ਅਪਣੇ ਹਲਕੇ ਅੰਦਰ ਵਿਕਾਸ ਕਾਰਜਾਂ 'ਚ ਵਿਤਕਰੇ ਦਾ ਲਾਇਆ ਦੋਸ਼
ਚੰਡੀਗੜ੍ਹ : ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਚੁਪੀ ਅਧੀਨ ਵਿਚਰ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਚਿੱਠੀ ਲਿਖਦਿਆਂ ਖੁਦ ਦੇ ਹਲਕੇ ਅੰਦਰ ਵਿਕਾਸ ਕਾਰਜਾਂ 'ਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਅੰਦਰ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਗਏ ਹਨ।
ਸਿੱਧੂ ਨੇ ਚਿੱਠੀ ਜ਼ਰੀਏ ਕੈਪਟਨ 'ਤੇ ਦੋਸ਼ ਲਾਇਆ ਕਿ ਅੰਮ੍ਰਿਤਸਰ ਦੇ ਪੂਰਬੀ ਇਲਾਕੇ ਨਾਲ ਪੱਖਪਾਤੀ ਰਵੱਈਆ ਅਪਨਾਇਆ ਜਾ ਰਿਹਾ ਹੈ। ਸਿੱਧੂ ਮੁਤਾਬਕ ਅੰਮ੍ਰਿਤਸਰ ਦੇ ਪੰਜ ਬ੍ਰਿਜ ਅਤੇ ਇਮਪਰੂਵਮੈਂਟ ਟਰੱਸਟ ਨਾਲ ਜੁੜੇ ਵਿਕਾਸ ਕਾਰਜ ਜਾਂ ਤਾਂ ਪੂਰੀ ਤਰ੍ਹਾਂ ਬੰਦ ਪਏ ਹਨ ਜੋ ਚੱਲ ਵੀ ਰਹੇ ਹਨ, ਉਨ੍ਹਾਂ ਦੀ ਰਫ਼ਤਾਰ ਵੀ ਕਾਫ਼ੀ ਧੀਮੀ ਹੈ। ਉਨ੍ਹਾਂ ਗਿਲਾ ਜ਼ਾਹਰ ਕਰਦਿਆਂ ਅੱਗੇ ਲਿਖਿਆ ਹੈ ਕਿ ਉਹ ਜਦੋਂ ਵੀ ਇਸ ਸਬੰਧੀ ਅਫ਼ਸਰਾਂ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ।
ਸਿੱਧੂ ਨੇ ਚਿੱਠੀ 'ਚ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਅਕਤੂਬਰ 2018 'ਚ ਮੁੱਖ ਮੰਤਰੀ ਨੇ ਪੰਜ ਪੁੱਲਾਂ ਦਾ ਉਦਘਾਟਨ ਕੀਤਾ ਜਿਸ ਵਿਚੋਂ ਦੋ ਪੁੱਲ ਮੇਰੇ ਇਲਾਕੇ ਅੰਮ੍ਰਿਤਸਰ ਈਸਟ 'ਚ ਪੈਂਦੇ ਹਨ। ਇਸ ਸਮੇਂ ਇਨ੍ਹਾਂ ਪੁਲਾਂ ਦਾ ਕੰਮ ਜਾਂ ਤਾਂ ਬਿਲਕੁਲ ਬੰਦ ਪਿਆ ਹੈ, ਜੋ ਚੱਲ ਵੀ ਰਿਹਾ ਹੈ, ਉਹ ਬਹੁਤ ਹੀ ਹੋਲੀ ਗਤੀ ਨਾਲ ਅੱਗੇ ਵਧ ਰਿਹਾ ਹੈ।
ਕਾਬਲੇਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਕਾਂਗਰਸੀ ਵਿਧਾਇਕ ਹਨ। ਉਨ੍ਹਾਂ ਦੀ ਅਪਣੇ ਹਲਕੇ ਅੰਦਰ ਕਾਫ਼ੀ ਲੋਕਪ੍ਰਿਅਤਾ ਹੈ। ਕੋਈ ਸਾਲ ਕੁ ਪਹਿਲਾਂ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੱਤਭੇਦ ਹੋ ਗਏ ਸਨ। ਇਸ ਤੋਂ ਬਾਅਦ ਸਿੱਧੂ ਨੇ ਅਪਣੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।