
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀਕਾਂਡ ਬਾਰੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ...............
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀਕਾਂਡ ਬਾਰੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਬੇਹੱਦ ਖ਼ੁਫ਼ੀਆ ਰੀਪੋਰਟ ਦੇ ਆਗਾਮੀ ਸੈਸ਼ਨ ਤੋਂ ਪਹਿਲਾਂ ਹੀ ਲੀਕ ਹੋ ਜਾਣ 'ਤੇ ਨਾਖ਼ੁਸ਼ੀ ਪ੍ਰਗਟ ਕੀਤੀ ਹੈ। ਅੱਜ ਇਥੇ ਅਪਣੇ ਸਰਕਾਰੀ ਨਿਵਾਸ ਵਿਖੇ 'ਸਪੋਕਸਮੈਨ ਟੀਵੀ' ਨਾਲ ਉਚੇਚੀ ਗੱਲਬਾਤ ਦੌਰਾਨ ਸਪੀਕਰ ਨੇ ਕਿਹਾ, '' ਰੀਪੋਰਟ ਲੀਕ ਨਹੀਂ ਹੋਣੀ ਚਾਹੀਦੀ ਸੀ, ਇਹ ਪਵਿੱਤਰ ਸਦਨ 'ਚ ਹੀ ਆਉਣੀ ਚਾਹੀਦੀ ਸੀ।' ਉਨ੍ਹਾਂ ਕਿਹਾ ਕਿ ਰੀਪੋਰਟ ਲੀਕ ਹੋ ਜਾਣ 'ਤੇ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਕਿਸ ਪੱਧਰ ਉਤੇ ਕਿਉਂ ਅਤੇ ਕਿਵੇਂ ਲੀਕ ਹੋਈ?
ਉਨ੍ਹਾਂ ਇਸ ਵਾਰ ਦੇ ਵਰਖਾ ਰੁੱਤ ਸੈਸ਼ਨ ਬਾਰੇ ਵਿਰੋਧੀ ਧਿਰਾਂ ਵਲੋਂ ਮਿਆਦ ਸੀਮਤ ਹੋਣ ਦੇ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਸਰਕਾਰ ਵਲੋਂ ਸਦਨ ਦੀ ਮਿਆਦ ਬਾਰੇ ਭੇਜੀ ਗਈ ਸਮਾਂ-ਸੀਮਾਂ ਵਿਚ ਵਾਧਾ ਸੰਭਵ ਹੈ। ਅਜਿਹੇ ਵਿਚ ਆਗਾਮੀ ਸੈਸ਼ਨ ਬਾਰੇ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਹੋਣ ਜਾ ਰਹੀ ਬੈਠਕ 'ਚ ਵਿਚਾਰ ਕੀਤਾ ਜਾਵੇਗਾ ਕਿ 'ਨਿਰਧਾਰਤ' ਕੰਮ-ਕਾਜ ਨਿਪਟਾਉਣ ਲਈ ਸਰਕਾਰ ਵਲੋਂ ਭੇਜੀ ਗਈ ਸਮਾਂ-ਸੀਮਾ ਕਾਫ਼ੀ ਹੈ ਜਾਂ ਨਹੀਂ। ਉਕਤ ਕਮੇਟੀ ਕੋਲ ਇਹ ਮਹਿਸੂਸ ਕਰਦੇ ਹੋਏ ਕਿ ਮਿਥਿਆ ਸਮਾਂ ਕਾਫੀ ਨਹੀਂ ਹੈ ਤਾਂ ਸੈਸ਼ਨ ਦੀ ਮਿਆਦ ਵਧਾਉਣ ਦਾ ਅਖ਼ਤਿਆਰ ਹੈ।
ਉਨ੍ਹਾਂ ਦਸਿਆ ਕਿ ਅਜਿਹਾ ਪਿਛਲੀ ਵਾਰ ਵੀ ਹੋ ਚੁੱਕਾ ਹੈ ਜਦੋਂ ਉਕਤ ਕਮੇਟੀ ਵਲੋਂ ਸਰਕਾਰ ਦੇ ਭੇਜੇ ਸਮਂੇ 'ਚ ਦੋ ਦਿਨਾਂ ਦਾ ਵਾਧਾ ਕਰ ਦਿਤਾ ਗਿਆ ਸੀ। ਬਤੌਰ ਸਪੀਕਰ ਵਿਧਾਨ ਸਭਾ ਉਨ੍ਹਾਂ ਸੱਤਾਧਾਰੀ ਤੇ ਵਿਰੋਧੀ ਧਿਰਾਂ ਸੱਭ ਨੂੰ ਉਨ੍ਹਾਂ ਦੇ ਬੋਲਣ ਦੇ ਬਣਦੇ ਸਮੇਂ ਮੁਹਈਆ ਕਰਵਾਉਣ ਅਤੇ ਸਾਫ਼ਗੋਈ ਨਾਲ ਅਪਣੀ ਗੱਲ ਰੱਖਣ ਸਕਣ ਦਾ ਵਾਤਾਵਰਣ ਸਦਨ ਅੰਦਰ ਬਣਾਉਣ ਪ੍ਰਤੀ ਅਪਣੀ ਵਚਨਬੱਧਤਾ ਵੀ ਦੁਹਰਾਈ। ਬੇਅਦਬੀ ਦੀਆਂ ਘਟਨਾਵਾਂ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਸਪੀਕਰ ਨੇ ਪੰਜਾਬ ਸਰਕਾਰ ਵਲੋਂ ਇਸ ਅਪਰਾਧ ਲਈ ਉਮਰ ਕੈਦ ਤਕ ਦੀ ਵਿਵਸਥਾ ਦੇ ਲਏ ਗਏ ਨਿਰਣੇ ਨੂੰ ਵੀ ਸਹੀ ਕਦਮ ਕਰਾਰ ਦਿਤਾ।