
Jalandhar News : ਮੁਲਜ਼ਮ ਵਿਆਹ ਦਾ ਬਹਾਨਾ ਬਣਾ ਕੇ ਨਾਲ ਲੈ ਗਿਆ ਸੀ, ਜਾਨੋਂ ਮਾਰਨ ਦੀ ਦਿੱਤੀ ਧਮਕੀ
Jalandhar News : ਜਲੰਧਰ 'ਚ 16 ਸਾਲ ਦੀ ਲੜਕੀ ਨੂੰ ਅਗਵਾ ਕਰਕੇ ਮੁਲਜ਼ਮਾਂ ਨੇ ਉਸ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿੱਚ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮੁਲਜ਼ਮ ਗੈਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਸ੍ਰੀ ਗੰਗਾਨਗਰ, ਰਾਜਸਥਾਨ ਦੇ ਖ਼ਿਲਾਫ਼ ਪੋਕਸੋ ਐਕਟ (ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ), ਬੀ.ਐੱਨ.ਐੱਸ. 137 (2) ਧਾਰਾ 87, 64 (1) ਅਤੇ 351 (2) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮ ਜਲੰਧਰ ਵਿੱਚ ਬਾਪੂ ਲਾਲ ਬਾਦਸ਼ਾਹ ਦਰਗਾਹ ਨਕੋਦਰ ਕੋਲ ਕਿਰਾਏ ’ਤੇ ਰਹਿੰਦਾ ਸੀ। ਥਾਣਾ ਰਾਮਾਮੰਡੀ ਦੀ ਪੁਲਿਸ ਨੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲਦੀ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਨਾਬਾਲਿਗ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 16 ਸਾਲ ਹੈ। ਜਦੋਂ ਮੁਲਜ਼ਮ ਗੈਰੀ ਉਸ ਦੇ ਸੰਪਰਕ ਵਿੱਚ ਆਇਆ ਤਾਂ ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਬੀਤੇ ਦਿਨ ਮੁਲਜ਼ਮਾਂ ਨੇ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਅਗਵਾ ਕਰ ਲਿਆ।
ਅਗਵਾ ਕਰਨ ਤੋਂ ਬਾਅਦ ਮੁਲਜ਼ਮ ਨੇ ਲੜਕੀ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਏ ਅਤੇ ਕਿਸੇ ਨੂੰ ਇਹ ਗੱਲ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਪੀੜਤ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਘਟਨਾ ਤੋਂ ਬਾਅਦ ਪੀੜਤਾ ਕਾਫੀ ਪਰੇਸ਼ਾਨ ਸੀ, ਜਦੋਂ ਪਰਿਵਾਰ ਵਾਲਿਆਂ ਨੇ ਦਬਾਅ ਪਾ ਕੇ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਪੁਲਿਸ ਨੇ ਲੜਕੀ ਦਾ ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾਇਆ ਅਤੇ ਉਸਦੇ ਬਿਆਨ ਦਰਜ ਕਰਕੇ ਤੁਰੰਤ ਮਾਮਲਾ ਦਰਜ ਕਰ ਲਿਆ।
(For more news apart from After abducting minor girl in Jalandhar, rapist arrested News in Punjabi, stay tuned to Rozana Spokesman)