
ਕਿਹਾ, ਕਿਸਾਨਾਂ ਦੇ ਡਰ ਕਾਰਨ ਕਾਨੂੰਨ ਨਾ ਵਾਪਸ ਲੈਣ ਦੀ ਮੋਦੀ ਕਰ ਰਿਹੈ ਗੱਲ
ਅੰਮ੍ਰਿਤਸਰ : ਰੇਲ ਰੋਕੋ ਅੰਦੋਲਨ ਦਾ ਇਕ ਮਹੀਨਾ ਪੂਰਾ ਹੋਣ ‘ਤੇ ਅੱਜ ਅੰਮ੍ਰਿਤਸਰ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੇਂਦਰ ਖਿਲਾਫ਼ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਰਣਜੀਤ ਅੇਵਨਿਊ ਗਰਾਊਂਡ 'ਚ ਹੋਏ ਇਸ ਵਿਸ਼ਾਲ ਇਕੱਠ ਵਿਚ ਵੱਡੀ ਗਿਣਤੀ ਔਰਤਾਂ ਨੇ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਰੈਲੀ ‘ਚ ਪਹੁੰਚੀਆਂ ਵੱਡੀ ਗਿਣਤੀ ਔਰਤਾਂ ਨੇ ਇਕੋ ਜਿਹੀਆਂ ਕੇਸਰੀ ਚੁੰਨੀਆਂ ਲਈਆਂ ਹੋਈਆਂ ਸਨ।
Women rail roko protest
ਅੰਮ੍ਰਿਤਸਰ ‘ਚ ਇਸ ਪ੍ਰਦਰਸ਼ਨ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ ਤੇ ਅੰਬਾਨੀ ਦਾ ਪੁੱਤਲਾ ਵੀ ਸਾੜਿਆ ਗਿਆ। ਵੱਡੀ ਗਿਣਤੀ ਪੁੱਜੀਆਂ ਔਰਤਾਂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਹੁਣ ਕੇਂਦਰ ਸਰਕਾਰ ਦੇ ਖਿਲਾਫ ਲੜਾਈ 'ਚ ਕੁਦ ਗਈਆਂ ਹਨ ਅਤੇ ਇਸ ਲੜਾਈ ਨੂੰ ਹੁਣ ਅਖੀਰ ਤਕ ਝਾਂਸੀ ਦੀ ਰਾਣੀ ਵਾਂਗ ਲੜਨਗੀਆਂ।
Women rail roko protest
ਇਸ ਦੌਰਾਨ ਵੱਖ-ਵੱਖ ਪਿੰਡਾਂ 'ਚੋਂ ਪੁੱਜੀਆਂ ਕਿਸਾਨ ਬੀਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ ਪਰ ਪੰਜਾਬ ਦੀਆਂ ਔਰਤਾਂ ਅਜਿਹਾ ਬਿਲਕੁਲ ਨਹੀਂ ਹੋਣ ਦੇਣਗੀਆਂ ਕਿਉਂਕਿ ਇੱਕ ਪਾਸੇ ਜਿੱਥੇ ਸਾਡੇ ਕਿਸਾਨ ਭਰਾ ਸਾਡੀ ਅਗਵਾਈ ਕਰਕੇ ਦਿਨ ਰਾਤ ਸੰਘਰਸ਼ ਕਰ ਰਹੇ ਹਨ, ਉਥੇ ਹੀ ਪੰਜਾਬ ਦੀਆਂ ਔਰਤਾਂ ਵੀ ਦਿਨ ਰਾਤ ਇਕ ਕਰਦੀਆਂ ਹੋਈਆਂ ਮੋਢੇ ਨਾਲ ਮੋਢਾ ਜੋੜ ਕੇ ਇਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਫੈਸਲਾਕੁੰਨ ਲੜਾਈ ਲੜਨਗੀਆਂ।
Women rail roko protest
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਅੱਜ ਦੇ ਇਕੱਠ ਤੋਂ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਔਰਤਾਂ ਹੁਣ ਪੰਜਾਬ ਦੇ ਕਿਸਾਨਾਂ ਵਾਂਗ ਕੇਂਦਰ ਨਾਲ ਸਿੱਧੀ ਟੱਕਰ ਲੈਣ ਲਈ ਨਿੱਤਰੀਆਂ ਹਨ ਤੇ ਪਿਛੋਕੜ 'ਚ ਜਦੋਂ ਵੀ ਕਦੇ ਔਰਤਾਂ ਨੇ ਕਿਸੇ ਲੜਾਈ ‘ਚ ਯੋਗਦਾਨ ਪਾਇਆ ਹੈ ਤਾਂ ਉਹ ਹਮੇਸ਼ਾ ਸਫਲ ਹੋਇਆ ਹੈ।
Women rail roko protest
ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਦੋ ਟੁੱਕ ਦਿੱਤੇ ਜਵਾਬ 'ਚ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਮੋਦੀ ਨੂੰ ਕਿਤੇ ਨਾ ਕਿਤੇ ਕਿਸਾਨਾਂ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਹ 2024 ਤਕ ਆਪਣਾ ਸੰਘਰਸ਼ ਜਾਰੀ ਰੱਖਣ ਲਈ ਤਿਆਰ ਬਰ ਤਿਆਰ ਹਨ। ਪੰਧੇਰ ਨੇ ਅੱਗੇ ਕਿਹਾ ਕਿ 25 ਅਕਤੂਬਰ ਨੂੰ ਹਰੇਕ ਪਿੰਡ ‘ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮੋਦੀ ਸਰਕਾਰ ਖਿਲਾਫ਼ ਧਰਨੇ ਅਤੇ ਅਰਥੀ ਫੂਕ ਪ੍ਰਦਰਸ਼ਨ ਹੋਣਗੇ।