
ਗੰਨੇ ਦੇ ਮੁੱਲ ਵਿਚ ਵਾਧੇ ਬਾਰੇ ਫ਼ਿਲਹਾਲ ਨਹੀਂ ਬਣੀ ਕੋਈ ਸਹਿਮਤੀ
ਪਰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਮਲਾ ਸੁਲਝਣ ਦੀ ਆਸ ਪ੍ਰਗਟਾਈ
ਚੰਡੀਗੜ੍ਹ, 22 ਅਗੱਸਤ (ਗੁਰਉਪਦੇਸ਼ ਭੁੱਲਰ) : ਸੂਬੇ ਦੇ ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੇ ਮੁੱਲ ਵਿਚ ਵਾਧਾ ਕਰਨ ਅਤੇ 200 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਲਈ ਅੱਜ ਇਥੇ ਪੰਜਾਬ ਭਵਨ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਿਸਾਨ ਆਗੂਆਂ ਦਰਮਿਆਨ ਹੋਈ ਮੀਟਿੰਗ ਭਾਵੇਂ ਸੁਖਾਵੇਂ ਮਾਹੌਲ ਵਿਚ ਹੋਈ ਪਰ ਇਸ ਵਿਚ ਫ਼ਿਲਹਾਲ ਗੰਨੇ ਦਾ ਮੁੱਲ ਦੇ ਵਾਧੇ ਦੀ ਮੰਗ ਨੂੰ ਲੈ ਕੇ ਫ਼ਿਲਹਾਲ ਕੋਈ ਸਹਿਮਤੀ ਨਹੀਂ ਬਣ ਸਕੀ | ਦੂਜੀ ਮੰਗ ਬਕਾਏ ਦੀ ਅਦਾਇਗੀ ਦੀ ਸੀ ਜਿਸ ਬਾਰੇ ਰੰਧਾਵਾ ਨੇ ਭਰੋਸਾ ਦਿਤਾ ਕਿ ਇਹ ਅਦਾਇਗੀ ਇਕ ਮਹੀਨੇ ਅੰਦਰ ਕਰ ਦਿਤੀ ਜਾਵੇਗੀ |
ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੀ 7 ਮੈਂਬਰੀ ਕਮੇਟੀ ਵਿਚੋਂ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਕੁਲਵੰਤ ਸਿੰਘ ਸੰਧੂ, ਹਰਮੀਤ ਕਾਦੀਆਂ, ਬਲਦੇਵ ਸਿੰਘ ਸਿਰਸਾ, 32 ਕਿਸਾਨ ਜਥੇਬੰਦੀਆਂ ਵਿਚੋਂ ਪ੍ਰਮੁੱਖ ਆਗੂ ਹਰਿੰਦਰ ਸਿੰਘ ਲੱਖੋਵਾਲ,ਮਨਜੀਤ ਸਿੰਘ ਰਾਏ ਸ਼ਾਮਲ ਸਨ | ਰੰਧਾਵਾ ਨਾਲ ਗੰਨਾ ਬੋਰਡ ਦੇ ਮੈਂਬਰ ਤੇ
ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਰਕਾਰ ਦੇ ਉਚ ਅਫ਼ਸਰ ਵੀ ਸ਼ਾਮਲ ਹੋਏ | ਮੀਟਿੰਗ ਵਿਚ ਗੰਨੇ ਦੇ ਭਾਅ ਵਿਚ ਵਾਧੇ ਨੂੰ ਲੈ ਕੇ ਮੁੱਖ ਅੜਿੱਕਾ ਗੰਨੇ ਦੀ ਪੈਦਾਵਾਰ ਦੇ ਖ਼ਰਚਿਆਂ ਦੇ ਅੰਕੜਿਆਂ ਕਾਰਨ ਪੈਦਾ ਹੋਇਆ |
ਮੀਟਿੰਗ ਵਿਚ ਮੌਜੂਦ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਇਹ ਖ਼ਰਚਾ 350 ਰੁਪਏ ਪ੍ਰਤੀ ਕੁਇੰਟਲ ਦਸਿਆ ਹੈ ਜਦਕਿ ਕਿਸਾਨ ਆਗੂ 392 ਰੁਪਏ ਦਸਦੇ ਹਨ | ਇਸੇ ਆਧਾਰ 'ਤੇ ਕਿਸਾਨਾਂ ਵਲੋਂ 400 ਰੁਪਏ ਪ੍ਰਤੀ ਕੁਇੰਟਲ ਮੁੱਲ ਦੀ ਮੰਗ ਕੀਤੀ ਗਈ ਹੈ |
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਰ ਸਾਲ 10 ਰੁਪਏ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬਾਅਦ 15 ਰੁਪਏ ਵਧਾਏ ਗਏ ਹਲ | ਗੰਨਾ ਪੈਦਾ ਕਰਨ ਵਾਲੇ ਰਾਜਾਂ ਵਿਚੋਂ ਪੰਜਾਬ ਵਿਚ ਸੱਭ ਤੋਂ ਘੱਟ ਰੇਟ ਹੈ | ਗੁਆਂਢੀ ਰਾਜ ਹਰਿਆਣਾ ਵਿਚ ਵੀ 358 ਰੁਪਏ ਹੈ ਜਦਕਿ ਪੰਜਾਬ ਵਿਚ ਹੁਣ 15 ਰੁਪਏ ਦੇ ਵਾਧੇ ਨਾਲ 325 ਰੁਪਏ ਬਣੇਗਾ | ਯੂ.ਪੀ. ਵਿਚ ਵੀ 340 ਰੁਪਏ ਪ੍ਰਤੀ ਕੁਇੰਟਲ ਰੇਟ ਹੈ | ਹੁਣ ਦੂਜੇ ਗੇੜ ਦੀ ਮੀਟਿੰਗ 23 ਅਗੱਸਤ ਨੂੰ ਜਲੰਧਰ ਵਿਚ ਰੱਖੀ ਗਈ ਹੈ, ਜਿਸ ਵਿਚ ਖੇਤੀ ਮਾਹਰ ਤੇ ਸਰਕਾਰ ਦੇ ਖੇਤੀ ਅਧਿਕਾਰੀ ਪੈਦਾਵਾਰੀ ਲਾਗਤ ਦੇ ਅੰਕੜਿਆਂ 'ਤੇ ਕਿਸਾਨ ਆਗੂਆਂ ਨਾਲ ਚਰਚਾ ਕਰ ਕੇ ਕੋਈ ਸਹਿਮਤੀ ਬਣਾਉਣ ਦਾ ਯਤਨ ਕਰਨਗੇ | ਇਸ ਤੋਂ ਬਾਅਦ ਮੰਗਲਵਾਰ ਮੁੜ ਸਰਕਾਰ ਨਾਲ ਫ਼ੈਸਲਾਕੁੰਨ ਮੀਟਿੰਗ ਹੋ ਸਕਦੀ ਹੈ | ਇਹ ਮੀਟਿੰਗ ਮੁੱਖ ਮੰਤਰੀ ਨਾਲ ਹੋ ਸਕਦੀ ਹੈ | ਕਿਸਾਨ ਆਗੂ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕਰਵਾਉਣ 'ਤੇ ਅੜ ਗਏ ਹਨ ਅਤੇ ਉਨ੍ਹਾਂ ਨੇ ਸਾਫ਼ ਕਰ ਦਿਤਾ ਹੈ ਕਿ ਮੰਗਲਵਾਰ ਤਕ ਮੰਗ ਪ੍ਰਵਾਨ ਨਾ ਹੋਈ ਤਾਂ ਪੰਜਾਬ ਪਧਰੀ ਵੱਡੇ ਐਕਸ਼ਨ ਨਾਲ ਅੰਦੋਲਨ ਤੇਜ਼ ਕਰ ਦਿਤਾ ਜਾਵੇਗਾ | ਹਾਲੇ ਰੇਲ ਟਰੈਕ 'ਤੇ ਧਰਨਾ ਜਾਰੀ ਰਹੇਗਾ |