
ਪੰਜਾਬ ਸਰਕਾਰ ਦੇ ਦੀਵਾਲੀ ਬੰਪਰ-2018 ਦਾ ਡੇਢ-ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੇ ਦੋਵੇਂ ਜੇਤੂਆਂ ਨੇ...
ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਦੇ ਦੀਵਾਲੀ ਬੰਪਰ-2018 ਦਾ ਡੇਢ-ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੇ ਦੋਵੇਂ ਜੇਤੂਆਂ ਨੇ ਆਪੋ-ਅਪਣੇ ਦਸਤਾਵੇਜ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਕੋਲ ਜਮ੍ਹਾਂ ਕਰਵਾ ਦਿਤੇ ਹਨ। ਦੀਵਾਲੀ ਬੰਪਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੂਹੜ ਚੱਕ ਵਾਸੀ ਮੋਹਨ ਲਾਲ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਾਸੀ ਹਰਦੀਪ ਕੌਰ ਦੇ ਭਾਗ ਖੋਲ੍ਹ ਦਿੱਤੇ ਹਨ। ਦੀਵਾਲੀ ਬੰਪਰ-2018 ਦਾ ਡਰਾਅ ਪਿਛਲੇ ਦਿਨੀਂ ਲੁਧਿਆਣਾ ਵਿਖੇ ਕੱਢਿਆ ਗਿਆ ਸੀ।
Diwali Bumperਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੀਵਾਲੀ ਬੰਪਰ ਦੇ ਡਰਾਅ ਵਿੱਚ 1.50 ਕਰੋੜ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ: ਏ-034493 ਅਤੇ ਬੀ-936134 ਨੂੰ ਨਿਕਲੇ। ਟਿਕਟ ਨੰਬਰ: ਏ-034493 ਜ਼ਿਲ੍ਹਾ ਗੁਰਦਾਸਪੁਰ ਦੇ ਮੋਹਨ ਲਾਲ ਅਤੇ ਟਿਕਟ ਨੰਬਰ ਬੀ-936134 ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਵਾਸੀ ਹਰਦੀਪ ਕੌਰ ਨੇ ਖਰੀਦੀ ਸੀ। ਇਨ੍ਹਾਂ ਦੋਹਾਂ ਨੇ ਡੇਢ-ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਦੀਵਾਲੀ ਬੰਪਰ ਦੇ ਦੋਹੇਂ ਜੇਤੂ ਮੱਧ-ਵਰਗੀ ਪਰਿਵਾਰਾਂ ਨਾਲ ਸਬੰਧਤ ਹਨ। ਮੋਹਨ ਲਾਲ ਗੁਰਦਾਸਪੁਰ ਵਿੱਚ ਸਟੀਲ ਦੀਆਂ ਅਲਮਾਰੀਆਂ ਬਣਾਉਣ ਵਾਲੀ ਦੁਕਾਨ ’ਤੇ ਕੰਮ ਕਰਦਾ ਹੈ ਜਦੋਂਕਿ ਹਰਦੀਪ ਕੌਰ ਦਾ ਪਤੀ ਬਠਿੰਡਾ ਵਿਖੇ ਹੋਮਗਾਰਡ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੀਵਾਲੀ ਬੰਪਰ ਦੇ ਦੋਵੇਂ ਜੇਤੂਆਂ ਨੇ ਇਨਾਮ ਲਈ ਡਾਇਰੈਕਟੋਰੇਟ ਆਫ ਪੰਜਾਬ ਸਟੇਟ ਲਾਟਰੀਜ਼ ਕੋਲ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਜਲਦੀ ਹੀ ਇਨ੍ਹਾਂ ਨੂੰ ਇਨਾਮ ਮਿਲ ਜਾਣਗੇ।
ਇਨਾਮ ਲਈ ਦਾਅਵਾ ਪੇਸ਼ ਕਰਨ ਬਾਅਦ ਜੇਤੂਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਟਰੀ ਦੇ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਜਾਂਦੇ ਹਨ ਅਤੇ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਸ ਬਦੌਲਤ ਉਹ ਰਾਤੋਂ ਰਾਤ ਕਰੋੜਪਤੀ ਬਣ ਗਏ ਹਨ।