
ਲੱਧੂਪੁਰ ਵਿਚ ਨਵਾਂ ਡਿਗਰੀ ਕਾਲਜ ਅਤੇ ਕਾਲਾ ਅਫਗਾਨਾ ਕਾਲਜ ਨੂੰ ਸਰੀਰਕ ਸਿੱਖਿਆ ਕਾਲਜ ਵਜੋਂ ਕੀਤਾ ਸਥਾਪਤ
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਸ਼ਸ਼ਕਤੀਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਕਾਲਾ ਅਫਗਾਨਾ ਨੂੰ ਬਦਲਕੇ ਸਰੀਰਕ ਸਿੱਖਿਆ ਕਾਲਜ ਵਜੋਂ ਸਥਾਪਤ ਕੀਤਾ ਗਿਆ ਹੈ ਅਤੇ ਲੱਧੂਪੁਰ ਵਿਖੇ ਇੱਕ ਨਵਾਂ ਡਿਗਰੀ ਕਾਲਜ ਖੋਲ੍ਹਿਆ ਗਿਆ ਹੈ।
Punjab Govt
ਇਹ ਜਾਣਕਾਰੀ ਦਿੰਦਿਆਂ ਅੱਜ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਦੂਰਦਰਸ਼ੀ ਫੈਸਲੇ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀ ਚਿਰਾਂ ਤੋਂ ਲੰਬਿਤ ਪਈ ਮੰਗ ਪੂਰੀ ਹੋਈ ਹੈ।
Captain Amarinder Singh
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਕਾਲਾ ਅਫਗਾਨਾ ਵਿਖੇ ਸਰੀਰਕ ਸਿੱਖਿਆ ਕਾਲਜ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਇਲਾਕੇ ਦਾ ਨਾਮ ਰੌਸ਼ਨ ਕਰਣਗੇ । ਉਹਨਾਂ ਅੱਗੇ ਦੱਸਿਆ ਕਿ ਇਸ ਕਾਲਜ ਨੂੰ ਪਟਿਆਲਾ ਵਿਖੇ ਨਵੀਂ ਸਥਾਪਿਤ ਕੀਤੀ ਖੇਡ ਯੂਨੀਵਰਸਿਟੀ ਦਾ ਕੰਸਟੀਚਿਉਂਟ ਕਾਲਜ ਬਣਾਇਆ ਗਿਆ ਹੈ।
Tripat Rajinder Singh Bajwa
ਬਾਜਵਾ ਨੇ ਦੱਸਿਆ ਕਿ ਲੱਧੂਪੁਰ ਵਿਖੇ ਸਥਾਪਤ ਕੀਤਾ ਨਵਾਂ ਡਿਗਰੀ ਕਾਲਜ ਵਿਦਿਆਰਥੀਆਂ ਵਿਸ਼ੇਸ਼ ਕਰਕੇ ਪੇਂਡੂ ਇਲਾਕੇ ਦੀਆਂ ਲੜਕੀਆਂ ਨੂੰ ਆਪਣੇ ਨੇੜਲੇ ਸਥਾਨ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ । ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਦੇ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਅਤੇ ਰੁਜਗਾਰ ਯੋਗ ਬਣਾਉਣ ਲਈ ਲੱਧੂਪੁਰ ਕਾਲਜ ਵਿਚ ਨਵੇਂ ਕਿੱਤਾ ਮੁਖੀ ਪੇਸ਼ੇਵਰ ਕੋਰਸ ਵੀ ਸ਼ੁਰੂ ਕਰੇਗੀ।
Students
ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਲੱਧੂਪੁਰ ਕਾਲਜ ਦੀ ਇਮਾਰਤ ਤਿਆਰ ਹੈ, ਸਟਾਫ ਉਪਲਬਧ ਹੈ ਅਤੇ ਇਸ ਸੈਸ਼ਨ ਤੋਂ ਹੀ ਕਲਾਸਾਂ ਸੁਰੂ ਹੋ ਜਾਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਕਾਲਾ ਅਫਗਾਨਾ ਕਾਲਜ ਦਾ ਕੋਈ ਵੀ ਕਰਮਚਾਰੀ ਹਟਾਇਆ ਨਹੀਂ ਗਿਆ ਬਲਕਿ ਪੂਰੇ ਸਟਾਫ ਨੂੰ ਲੱਧੂਪੁਰ ਕਾਲਜ ਵਿੱਚ ਅਡਜਸਟ ਕਰ ਦਿੱਤਾ ਗਿਆ ਹੈ।