
ਕਿਹਾ, ਪਾਸ ਕੀਤੇ ਐਕਟ ਪ੍ਰਮੁੱਖ ਮੰਡੀ 'ਤੇ ਲਾਗੂ ਨਹੀਂ ਹੁੰਦੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਾਰੇ ਪੰਜਾਬ ਨੂੰ ਖੇਤੀਬਾੜੀ ਜਿਣਸਾਂ ਲਈ ਪ੍ਰਮੁੱਖ ਮੰਡੀ ਘੋਸ਼ਤ ਕਰਨ ਤਾਂ ਜੋ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਡੀਕਰਨ ਬਾਰੇ ਤਾਜ਼ਾ ਐਕਟ ਸੂਬੇ ਵਿਚ ਲਾਗੂ ਹੀ ਨਾ ਹੋਣ। ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸੱਭ ਤੋਂ ਸਰਵੋਤਮ, ਛੇਤੀ ਅਮਲ ਵਿਚ ਲਿਆਉਣ ਵਾਲੀ ਤੇ ਸੱਭ ਤੋਂ ਪ੍ਰਭਾਵਸ਼ਾਲੀ ਵਿਧੀ ਹੈ ਜਿਸ ਰਾਹੀਂ ਪੰਜਾਬ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਪੰਜਾਬ ਵਿਚ ਲਾਗੂ ਹੋਣ ਤੋਂ ਰੋਕ ਸਕਦਾ ਹੈ ਤੇ ਇਹ ਬਿੱਲ/ਐਕਟ ਪੰਜਾਬ ਵਿਚ ਪ੍ਰਮੁੱਖ ਮੰਡੀ 'ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬਿਨਾਂ ਦੇਰੀ ਦੇ ਉਹ ਕਾਰਵਾਈ ਕਰੇ।
Sukhbir Badal
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਇਹ ਤਾਕਤ ਹੈ ਕਿ ਉਹ ਸਾਰੇ ਸੂਬੇ ਨੂੰ ਪ੍ਰਮੁੱਖ ਮੰਡੀ, ਉਪ ਮੰਡੀ ਜਾਂ ਫਿਰ ਮਾਰਕੀਟ ਉਪ ਮੰਡੀ ਐਲਾਨੇ। ਉਨ੍ਹਾਂ ਕਿਹਾ ਕਿ ਮੌਜੂਦਾ ਐਕਟ ਦੀਆਂ ਵਿਵਸਥਾਵਾਂ ਤਹਿਤ ਕੇਂਦਰ ਸਰਕਾਰ ਨੇ ਅਜਿਹੀਆਂ ਮੰਡੀਆਂ ਜਾਂ ਕਾਨੂੰਨ ਅਨੁਸਾਰ ਐਲਾਨੀਆਂ ਮੰਡੀਆਂ ਨੂੰ ਅਜਿਹੇ ਐਕਟਾਂ ਤੋਂ ਛੋਟ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਮੁੱਚੇ ਰਾਜ ਨੂੰ ਪ੍ਰਮੁੱਖ ਮੰਡੀ ਐਲਾਨਿਆ ਜਾਵੇ ਤਾਂ ਜੋ ਕੇਂਦਰ ਸਰਕਾਰ ਦੇ ਐਕਟ ਆਪਣੇ ਆਪ ਹੀ ਬੇਮਾਇਨਾ ਹੋ ਜਾਣ। ਉਹਨਾਂ ਕਿਹਾ ਕਿ ਅਜਿਹੀ ਵਿਵਸਥਾ ਤਹਿਤ ਜੋ ਪ੍ਰਾਈਵੇਟ ਕੰਪਨੀਆਂ ਮੰਡੀ ਵਿਚ ਦਾਖਲ ਹੋਣਗੀਆਂ, 'ਤੇ ਵੀ ਇਹ ਰਾਜ ਸਰਕਾਰ ਦੇ ਐਕਟ ਲਾਗੂ ਹੋਣਗੇ।
Sukhbir Badal
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਸੋਧਾਂ ਖਾਰਜ ਕਰਨ ਵਿਚ ਅਸਫ਼ਲ ਰਹਿਣ ਕਾਰਨ ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਵੀ ਸੂਬੇ ਵਿਚ ਇਸਦੀ ਸਰਕਾਰ ਆਉਂਦੀ ਹੈ ਤਾਂ ਫਿਰ ਇਹ ਸੋਧਾਂ ਖਾਰਜ ਕੀਤੀਆਂ ਜਾਣਗੀਆਂ। ਸ੍ਰੀ ਬਾਦਲ ਨੇ ਇਹ ਤਜਵੀਜ਼ ਪਾਰਟੀ ਵਲੋਂ ਪ੍ਰਧਾਨ ਨੂੰ ਤਿੰਨ ਖੇਤੀਬਾੜੀ ਬਿੱਲਾਂ 'ਤੇ ਸਹੀ ਨਾ ਪਾਉਣ ਦੀ ਕੀਤੀ ਹਦਾਇਤ ਤੋਂ ਬਾਅਦ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਇਸ ਐਕਟ ਦੀਆਂ ਖਤਰਨਾਕ ਵਿਵਸਥਾਵਾਂ ਲਾਗੂ ਹੋਣ ਤੋਂ ਪਹਿਲਾਂ ਹੀ ਖਾਰਜ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਤੁਰੰਤ ਕਰਨ ਤਾਂ ਜੋ ਕਿਸੇ ਵੀ ਤਰੀਕੇ ਦੀ ਤਕਨੀਕੀ ਜਾਂ ਕਾਨੂੰਨੀ ਅੜਚਣ ਇਸਦੇ ਰਾਹ ਵਿਚ ਨਾ ਆ ਸਕੇ ਤੇ ਅਜਿਹਾ ਕਰਨਾ ਸਮੇਂ ਦੀ ਬਰਬਾਦੀ ਵੀ ਹੋਵੇਗਾ।
Sukhbir Badal
ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਕਦੇ ਵੀ ਇਹ ਐਕਟ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਵੇਗਾ। ਉਨ੍ਹਾੰ ਕਿਹਾ ਕਿ ਭਾਵੇਂ ਸਾਨੂੰ ਜੋ ਵੀ ਕਦਮ ਚੁੱਕਣੇ ਪਏ,ਅਸੀਂ ਚੁੱਕਾਂਗੇ। ਉਹਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇਹ ਨਾ ਕੀਤਾ ਤਾਂ ਫਿਰ ਉਹ ਪੰਜਾਬ ਦੇ ਕਿਸਾਨਾਂ ਦੀ ਪ੍ਰਾਈਵੇਟ ਕਾਰਪੋਰੇਟ ਸੈਕਟਰ ਵੱਲੋਂ ਖੁੱਲ੍ਹੀ ਲੁੱਟ ਦੀ ਇਜਾਜ਼ਤ ਦੇਣਗੇ। ਉਨ੍ਹਾਂ ਹਿਕਾ ਕਿ ਉਹਨਾਂ ਨੂੰ ਅੱਜ ਹੀ ਇਹ ਸੋਧਿਆ ਹੋਇਆ ਮੰਡੀਕਰਣ ਬਿੱਲ ਰੱਦ ਕਰਨਾ ਚਾਹੀਦਾ ਹੈ ਤਾਂ ਤਾਂ ਜੋ ਕੇਂਦਰ ਸਰਕਾਰ ਨੂੰ ਪੰਜਾਬ ਵਿਚ ਆਪਣੇ ਕਾਨੂੰਨ ਲਾਗੂ ਕਰਨ ਦਾ ਕੋਈ ਮੌਕਾ ਨਾ ਮਿਲ ਸਕੇ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਤੇ ਕਿਸਾਨਾਂ ਦੀਆਂ ਅਪੀਲਾਂ ਨਾ ਸੁਣੀਆਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਇਹ ਕਦਮ ਚੁੱਕੇਗਾ।
Sukhbir Badal
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਏ ਪੀ ਐਮ ਸੀ ਐਕਟ ਵਿਚ ਇਹਨਾਂ ਸੋਧਾਂ ਨੂੰ ਤੁਰੰਤ ਖਾਰਜ ਕਰਨ। ਉਨ੍ਹਾਂ ਕਿਹਾ ਕਿ ਜੇਕਰ ਇਹਨਾਂ ਸੋਧਾਂ ਵਿਚ ਅਜਿਹੀਆਂ ਵਿਵਸਥਾਵਾਂ ਹਨ ਜੋ ਰਾਜ ਸਰਕਾਰ ਦੇ ਸੋਧੇ ਹੋਏ ਕਾਨੂੰਨ ਵਿਚ ਸ਼ਾਮਲ ਹਨ, ਜਿਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਬਹੁਤ ਅਜੀਬ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਅਜਿਹੇ ਐਕਟ ਆਪਣੇ ਹੀ ਸੂਬੇ ਵਿਚ ਲਾਗੂ ਕਰਨਾ ਚਾਹੁੰਦਾ ਹੈ ਜਿਹਨਾਂ ਦੇ ਉਹ ਕੇਂਦਰੀ ਕਾਨੂੰਨ ਵਿਚ ਵਿਰੋਧ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿਰਫ ਫਰਕ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਦੇ ਐਕਟ ਵਿਚ ਇਹੀ ਫਰਕ ਹੈ ਕਿ ਸੰਸਦ ਵੱਲੋਂ ਪਾਸ ਕੀਤਾ ਗਿਆ ਐਕਟ ਸਾਰੇ ਦੇਸ਼ ਵਿਚ ਲਾਗੂ ਹੁੰਦਾ ਹੈ ਜਦਕਿ ਅਮਰਿੰਦਰ ਸਿੰਘ ਵੱਲੋਂ ਪਾਸ ਐਕਟ ਸਿਰਫ ਉਹਨਾਂ ਦੇ ਸੂਬੇ ਵਿਚ ਹੀ ਲਾਗੂ ਹੁੰਦਾ ਹੈ।