
‘‘ਸਾਡੇ ਪਿੰਡ ’ਚ ਸਿਆਸੀ ਲੀਡਰਾਂ ਜਾਂ ਅਵਾਰਾ ਪਸ਼ੂਆਂ ਦੇ ਆਉਣ ’ਤੇ ਮਨਾਹੀ ਹੈ’’
ਬਠਿੰਡਾ(ਬਲਵਿੰਦਰ ਸ਼ਰਮਾ) : ਕਿਸੇਂ ਸਮੇਂ ਸੇਵਾਦਾਰ ਕਹਾਉਂਦੇ ਸਿਆਸੀ ਲੀਡਰ ਹੁਣ ਆਮ ਲੋਕਾਂ ਨੂੰ ਗੁੰਡੇ ਜਾਂ ਡਾਕੂ ਨਜ਼ਰ ਆਉਣ ਲੱਗੇ ਹਨ। ਇਸ ਲਈ ਹੀ ਬਹੁਤ ਸਾਰੇ ਪਿੰਡਾਂ ’ਚ ਬੈਨਰ ਲੱਗ ਚੁੱਕੇ ਹਨ ਕਿ ਕਿਸੇ ਵੀ ਸਿਆਸੀ ਲੀਡਰ ਜਾਂ ਅਵਾਰਾ ਪਸ਼ੂਆਂ ਦਾ ਉਨ੍ਹਾਂ ਦੇ ਪਿੰਡ ’ਚ ਆਉਣਾ ਮਨਾ ਹੈ। ਜੇਕਰ ਫਿਰ ਵੀ ਕੋਈ ਲੀਡਰ ਆਉਂਦਾ ਹੈ ਤਾਂ ਉਹ ਆਪਣੀ ਬੇਇੱਜਤੀ ਜਾਂ ਹੋਰ ਨੁਕਸਾਨ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ। ਕੋਈ ਸ਼ੱਕ ਨਹੀਂ ਕਿ ਇਹ ਚੋਣਾਂ ਦਾ ਅਸਰ ਹੈ, ਜੋ ਚੋਣਾਂ ਮੌਕੇ ਹਰ ਵਾਰ ਹੁੰਦਾ ਹੈ।
political leaders
ਇਸ ਵਾਰ ਪਿੰਡਾਂ ਦੇ ਲੋਕਾਂ ’ਚ ਗੁੱਸੇ ਦਾ ਕਾਰਨ ਤਿੰਨ ਖੇਤੀ ਕਾਨੂੰਨ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਸਮੂਹ ਕਿਸਾਨ ਤੇ ਸਮਰਥਕ ਬਜਿੱਦ ਹਨ। ਇਨ੍ਹਾਂ ਮਨਾਹੀਆਂ ਪਿੱਛੇ ਕਿਸਾਨ ਜਥੇਬੰਦੀਆਂ ਹਨ, ਜਿਨ੍ਹਾਂ ਦਾ ਸਾਥ ਆਮ ਲੋਕ ਵੀ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੁਰੂ ’ਚ ਸਿਆਸਤ ਦਾ ਮਤਲਬ ਸੇਵਾ ਹੁੰਦਾ ਸੀ, ਪਰ ਹੁਣ ਸਿਆਸਤ ਦਾ ਮਤਲਬ ਧੋਖਾ, ਚਾਲਵਾਜੀ, ਮਤਲਬਪ੍ਰਸਤੀ, ਮੌਕਾਪ੍ਰਸਤੀ ਜਾਂ ਇਸਦੇ ਨਾਲ ਮਿਲਦਾ ਜੁਲਦਾ ਹੀ ਬਣ ਗਿਆ ਹੈ। ਲੀਡਰਾਂ ਦੇ ਬੋਲ ਤਾਂ ਹੁਣ ਲੋਕ ਤੱਥ ਹੀ ਬਣ ਚੁੱਕੇ ਹਨ
Political leaders
ਜਿਵੇਂ ‘‘ਫਲਾਣਾ ਬੰਦਾ ਸਿਆਸਤ ਕਰਦੈ, ਉਸ ਤੋਂ ਬਚ ਕੇ ਰਹੀਂ’’, ‘‘ਉਹ ਸਿਆਸੀ ਬੰਦਾ ਹੈ, ਉਸ ਤੋਂ ਭਲੇ ਦੀ ਉਮੀਦ ਨਹੀਂ ਕਰਨੀ ਚਾਹੀਦੀ’’ ਜਾਂ ਫਿਰ ‘‘ਸਿਆਸੀ ਲੀਡਰਾਂ ਦੇ ਲਾਰੇ ਲੋਕਹਿੱਤ ਵਿਚ ਵਫਾ ਨਹੀਂ ਹੁੰਦੇ, ਜੇ ਚੋਣਾਂ ਨੇੜੇ ਹੋਣ ਤਾਂ ਇਹ ਪਾਣੀ ’ਚ ਬੱਸਾਂ ਚਲਾ ਸਕਦੇ ਹਨ, ਚੰਦ ’ਤੇ ਰੈਲੀਆਂ ਕਰਵਾ ਸਕਦੇ ਹਨ, ਜਹਾਜ਼ਾਂ ਦੀਆਂ ਫੈਕਟਰੀਆਂ ਲਗਾ ਦਿੰਦੇ ਹਨ ਜਾਂ ਫਿਰ 300 ਯੁਨਿਟ ਬਿਜਲੀ ਵੀ ਮੁਫ਼ਤ ਦੇ ਸਕਦੇ ਹਨ।’’ ਇਸ ਵਾਸਤੇ ਕੋਈ ਇਕ ਪਾਰਟੀ ਜਾਂ ਸਰਕਾਰਾਂ ਜ਼ਿੰਮੇਵਾਰ ਨਹੀਂ, ਸਗੋਂ ੳਹ ਲੀਡਰ ਜਿੰਮੇਵਾਰ ਹਨ
Photo
ਜਿਨ੍ਹਾਂ ਨੇ ਆਪਣੀਆਂ ਤਿਜ਼ੋਰੀਆਂ ਭਰਨ ਖਾਤਰ ਪਹਿਲਾਂ ਲੱਖਾਂ ਖਰਚ ਕੀਤੇ, ਫਿਰ ਕਰੋੜਾਂ ਰੁਪਏ ਕਮਾਉਣ ਲਈ ਹਰ ਹਰਵਾ ਵਰਤਿਆ। ਇਸਦਾ ਹਰਜਾਨਾ ਹਮੇਸ਼ਾਂ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਨੇੜਲੇ ਪਿੰਡ ਭਾਗੀਵਾਂਦਰ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਲੱਗੇ ਬੈਨਰ ’ਤੇ ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲਿਖ ਕੇ ਕਿਸੇ ਵੀ ਰਾਜਨੀਤਿਕ ਲੀਡਰ ਦੇ ਪਿੰਡ ’ਚ ਦਾਖਲ ਹੋਣ ’ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਪਿੰਡ ਬਲਾਹੜ ਵਿੰਝੂ ਵਿਖੇ ਇਕ ਬੈਨਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਲਗਾਇਆ ਗਿਆ ਹੈ ਕਿ ਪਿੰਡ ’ਚ ਸਿਆਸੀ ਲੀਡਰਾਂ ਜਾਂ ਅਵਾਰਾ ਪਸ਼ੂਆਂ ਦਾ ਆਉਣਾ ਮਨਾ ਹੈ।
ਜੇਕਰ ਕੋਈ ਲੀਡਰ ਜਾਂ ਉਸਦਾ ਚਮਚਾ ਪਿੰਡ ’ਚ ਦਾਖਲ ਹੋਇਆ ਤਾਂ ਆਪਣੀ ਸੇਵਾ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ। ਇਸ ਬੈਨਰ ’ਤੇ ਪੰਜਾਬ ਦੀਆਂ ਬਕਾਇਦਾ ਚਾਰ ਪਾਰਟੀਆਂ ਦੇ ਲੋਗੋ ਵੀ ਛਾਪੇ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਉਕਤ ਜਿਹੀ ਸੋਚ ਅਪਣਾ ਲਈ ਹੈ, ਜਿਨ੍ਹਾਂ ’ਚੋਂ ਬਹੁਤਿਆਂ ਨੇ ਬੈਨਰ ਲਗਾ ਦਿੱਤੇ ਹਨ ਅਤੇ ਬਹੁਤਿਆਂ ਨੇ ਅਜਿਹੀ ਹੀ ਕੁਝ ਕਰਨ ਦੀ ਤਿਆਰੀ ਕਰ ਲਈ ਹੈ। ਹੋਰ ਤਾਂ ਹੋਰ ਬਹੁਤ ਸਾਰੇ ਪਿੰਡਾਂ ਨੇ ਤਾਂ ਬੈਨਰ ਵੀ ਨਹੀਂ ਲਗਾਏ ਤੇ ਲੀਡਰਾਂ ਦੇ ਆਉਣ ’ਤੇ ਉਨ੍ਹਾਂ ਦਾ ਘੇਰਾਓ ਕਰ ਲੈਂਦੇ ਹਨ।
Mohit Gupta
ਇਸ ਵਰਤਾਰੇ ਲਈ ਭਾਜਪਾ ਜ਼ਿੰਮੇਵਾਰ : ਗੁਪਤਾ
ਅਕਾਲੀ ਦਲ ਦੇ ਨਵਨਿਯੁਕਤ ਬੁਲਾਰੇ ਤੇ ਜਨਰਲ ਸਕੱਤਰ ਮੋਹਿਤ ਗੁਪਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬੈਨਰ ਕੁਝ ਕੁ ਪਿੰਡਾਂ ’ਚ ਲੱਗੇ ਹਨ, ਜੋ ਬਹੁਤ ਮੰਦਭਾਗਾ ਹੈ। ਇਸ ਵਾਸਤੇ ਭਾਜਪਾ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਖੁਦ ਭਾਜਪਾ ਇਸੇ ਰੋਸ ਵਜੋਂ ਛੱਡੀ ਹੈ। ਪਿੰਡਾਂ ’ਚ ਅਕਾਲੀ ਦਲ ਦੀਆਂ ਇਕਾਈਆਂ ਹਨ, ਜਿਨ੍ਹਾਂ ਰਾਹੀਂ ਉਹ ਲੋਕਾਂ ਨੂੰ ਪਾਰਟੀ ਪ੍ਰਤੀ ਜਾਗਰੂਕ ਕਰ ਰਹੇ ਹਨ। ਅਕਾਲੀ ਸਰਕਾਰ ਬਨਣ ’ਤੇ ਪਿੰਡਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਤੀਆਂ ਜਾਣਗੀਆਂ।
ਪਿੰਡਾਂ ’ਚ ਕਾਂਗਰਸ ਦਾ ਵਿਰੋਧ ਨਹੀਂ ਹੈ : ਵਿਰਕ
ਕਾਂਗਰਸੀ ਆਗੂ ਰਾਮ ਸਿੰਘ ਵਿਰਕ ਨੇ ਕਿਹਾ ਕਿ ਅਕਾਲੀ-ਭਾਜਪਾ ਨੇ ਪਹਿਲਾਂ ਖੇਤੀ ਕਾਨੂੰਨ ਪਾਸ ਕੀਤੇ। ਜਦੋਂ ਵਿਰੋਧ ਹੋਇਆ ਤਾਂ ਅਕਾਲੀ ਦਲ ਅਲੱਗ ਹੋਣ ਦਾ ਡਰਾਮਾ ਕਰ ਰਹੀ ਹੈ। ਅਸਲੀਅਤ ਇਹ ਹੈ ਕਿ ਦੋਵੇਂ ਪਾਰਟੀਆਂ ਹੁਣ ਵੀ ਅੰਦਰਖਾਤੇ ਇਕ ਹਨ। ਉਹ ਸਰਵੇ ਕਰਵਾ ਚੁੱਕੇ ਹਨ ਕਿ ਪਿੰਡਾਂ ’ਚ ਕਾਂਗਰਸ ਦਾ ਨਹੀਂ, ਸਗੋਂ ਅਕਾਲੀ-ਭਾਜਪਾ ਦਾ ਵਿਰੋਧ ਹੈ।
ਪੰਚਾਇਤਾਂ ਲੋਕਾਂ ਨੂੰ ਜਾਗਰੂਕ ਕਰਨ : ਵਿੰਟਾ
ਵਿਨੋਦ ਬਿੰਟਾ ਪ੍ਰਧਾਨ ਜ਼ਿਲਾ ਭਾਜਪਾ ਬਠਿੰਡਾ ਦਾ ਕਹਿਣਾ ਸੀ ਕਿ ਜੇਕਰ ਲੀਡਰ ਪਿੰਡਾਂ ’ਚ ਨਹੀਂ ਜਾਣਗੇ ਤਾਂ ਲੋਕਾਂ ਦੀਆਂ ਮੰਗਾਂ ਸਰਕਾਰਾਂ ਤੱਕ ਕਿਵੇਂ ਪਹੁੰਚਣਗੀਆਂ ਤੇ ਕਿਵੇਂ ਉਨ੍ਹਾਂ ਦਾ ਹੱਲ ਹੋਵੇਗਾ। ਵਿਰੋਧੀ ਧਿਰਾਂ ਦੇ ਭੜਕਾਏ ਕੁਝ ਕਿਸਾਨ ਆਗੂ ਗਲਤ ਵਰਤਾਰੇ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸੰਬੰਧੀ ਕਿਸਾਨ ਵਿੰਗਾਂ ਨਾਲ ਮੀਟਿੰਗਾਂ ਕਰਨਗੇ।