
ਪੰਜਾਬ ਦੇ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਅਤੇ ਆਤਮ ਨਿਰਭਰ ਬਣਾਉਣ ਲਈ ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਪਿਗਰੀ, ਮੁਰਗੀ ਅਤੇ ਬੱਕਰੀ ਪਾਲਣ.........
ਐਸ.ਏ.ਐਸ. ਨਗਰ : ਪੰਜਾਬ ਦੇ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਅਤੇ ਆਤਮ ਨਿਰਭਰ ਬਣਾਉਣ ਲਈ ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਪਿਗਰੀ, ਮੁਰਗੀ ਅਤੇ ਬੱਕਰੀ ਪਾਲਣ ਦੀ ਮੁਫਤ ਸਿਖਲਾਈ ਪਿੰਡ ਪੱਧਰ ਤੇ ਕੈਂਪ ਲਗਾਕੇ ਦਿੱਤੀ ਜਾਂਦੀ ਹੈ। ਵਿਭਾਗ ਵਲੋਂ ਪੰਜਾਬ ਦੇ ਹਰੇਕ ਜਿਲ੍ਹੇ ਵਿਚ 500 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪਿੰਡ ਗੀਗੇ ਮਾਜਰਾ ਵਿਖੇ ਪਸ਼ੂ ਪਾਲਣ ਵਿਭਾਗ ਤੋਂ ਪਿਗਰੀ, ਬੱਕਰੀ ਤੇ ਮੁਰਗੀ ਪਾਲਣ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ 170 ਨੌਜਵਾਨਾਂ ਨੂੰ ਸਰਟੀਫਿਕੇਟ ਵੰਡਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਿਦਤ ਨਾਲ ਕੀਤੇ ਜਾ ਰਹੇ ਯਤਨਾ ਸਦਕਾ ਪਿੰਡਾਂ ਵਿੱਚ ਨੌਜਵਾਨ ਸਹਾਇਕ ਧੰਦੇ ਅਪਣਾਕੇ ਜਿਥੇ ਆਤਮ ਨਿਰਭਰ ਬਣਗੇ
ਉਥੇ ਉਹ ਰਵਾਇਤੀ ਫਸਲਾਂ ਦੇ ਚੱਕਰ ਚੋਂ ਵੀ ਬਹਾਰ ਨਿਕਲਣਗੇ। ਉਨ੍ਹਾਂ ਦੱਸਿਆ ਕਿ ਇਸੇ ਮਕਸਦ ਤਹਿਤ ਨੌਜਵਾਨਾਂ ਨੂੰ ਪਿਗਰੀ, ਬੱਕਰੀ ਤੇ ਮੁਰਗੀ ਪਾਲਣ ਦੀ ਸਿਖਲਾਈ ਦੇਣ ਲਈ ਐਸ.ਏ.ਐਸ ਨਗਰ ਜਿਲ੍ਹੇ ਨੂੰ ਪਾਇਲਟ ਪ੍ਰੋਜੈਕਟ ਵੱਜੋਂ ਚੁਣਿਆ ਗਿਆ ਅਤੇ ਪਿੰਡਾਂ ਦੇ ਕਲਸਟਰ ਬਣਾਏ ਗਏ ਹਨ ਜਿਥੇ ਕੈਂਪ ਲਗਾਕੇ ਵਿਭਾਗ ਦੇ ਮਾਹਿਰਾਂ ਵਲੋਂ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸਰਕਾਰ ਵਲੋਂ ਬੈਂਕਾਂ ਤੋਂ ਸਬਸਿਡੀ ਤੇ ਲੋੜੀਂਦਾ ਕਰਜ਼ਾ ਦਿੱਤਾ ਜਾਵੇਗਾ। ਇਸ ਮੌਕੇ ਸਿੱਧੂ ਨੇ ਪਿੰਡ ਗੀਗੇ ਮਾਜਰਾ ਵਿਖੇ ਪਸ਼ੂ ਡਿਸਪੈਂਸਰੀ ਬਣਾਉਣ ਦਾ ਐਲਾਨ ਵੀ ਕੀਤਾ।