
ਆਬਕਾਰੀ ਤੇ ਕਰ ਵਿਭਾਗ ਵਲੋਂ ਆਬਕਾਰੀ ਵਿਭਾਗ ਨੇ ਅਰੁਣਾਚਲ ਪ੍ਰਦੇਸ਼ ਲਈ ਬਣੀ ਸ਼ਰਾਬ ਦੀਆਂ ਦੋ ਕੈਂਟਰਾਂ ਵਿਚ ਲਿਜਾਈਆਂ ਜਾ ਰਹੀਆਂ 2100 ਪੇਟੀਆਂ ਬਰਾਮਦ ਕੀਤੀਆਂ...........
ਰਾਜਪੁਰਾ : ਆਬਕਾਰੀ ਤੇ ਕਰ ਵਿਭਾਗ ਵਲੋਂ ਆਬਕਾਰੀ ਵਿਭਾਗ ਨੇ ਅਰੁਣਾਚਲ ਪ੍ਰਦੇਸ਼ ਲਈ ਬਣੀ ਸ਼ਰਾਬ ਦੀਆਂ ਦੋ ਕੈਂਟਰਾਂ ਵਿਚ ਲਿਜਾਈਆਂ ਜਾ ਰਹੀਆਂ 2100 ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਵਿਭਾਗ 'ਚ ਤਾਇਨਾਤ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਦਸਿਆ ਕਿ ਰਾਜਪੁਰਾ ਰੋਡ 'ਤੇ ਸਥਿਤ ਘਨੌਰ ਪੁਲ ਵਿਖੇ ਆਬਕਾਰੀ ਕਰ ਵਿਭਾਗ ਦੇ ਈ.ਟੀ.ਓ. ਰਾਜੀਵ ਸ਼ਰਮਾ ਅਤੇ ਇੰਸਪੈਕਟਰ ਦੀਨ ਦਿਆਲ ਸਮੇਤ ਏ.ਐਸ.ਆਈ. ਜੈਦੀਪ ਸ਼ਰਮਾ ਤੇ ਏ.ਐਸ.ਆਈ. ਲਵਦੀਪ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਲਾਏ ਨਾਕੇ ਦੌਰਾਨ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ,
ਕਿ ਅਰੁਣਾਚਲ ਪ੍ਰਦੇਸ਼ ਲਈ ਬਣੀ ਸ਼ਰਾਬ ਨਾਜਾਇਜ਼ ਰੂਪ 'ਚ ਦੋ ਗੱਡੀਆਂ ਅੰਦਰ ਭਰ ਕੇ ਲਿਜਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ 'ਤੇ ਕਾਰਵਾਈ ਕਰਦਿਆਂ ਜਦੋਂ ਦੋ ਕੈਂਟਰਾਂ ਨੂੰ ਪੜਤਾਲ ਕਰਨ ਲਈ ਰੋਕਿਆ ਗਿਆ ਤਾਂ ਇਨ੍ਹਾਂ ਨੇ ਦੋਵਾਂ ਗੱਡੀਆਂ ਦੇ ਡਰਾਈਵਰ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕੇ ਸਗੋਂ ਗੱਡੀਆਂ ਛੱਡ ਕੇ ਭੱਜ ਗਏ, ਇਸ ਤਰ੍ਹਾਂ ਇਨ੍ਹਾਂ ਦੋਵਾਂ ਗੱਡੀਆਂ ਨੂੰ ਪੰਜਾਬ ਵੈਟ ਐਕਟ 2005 ਅਧੀਨ ਰੋਕ ਲਿਆ ਗਿਆ। ਸ. ਧਨੋਆ ਨੇ ਦਸਿਆ ਕਿ ਜਦੋਂ ਇਨ੍ਹਾਂ ਕੈਂਟਰਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਗੱਡੀਆਂ ਵਿਚੋਂ 2100 ਪੇਟੀਆਂ ਕਰੇਜ਼ੀ ਰੋਮੀਓ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਬਰਾਮਦ ਕੀਤੀਆਂ ਗਈਆਂ।
ਇਹ ਸ਼ਰਾਬ ਬਿਨਾਂ ਬੈਚ ਨੰਬਰ ਅਤੇ ਮੈਨੂਫੈਕਚਰ ਮਿਤੀ ਤੋਂ ਸੀ ਅਤੇ ਢੋਈ ਜਾ ਰਹੀ ਸ਼ਰਾਬ ਦੇ ਦਸਤਾਵੇਜ ਵੀ ਜਾਅਲੀ ਪਾਏ ਗਏ ਜੋ ਕਿ ਟੈਕਸ ਚੋਰੀ ਦਾ ਮਾਮਲਾ ਵੀ ਬਣਦਾ ਹੈ। ਜਦਕਿ ਭੱਜੇ ਡਰਾਈਵਰਾਂ ਦੀ ਪਛਾਣ ਸੰਮੀ ਮਿੱਤਲ ਪੁੱਤਰ ਵਿਜੇ ਮਿੱਤਲ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਅਤੇ ਕੁਟੀ ਨਾਮ ਦੇ ਵਿਅਕਤੀ ਵਜੋਂ ਹੋਈ।
ਏ.ਆਈ.ਜੀ. ਸ. ਧਨੋਆ ਨੇ ਦਸਿਆ ਕਿ ਇਸ 'ਤੇ ਕਾਰਵਾਈ ਕਰਦਿਆਂ ਥਾਣਾ ਸ਼ੰਭੂ ਵਿਖੇ ਆਬਕਾਰੀ ਐਕਟ ਦੀਆਂ ਧਾਰਾਵਾਂ 61,1,14 ਤਹਿਤ ਮੁਕਦਮਾ ਨੰਬਰ 97 ਦਰਜ ਕਰਵਾਇਆ ਗਿਆ। ਉਨ੍ਹਾਂ ਹੋਰ ਦਸਿਆ ਕਿ ਨਾਜਾਇਜ਼ ਸ਼ਰਾਬ ਦੀ ਬਰਾਮਦੀ ਕਰਨ ਵਾਲੀ ਟੀਮ 'ਚ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਤੇ ਕੁਲਦੀਪ ਸਿੰਘ ਵੀ ਸ਼ਾਮਲ ਸਨ।