
ਥਾਣਾ ਸਦਰ ਧੂਰੀ ਅਧੀਨ ਪੈਂਦੀ ਰਣੀਕੇ ਚੌਕੀ ਦੀ ਪੁਲਿਸ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਸ਼ਰਾਬ ਦੀ ਤਸਕਰੀ ਕਰ ਰਹੇ...............
ਧੂਰੀ : ਥਾਣਾ ਸਦਰ ਧੂਰੀ ਅਧੀਨ ਪੈਂਦੀ ਰਣੀਕੇ ਚੌਕੀ ਦੀ ਪੁਲਿਸ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਸ਼ਰਾਬ ਦੀ ਤਸਕਰੀ ਕਰ ਰਹੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਪੰਜ ਹੋਰ ਵਿਅਕਤੀ ਪੁਲਿਸ 'ਤੇ ਗੋਲੀ ਚਲਾ ਕੇ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਥਾਣਾ ਸਦਰ ਧੂਰੀ ਦੇ ਐਸ.ਐਚ.ਓ. ਦਾ ਕਾਰਜਕਾਰ ਦੇਖ ਰਹੇ ਥਾਣੇਦਾਰ ਬਲਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਪ੍ਰਿਤਪਾਲ ਸਿੰਘ ਵਲੋਂ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ। ਜਦੋਂ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਪੁਲਿਸ ਪਾਰਟੀ ਸਮੇਤ ਰਣੀਕੇ ਤੋਂ ਰੰਗੀਆਂ ਵਲ
ਜਾ ਰਹੇ ਸਨ ਤਾਂ ਮੂਲੋਵਾਲ ਵਾਲੇ ਚੌਰਾਹੇ 'ਤੇ ਅਲਾਲ ਵਾਲੀ ਸਾਈਡ ਤੋਂ ਤਿੰਨ ਗੱਡੀਆਂ ਆਉਂਦੀਆਂ ਦੇਖੀਆਂ ਅਤੇ ਇਨ੍ਹਾਂ ਗੱਡੀਆਂ ਦੇ ਅੱਗੇ ਇਕ ਬੁਲਟ ਮੋਟਰਸਾਈਕਲ ਵੀ ਆ ਰਿਹਾ ਸੀ। ਪੁਲਿਸ ਨੇ ਟਾਰਚ ਰਾਹੀਂ ਇਸ਼ਾਰਾ ਕਰ ਕੇ ਇਨ੍ਹਾਂ ਗੱਡੀਆਂ ਅਤੇ ਮੋਟਰਸਾਈਕਲ ਨੂੰ ਬੈਰੀਗੇਟ ਅੱਗੇ ਕਰ ਕੇ ਰੋਕ ਲਿਆ। ਪੁਲਿਸ ਨੇ ਮੋਟਰਸਾਈਕਲ ਚਾਲਕ ਲਖਬੀਰ ਸਿੰਘ ਉਰਫ਼ ਲੱਖੀ ਪੁੱਤਰ ਗੁਰਮੁਖ ਸਿੰਘ ਵਾਸੀ ਭੱਠਲਾਂ ਨੂੰ ਕਾਬੂ ਕੀਤਾ ਹੀ ਸੀ ਕਿ ਪਹਿਲੀ ਕਾਰ ਜੋ ਟੋਇਟਾ ਕਰੋਲਾ ਸੀ, 'ਚੋਂ ਤਿੰਨ ਵਿਅਕਤੀ ਉਤਰ ਕੇ ਖੇਤਾਂ ਵਲ ਨੂੰ ਭੱਜ ਗਏ ਅਤੇ ਇਨ੍ਹਾਂ ਵਿਚੋਂ ਇਕ ਵਲੋਂ ਪੁਲਿਸ 'ਤੇ ਮਾਰ ਦੇਣ ਦੀ ਨੀਅਤ ਨਾਲ ਫ਼ਾਇਰ ਵੀ ਕੀਤੇ ਗਏ ਸਨ।
ਪੁਲਿਸ ਨੇ ਉਕਤ ਕਾਰ ਵਿਚੋਂ ਗੌਰਵ ਸ਼ਰਮਾ ਉਰਫ਼ ਗੱਗੀ ਪੁੱਤਰ ਭੀਮ ਸੈਨ ਵਾਲੀ ਲੌਂਗੋਵਾਲ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਵਿਚ ਪੁਲਿਸ ਨੇ 20 ਡੱਬੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੇ ਬਰਾਮਦ ਕੀਤੇ ਹਨ। ਫੜੇ ਗਏ ਗੌਰਵ ਸ਼ਰਮਾ ਦੇ ਦੱਸਣ ਅਨੁਸਾਰ ਭੱਜਣ ਵਾਲੇ ਤਿੰਨ ਵਿਅਕਤੀਆਂ 'ਚ ਦਵਿੰਦਰ ਸਿੰਘ ਉਰਫ਼ ਮਨੀ ਪੁੱਤਰ ਰਣਜੀਤ ਸਿੰਘ ਵਾਸੀ ਲੌਂਗੋਵਾਲ, ਬੰਟੀ ਲੌਂਗੋਵਾਲ ਅਤੇ ਸੋਨੂੰ ਸ਼ਰਮਾ ਉਰਫ਼ ਡਾਨ ਪੁੱਤਰ ਸੁਮਿਤ ਸ਼ਰਮਾ ਵਾਸੀ ਨਵੀਂ ਆਬਾਦੀ ਖੰਨਾ ਸ਼ਾਮਲ ਸਨ। ਪੁਲਿਸ 'ਤੇ ਗੋਲੀ ਵੀ ਸੋਨੂੰ ਸ਼ਰਮਾ ਨੇ ਚਲਾਈ ਸੀ।
ਦੂਜੀ ਕਾਰ ਜੋ ਇਨੋਵਾ ਦੱਸੀ ਜਾ ਰਹੀ ਹੈ, 'ਚੋਂ ਵੀ ਪੁਲਿਸ ਨੇ 42 ਡੱਬੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੇ ਬਰਾਮਦ ਕਰ ਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਘੋਲਾ ਸਿੰਘ ਅਤੇ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਜੋਰਾ ਸਿੰਘ ਵਾਸੀਆਨ ਪਿੰਡ ਭੱਠਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਤੀਜੀ ਬਲੈਰੋ ਕਾਰ 'ਚੋਂ ਵੀ ਪੁਲਿਸ ਨੇ 118 ਡੱਬੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੇ ਬਰਾਮਦ ਕਰ ਕੇ ਬਲਵੰਤ ਸਿੰਘ ਉਰਫ਼ ਢਿਮਰੂ ਪੁੱਤਰ ਭਗਤ ਸਿੰਘ ਵਾਸੀ ਸਲੇਮਪੁਰ ਨੂੰ ਕਾਬੂ ਕੀਤਾ ਹੈ
ਜਦਕਿ ਉਸ ਕਾਰ ਵਿਚ ਸਵਾਰ ਉਸ ਦੇ ਦੋ ਹੋਰ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਫ਼ਰਾਰ ਹੋਣ ਵਾਲਿਆਂ 'ਚ ਸੋਨੀ ਵਾਸੀ ਅਲਾਲ ਅਤੇ ਰਿੰਕੂ ਵਾਸੀ ਹੇੜੀਕੇ ਸ਼ਾਮਲ ਸਨ। ਪੁਲਿਸ ਵਲੋਂ ਕੁਲ 10 ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਫ਼ਰਾਰ ਹੋਏ ਬਾਕੀ ਪੰਜ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।