਕਾਂ ਅਨੁਸਾਰ ਅੰਬੈਸੀ ਦੇ ਅਧਿਕਾਰੀਆਂ ਨੇ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਆਖਿਆ ਕਿ ਉਹ ਆਮ ਵਿਅਕਤੀ ਨਹੀਂ ਬਲਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ, ਇਸ ਲਈ ਜੇ ਭਵਿੱਖ 'ਚ ਆਉਣਾ ਚਾਹੁਣ ਤਾਂ ਸਹੀ ਸੂਚਨਾ ਦੇ ਆਧਾਰ 'ਤੇ ਜਦੋਂ ਮਰਜ਼ੀ ਆ ਸਕਦੇ ਹਨ। ਵਿਧਾਇਕਾਂ ਨੇ ਦਸਿਆ ਕਿ ਨਾ ਤਾਂ ਉਨ੍ਹਾਂ ਦੇ ਪਾਸਪੋਰਟ 'ਤੇ ਮੋਹਰ ਲਾਈ ਗਈ ਤੇ ਨਾ ਹੀ ਕੋਈ ਅਜਿਹਾ ਹੁਕਮ ਜਾਰੀ ਕੀਤਾ ਗਿਆ ਜਿਸ ਨਾਲ ਭਵਿੱਖ 'ਚ ਕੈਨੇਡਾ ਜਾਣ 'ਚ ਕੋਈ ਦਿੱਕਤ ਆਵੇ।