ਮੈਂ ਪੰਜਾਬ ਦੇ ਲਈ ਹਮੇਸ਼ਾ ਖੜਾਂ ਹਾਂ ਮੇਰੀ ਡਿਊਟੀ ਜਿਸ ਥਾਂ ਵੀ ਲੋਕ ਲਗਾਉਣਗੇ ਉਹ ਜ਼ਰੂਰ ਪਹੁੰਚਣਗੇ- ਫੂਲਕਾ
ਚੰਡੀਗੜ੍ਹ - 1 ਨਵੰਬਰ ਦੀ ਡਿਬੇਟ ਨੂੰ ਲੈ ਕੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਆਪ ਆਗੂ HS ਫੂਲਕਾ, ਕੰਵਰ ਸੰਧੂ ਅਤੇ ਡਾ. ਧਰਮਵੀਰ ਗਾਂਧੀ ਦਾ ਨਾਂ ਸੁਝਾਇਆ ਸੀ ਜਿਸ ਨੂੰ ਲੈ ਕੇ ਹੁਣ ਐੱਚਐੱਸ ਫੂਲਕਾ ਨੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਫੂਲਕਾ ਨੇ ਕਿਹਾ ਉਹਨਾਂ ਨੇ ਮੀਡੀਆ ਵਿਚ ਇਹ ਬਿਆਨ ਸੁਣਿਆ ਹੈ ਕਿ ਜਾਖੜ ਸਾਬ੍ਹ ਨੇ ਉਹਨਾਂ ਦਾ ਨਾਂ ਸੁਝਾਇਆ ਹੈ ਪਰ ਹੁਣ ਤੱਕ ਉਹਨਾਂ ਨੂੰ ਸਰਕਾਰ ਵੱਲੋਂ ਅਜਿਹਾ ਕੋਈ ਸੱਦਾ ਨਹੀਂ ਆਇਆ ਤੇ ਨਾ ਹੀ ਅਜੇ ਤੱਕ ਉਹਨਾਂ ਨਾਲ ਕਿਸੇ ਨੇ ਸੰਪਰਕ ਕੀਤਾ ਹੈ।
ਐੱਚਐੱਸ ਫੂਲਕਾ ਨੇ ਕਿਹਾ ਕਿ 1 ਨਵੰਬਰ ਨੂੰ ਹੋਣ ਵਾਲੀ ਬਹਿਸ ਕੋਈ ਚੁਣਾਵੀ ਬਹਿਸ ਨਹੀਂ ਹੈ, ਫੂਲਕਾ ਨੇ ਕਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਮੌਕਾ ਹੈ ਸਿਆਸੀ ਆਗੂਆਂ ਦੇ ਲਈ, ਲੋਕਾਂ ਦੇ ਸਾਹਮਣੇ ਬੈਠ ਕੇ ਆਪਣੀ ਗੱਲ ਰੱਖਣ ਦਾ, ਲੋਕ ਸੁਣਨਗੇ ਕਿ ਸਾਡੇ ਆਗੂ ਪੰਜਾਬ ਦੇ ਮੁੱਦਿਆਂ ‘ਤੇ ਕੀ ਰਾਇ ਰੱਖਦੇ ਹਨ। ਇਸ ਵਿਚ ਬਹਿਸ ਘੱਟ ਅਤੇ ਵਿਚਾਰ ਜ਼ਿਆਦਾ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲਈ ਹਮੇਸ਼ਾ ਖੜਾਂ ਹਾਂ ਮੇਰੀ ਡਿਊਟੀ ਜਿਸ ਥਾਂ ਵੀ ਲੋਕ ਲਗਾਉਣਗੇ ਉਹ ਜ਼ਰੂਰ ਪਹੁੰਚਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਡਿਬੇਟ ਵਿਚ ਹਾਜ਼ਰ ਹੋਣਗੇ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਡਿਬੇਟ ਵਿਚ ਪੰਜਾਬ ਦੇ ਸਾਰੇ ਮੁੱਦਿਆਂ 'ਤੇ ਬਹਿਸ ਹੋਣੀ ਚਾਹੀਦੀ ਹੈ ਜਿਵੇਂ ਕਿ ਐੱਸਵਾਈਐੱਲ ਦਾ ਮੁੱਦਾ, ਨਸ਼ੇ, ਕਿਸਾਨੀ ਅਤੇ ਬੇਅਦਬੀ ਦੇ ਮੁੱਦੇ 'ਤੇ ਚਰਚਾ ਕਰਨੀ ਚਾਹੀਦੀ ਹੈ।