ਵੀਡੀਓ ਕਾਨਫ਼ਰੰਸ ਜ਼ਰੀਏ ਜੁੜੀਆਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕੈਬਨਿਟ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ
ਚੰਡੀਗੜ੍ਹ : ਕਰੋਨਾ ਮਹਾਮਾਰੀ ਕਾਰਨ ਇਕ ਵਾਰ ਪੂਰੇ ਦੇਸ਼ ਅੰਦਰ ਲੌਕਡਾਊਨ ਲਗਾਉਣਾ ਪਿਆ। ਇਸ ਦੌਰਾਨ ਪੰਜਾਬ ਹੀ ਇਕ ਅਜਿਹਾ ਸੂਬਾ ਸੀ, ਜਿਸ ਨੇ ਸਭ ਤੋਂ ਪਹਿਲਾਂ ਕਰਫਿਊ ਵਰਗੀਆਂ ਸਖ਼ਤ ਪਾਬੰਦੀਆਂ ਲਾਗੂ ਕਰਨ 'ਚ ਪਹਿਲ ਕੀਤੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਲੌਕਡਾਊਨ ਸਮੇਤ ਹੋਰ ਪਾਬੰਦੀਆਂ ਲਗਾ ਦਿਤੀਆਂ। ਇਸ ਸਭ ਦਾ ਅਸਰ ਦੇਸ਼ ਅੰਦਰ ਚੱਲ ਰਹੇ ਵਿਕਾਸ ਕਾਰਜਾਂ 'ਤੇ ਪਿਆ। ਪਾਬੰਦੀਆਂ ਵਧੇਰੇ ਸਖ਼ਤੀ ਨਾਲ ਲਾਗੂ ਕਰਨ ਕਾਰਨ ਪੰਜਾਬ ਵਿਕਾਸ ਪੱਖੋਂ ਇਕ ਵਾਰ ਹਾਸ਼ੀਏ 'ਤੇ ਚਲੇ ਗਿਆ ਸੀ।
ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਹਾਲਾਤ ਕੁੱਝ ਸੁਧਰਨ ਬਾਅਦ ਪੰਜਾਬ ਸਰਕਾਰ ਨੇ ਮੁੜ ਸਰਗਰਮੀ ਵਿਖਾਉਣੀ ਸ਼ੁਰੂ ਕਰ ਦਿਤੀ ਹੈ। ਭਾਵੇਂ ਅਜੇ ਤਕ ਲੋਕਾਂ 'ਚ ਖੁਲ੍ਹ ਕੇ ਵਿਚਰਨ ਦੀ ਮਨਾਹੀ ਹੈ, ਇਸ ਦੇ ਬਾਵਜੂਦ ਮੁੱਖ ਮੰਤਰੀ ਤੋਂ ਇਲਾਵਾ ਕੈਬਨਿਟ ਮੰਤਰੀਆਂ ਵਲੋਂ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਿਕਾਸ ਕਾਰਜਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕੈਬਨਿਟ ਮੰਤਰੀ ਸੁਖਿੰਦਰ ਰੰਾਧਾਵਾ ਵਲੋਂ ਵੀ ਪਿੰਡਾਂ ਦੀ ਪੰਚਾਇਤਾਂ ਨਾਲ ਸਰਕਾਰੀ ਨੁਮਾਇੰਦਿਆਂ ਸਮੇਤ ਵੀਡੀਓ ਕਾਨਫ਼ਰੰਸ ਜ਼ਰੀਏ ਸੰਪਰਕ ਸਾਧ ਕੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ 'ਚ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।
ਗੁਰਦਾਸਪੁਰ ਤੋਂ ਸਪੋਕਸਮੈਨ ਟੀਵੀ ਦੇ ਪੱਤਰਕਾਰ ਨਿਤਿਨ ਲੁਥਰਾ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਗੁਰਦਾਸਪੁਰ ਜ਼ਿਲ੍ਹੇ ਦੇ ਡੇਹਰਾ ਬਾਬਾ ਨਾਨਕ ਇਲਾਕੇ ਵਿਚਲੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਵਾਦ ਰਚਾ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਪਿੰਡਾਂ ਦੇ ਵਿਕਾਸ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਨੇ ਭਾਵੇਂ ਉਨ੍ਹਾਂ ਵਲੋਂ ਵੀਡੀਓ ਕਾਨਫ਼ਰੰਸ ਜ਼ਰੀਏ ਸੰਪਰਕ ਸਾਧਨ ਵਾਲਾ ਢੰਗ ਸਾਲ ਪਹਿਲਾਂ ਵਰਤਣਾ ਸ਼ੁਰੂ ਕਰ ਦਿਤਾ ਸੀ, ਪਰ ਕਰੋਨਾ ਕਾਲ ਦੌਰਾਨ ਇਹ ਤਰੀਕਾ ਬੜਾ ਕਾਰਗਰ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਕਾਨਫ਼ਰੰਸ ਜ਼ਰੀਏ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰ ਕੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਹੋਰ ਛੋਟੇ-ਮੋਟੇ ਕੰਮ ਜਿਵੇਂ ਲੜਾਈ ਝਗੜਾ, ਨੌਕਰੀ, ਜਾਂ ਨਿੱਜੀ ਕੰਮਾਂ ਤੋਂ ਇਲਾਵਾ ਇੰਤਕਾਲ ਸਮੇਤ ਹੋਰ ਸਰਕਾਰੀ ਕੰਮਾਂ ਸਬੰਧੀ ਪੰਚਾਇਤਾਂ ਤੋਂ ਜਾਣਕਾਰੀ ਹਾਸਲ ਕਰ ਕੇ ਨਾਲੋਂ ਨਾਲ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਮੰਤਰੀ ਮੁਤਾਬਕ ਇਸ ਨਾਲ ਜਿੱਥੇ ਲੋਕਾਂ ਦੇ ਕੰਮ ਬਿਨਾਂ ਕਿਸੇ ਦੌੜ-ਭੱਜ ਦੇ ਹੋ ਰਹੇ ਹਨ ਉਥੇ ਹੀ ਕਰੋਨਾ ਕਾਲ ਦੌਰਾਨ ਮਾਸਕ ਪਹਿਨਣ ਤੋਂ ਇਲਾਵਾ ਸੋਸ਼ਲ ਡਿਸਟੈਸਿੰਗ ਵਰਗੀਆਂ ਹਦਾਇਤਾਂ 'ਤੇ ਪੂਰਾ ਉਤਰਨ 'ਚ ਮੱਦਦ ਮਿਲ ਰਹੀ ਹੈ। ਹੁਣ ਪਿੰਡਾਂ ਦੇ ਵੀਡੀਓ ਕਾਲ ਜ਼ਰੀਏ ਸਰਕਾਰ ਨਾਲ ਸਿੱਧਾ ਸੰਪਰਕ ਸਾਧ ਸਕਦੇ ਹਨ। ਹੁਣ ਰੋਜ਼ਾਨਾ 10 ਤੋਂ 15 ਪਿੰਡਾਂ ਦੀਆਂ ਪੰਚਾਇਤਾਂ ਮੰਤਰੀ ਸਾਹਿਬ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਜੁੜ ਕੇ ਪਿੰਡਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ 'ਚ ਮੱਦਦ ਕਰ ਰਹੀਆਂ ਹਨ। ਹੁਣ ਸਰਪੰਚਾਂ ਸਮੇਤ ਲੋਕਾਂ ਦਾ ਰੁਝਾਨ ਵੀ ਵੀਡੀਓ ਕਾਨਫ਼ਰੰਸ ਜਰੀਏ ਕੰਮਾਂ ਨੂੰ ਕਰਵਾਉਣ ਅਤੇ ਸਮੱਸਿਆਵਾਂ ਸਰਕਾਰ ਤਕ ਪਹੁੰਚਾਉਣ ਦਾ ਰੁਝਾਨ ਵਧਿਆ ਹੈ।
ਡੇਹਰਾ ਬਾਬਾ ਨਾਨਕ ਇਲਾਕੇ ਵਿਚਲੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦੇ ਵੇਰਵਿਆਂ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀਆਂ ਹਦਾਇਤਾਂ 'ਤੇ ਪਿੰਡਾਂ ਦੇ ਵਿਕਾਸ ਲਈ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਇਕ ਸਰਪੰਚ ਮੁਤਾਬਕ ਜਿੰਨੇ ਵਿਕਾਸ ਕਾਰਜ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਸਨ, ਉਸ ਤੋਂ ਕਿਤੇ ਵਧੇਰੇ ਇਨ੍ਹਾਂ ਡੇਢ ਸਾਲਾਂ 'ਚ ਹੋ ਚੁੱਕੇ ਹਨ। ਸਰਪੰਚ ਮੁਤਾਬਕ ਸਰਕਾਰ ਅਤੇ ਕੈਬਨਿਟ ਮੰਤਰੀ ਰੰਧਾਵਾ ਵਲੋਂ ਮਿਲ ਰਹੇ ਸਹਿਯੋਗ ਤਹਿਤ ਇਸੇ ਸਾਲ 12ਵੇਂ ਮਹੀਨੇ ਤਕ ਪਿੰਡ 'ਚ ਚੱਲ ਰਹੇ ਅਤੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਦੇਣਗੇ। ਵਿਕਾਸ ਕਾਰਜਾਂ 'ਤੇ ਕਰੋਨਾ ਕਾਲ ਦੇ ਅਸਰ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਸਰਪੰਚਾਂ ਦਾ ਕਹਿਣਾ ਸੀ ਕਿ ਭਾਵੇਂ ਪੂਰਨ ਲੌਕਡਾਊਨ ਦੌਰਾਨ ਵਿਕਾਸ ਕਾਰਜ ਇਕ ਵਾਰ ਠੱਪ ਹੋ ਗਏ ਸਨ, ਪਰ ਹੁਣ ਲੌਕਡਾਊਨ ਤੋਂ ਬਾਅਦ ਰੰਧਾਵਾ ਸਾਹਿਬ ਵਲੋਂ ਵੀਡੀਓ ਕਾਨਫ਼ਰੰਸ ਜ਼ਰੀਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਬਾਅਦ ਹੁਣ ਸਾਰੇ ਕੰਮ ਪੂਰੀ ਸਪੀਡ ਨਾਲ ਚੱਲ ਰਹੇ ਹਨ।
ਇਸੇ ਤਰ੍ਹਾਂ ਮੌਕੇ 'ਤੇ ਮੌਜੂਦ ਬੀਡੀਪੀਓ ਨੇ ਵੀ ਪਿੰਡਾਂ ਦੇ ਵਿਕਾਸ ਕਾਰਜਾਂ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਵੀਡੀਓ ਕਾਨਫ਼ਰੰਸ ਜ਼ਰੀਏ ਮੰਤਰੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਪੂਰੀ ਤਰ੍ਹਾਂ ਅਟੈਂਚ ਹਨ। ਉਨ੍ਹਾਂ ਕਿਹਾ ਕਿ ਨਰੇਗਾ ਸਮੇਤ ਲਗਭਗ ਸਾਰੇ ਵਿਕਾਸ ਕਾਰਜਾਂ ਪੂਰੀ ਸਪੀਡ ਨਾਲ ਚੱਲ ਰਹੇ ਹਨ। ਥਾਪਰ ਮਾਡਲ ਤੋਂ ਇਲਾਵਾ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਟੋਭੇ ਅਤੇ ਡੇਰਿਆਂ ਨੂੰ ਜਾਂਦੇ ਰਸਤਿਆਂ ਦੇ ਕੰਮਾਂ ਸਮੇਤ ਹੋਰ ਸਾਰੇ ਕਾਰਜ ਨੇਪਰੇ ਚਾੜੇ ਜਾ ਰਹੇ ਹਨ। ਬੀਡੀਪੀਓ ਮੁਤਾਬਕ ਉਹ 400 ਦੇ ਕਰੀਬ ਕੈਂਟਲ ਸ਼ੈਡ ਦਾ ਕੰਮ ਮੁਕੰਮਲ ਹੋ ਚੁੱਕੇ ਹਨ ਜਦਕਿ 200 ਦੇ ਕਰੀਬ ਦਾ ਅਪਰੂਵਲ ਦਿਤਾ ਗਿਆ ਹੈ ਜਿਨ੍ਹਾਂ ਦਾ ਕੰਮ ਬਾਰਸ਼ਾਂ ਤੋਂ ਬਾਅਦ ਛੇਤੀ ਹੀ ਮੁਕੰਮਲ ਹੋ ਜਾਵੇਗਾ। ਬੀਡੀਪੀਓ ਮੁਤਾਬਕ ਬਾਕੀ ਰਹਿੰਦੇ ਸਾਰੇ ਕੰਮ ਤਕਰੀਬਨ ਦੋ ਮਹੀਨੇ ਬਾਅਦ ਮੁਕੰਮਲ ਕਰ ਦਿਤੇ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।