
ਪਿੰਡ 'ਚ 5-5 ਫੁੱਟ ਪਾਣੀ ਭਰਿਆ
ਜਲੰਧਰ : ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਸਥਾਨਕ ਲੋਕਾਂ ਦੀ ਮਦਦ ਕਰਨ ਲਈ ਫ਼ੌਜ ਤਾਇਨਾਤ ਕੀਤੀ ਗਈ ਹੈ। ਫ਼ਿਰੋਜ਼ਪੁਰ, ਰੋਪੜ, ਅਨੰਦਪੁਰ ਸਾਹਿਬ, ਜਲੰਧਰ, ਸੁਲਤਾਨਪੁਰ ਲੋਧੀ ਆਦਿ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਹੜ੍ਹ ਦਾ ਪਾਣੀ ਅਜੇ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਘਰਾਂ ਵਿਚ ਫਸੇ ਸੈਂਕੜੇ ਪਰਵਾਰਾਂ ਨੂੰ ਫ਼ੌਜ ਵਲੋਂ ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੈ। ਗੁਰਦੁਆਰਾ ਸਾਹਿਬ ਵਲੋਂ ਵੀ ਲੋਕਾਂ ਲਈ ਲੰਗਰ ਤਿਆਰ ਕਰ ਕੇ ਫ਼ੌਜ ਦੀ ਮੋਟਰ ਬੋਟ ਦੀ ਮਦਦ ਰਾਹੀਂ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਫ਼ੌਜ ਵਲੋਂ ਘਰਾਂ ਵਿੱਚ ਮੌਜੂਦ ਲੋਕਾਂ ਲਈ ਡਾਕਟਰਾਂ ਦੀ ਟੀਮ ਤੇ ਦਵਾਈਆਂ ਦੀ ਇੰਤਜਾਮ ਵੀ ਕੀਤਾ ਜਾ ਰਿਹਾ ਹੈ।
Special flood report from village Giddarpindi
ਇਸ ਮੌਕੇ 'ਸਪੋਕਸਮੈਨ ਟੀਵੀ' ਦੀ ਟੀਮ ਨੂੰ ਪਿੰਡ ਗਿੱਦੜਪਿੰਡੀ ਅੰਦਰ ਖਾਣ-ਪੀਣ ਦਾ ਸਾਮਾਨ ਲੈ ਕੇ ਪੁੱਜੇ ਫ਼ੌਜੀ ਜਵਾਨ ਰੋਹਿਤ, ਜੋ ਡਾਕਟਰ ਹਨ, ਨੇ ਦੱਸਿਆ ਕਿ 14 ਸਿੱਖ ਰੈਜੀਮੈਂਟ ਇਕ ਹਫ਼ਤੇ ਤੋਂ ਰਾਹਤ ਕਾਰਜਾਂ 'ਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਸੀ ਕਿ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਸੀ, ਪਰ ਸਾਡੀ ਗੱਲ ਨਾ ਮੰਨੀ ਗਈ। ਉਨ੍ਹਾਂ ਨੇ ਖੁਦ 4-5 ਬੀਮਾਰ ਲੋਕਾਂ ਦਾ ਰੈਸਕਿਊ ਕਰ ਕੇ ਹਸਪਤਾਲ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਘਰ ਬੰਨ੍ਹ ਦੇ ਨਾਲ ਲੱਗਦੇ ਹਨ, ਉਨ੍ਹਾਂ 'ਚ 10 ਤੋਂ 12 ਫੁਟ ਤਕ ਪਾਣੀ ਭਰ ਚੁੱਕਾ ਹੈ। ਸਿਰਫ਼ ਪਹਿਲੀ ਜਾਂ ਦੂਜੀ ਮੰਜ਼ਲ ਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਸਮਾਜਸੇਵੀ ਸੰਸਥਾਵਾਂ, ਗੁਰਦੁਆਰਿਆਂ ਵੱਲੋਂ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਉਸ ਨੂੰ ਫ਼ੌਜੀ ਜਵਾਨ ਪਿੰਡਾਂ ਅੰਦਰ ਪਹੁੰਚਾ ਰਹੇ ਹਨ।
Special flood report from village Giddarpindi
ਫ਼ੌਜ ਅਧਿਕਾਰੀ ਵਿਜੈ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਦਿਨ-ਰਾਤ ਰੈਸਕਿਊ ਆਪ੍ਰੇਸ਼ਨ ਚਲਾ ਰਹੇ ਹਨ। ਫ਼ੌਜ ਵੱਲੋਂ ਹੁਣ ਤਕ 300 ਲੋਕਾਂ ਨੂੰ, ਜਿਹੜੇ ਹੜ੍ਹ 'ਚ ਫਸੇ ਹੋਏ ਸਨ, ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ 'ਚੋਂ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਚੁੱਕਾ ਹੈ। ਘਰਾਂ ਅੰਦਰ ਸਿਰਫ਼ ਬਜੁਰਗ ਤੇ ਕੁਝ ਜਵਾਨ ਲੋਕ ਪਸ਼ੂਆਂ ਦੀ ਦੇਖਭਾਲ ਅਤੇ ਘਰਾਂ ਦੀ ਰਾਖੀ ਲਈ ਰਹਿ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਜੇ ਉਹ ਆਪਣੇ ਘਰ ਛੱਡ ਦੇਣਗੇ ਤਾਂ ਚੋਰੀ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ।
Special flood report from village Giddarpindi
ਫ਼ੌਜ ਨਾਲ ਕੰਮ ਕਰ ਰਹੇ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਫ਼ੌਜ, ਐਸਡੀਆਰਐਫ ਅਤੇ ਐਨਡੀਆਰਐਫ ਦੇ ਸਹਿਯੋਗ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹਨ। ਪਾਣੀ ਹੌਲੀ-ਹੌਲੀ ਘੱਟ ਰਿਹਾ ਹੈ। ਸ਼ੁਰੂਆਤ 'ਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਸੀ। ਹੁਣ ਜ਼ਿਆਦਾਤਰ ਘਰਾਂ 'ਚ ਇਕ-ਇਕ ਮੈਂਬਰ ਹੈ, ਜਿਨ੍ਹਾਂ ਲਈ ਦਵਾਈਆਂ ਤੇ ਖਾਣ-ਪੀਣ ਦਾ ਸਾਮਾਨ ਭੇਜਿਆ ਜਾ ਰਿਹਾ ਹੈ।
Special flood report from village Giddarpindi
ਫ਼ੌਜ ਵੱਲੋਂ ਹੜ੍ਹ ਦੇ ਪਾਣੀ 'ਚ ਕੱਢ ਕੇ ਲਿਆਏ ਇਕ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ 5-5 ਫੁੱਟ ਪਾਣੀ ਭਰਿਆ ਹੋਇਆ ਹੈ। ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਦਾ ਬਾਕੀ ਪਰਵਾਰ ਪਿੰਡ 'ਚ ਹੀ ਹੈ।
Special flood report from village Giddarpindi
ਪਿੰਡ ਵਾਸੀ ਸੁਰਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਫ਼ੌਜ ਦਾ ਧੰਨਵਾਦ ਕੀਤਾ, ਜੋ ਜਾਨ ਦੀ ਬਾਜ਼ੀ ਲਗਾ ਕੇ ਲੋਕਾਂ ਤਕ ਰਸਦ ਸਮਗਰੀ ਪਹੁੰਚਾ ਰਹੇ ਹਨ।