
ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜਾਅਲੀ ਬਿਲਿੰਗ, ਜਾਅਲੀ ਖ਼ਰੀਦ ਅਤੇ ਸਿਸਟਮ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ...
ਚੰਡੀਗੜ੍ਹ (ਸਸਸ) : ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜਾਅਲੀ ਬਿਲਿੰਗ, ਜਾਅਲੀ ਖ਼ਰੀਦ ਅਤੇ ਸਿਸਟਮ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਯਤਨ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੇ ਇਕ ਵਾਰ ਫਿਰ ਝੋਨੇ ਦੀ 86,939 ਬੋਰੀਆਂ ਦੀ ਜਾਅਲੀ ਖ਼ਰੀਦ ਫੜੀ ਹੈ ਜਿਸ ਦੀ ਕੀਮਤ 5.6 ਕਰੋੜ ਬਣਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹੋਰਨਾਂ ਸੂਬਿਆਂ ਤੋਂ ਪੰਜਾਬ ਵੱਲ ਝੋਨਾ/ਚੌਲਾਂ ਦੀ ਪਹੁੰਚ ਹੋਣ ਦੀ ਹਲਚਲ ਹੋਈ ਹੈ, ਜਿਸ ਸਬੰਧੀ ਪਨਸਪ ਤੇ ਜ਼ਿਲ੍ਹਾ ਮੈਨੇਜਰਾਂ ਦੀ 20 ਨਵੰਬਰ 2018 ਨੂੰ ਮੀਟਿੰਗ ਹੋਈ ਅਤੇ ਇਸ ਸਬੰਧੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿੱਲਾਂ ਵਲੋਂ ਕੀਤੀ ਗਈ ਖ਼ਰੀਦ ਅਤੇ ਮਿੱਲਾਂ ਵਿਚ ਪਏ ਸਟਾਕ ਦੀ ਮੁੜ ਤੋਂ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਜ਼ਿਲ੍ਹਾ ਮੈਨੇਜਰ ਫਿਰੋਜ਼ਪੁਰ ਵਲੋਂ 21 ਨਵੰਬਰ 2018 ਨੂੰ ਜੀਵਾਂ ਅਰਾਈਆਂ ਅਤੇ ਪੰਜੇ ਕੇ ਉਤਾੜ ਮੰਡੀਆਂ ਵਿਚ ਆੜ੍ਹਤੀਆਂ ਮੈਸਰਜ਼ ਰੀਤ ਇੰਟਰਪਰਾਈਜ਼ਜ਼ ਜਿਸ ਦੇ ਮਾਲਕ ਜਸਵਿੰਦਰ ਸਿੰਘ ਹਨ, ਮੈਸਰਜ਼ ਜਗਦੀਸ਼ ਚੰਦਰ ਐਂਡ ਸੰਨਜ਼ ਜਿਸ ਦੇ ਮਾਲਕ ਸੰਦੀਪ ਕੁਮਾਰ ਹਨ ਅਤੇ ਧਰੁਵ ਕਮਿਸ਼ਨ ਏਜੰਟ ਜਿਸ ਦੇ ਮਾਲਕ ਰਿਸ਼ੂ ਮੁਤਨੇਜਾ ਹਨ ਦੀ ਚੈਕਿੰਗ ਕੀਤੀ ਗਈ ਅਤੇ ਇਨ੍ਹਾਂ ਵਲੋਂ ਕੀਤੀ ਗਈ ਖ਼ਰੀਦ ਵਿਚ ਖਾਮੀਆਂ ਪਾਈਆਂ ਗਈਆਂ।
ਇਨ੍ਹਾਂ ਵਲੋਂ ਝੋਨੇ ਦੀਆਂ ਸਨਰਾਈਜ਼ ਰਾਈਸ ਮਿੱਲ ਜੀਵਾਂ ਅਰਾਈਆਂ, ਤਹਿਸੀਲ ਗੁਰੂਹਰਸਹਾਏ ਨਾਲ ਮਿਲਕੇ 86,939 ਬੋਰੀਆਂ ਝੋਨੇ ਦੀ ਖ਼ਰੀਦ ਕੀਤੀ ਗਈ। ਜਿਸਦੀ ਇਵਜ਼ ਵਜੋਂ 5.6 ਕਰੋੜ ਰੁਪਏ ਦੀ ਰਕਮ ਲਈ ਗਈ। ਇਹ ਸੰਭਾਵਨਾ ਹੈ ਕਿ ਮਿੱਲ ਮਾਲਕ ਵੱਲੋਂ ਯੂਪੀ ਅਤੇ ਬਿਹਾਰ ਤੋਂ ਝੋਨਾ ਖਰੀਦਣ ਦਾ ਪਲੇਨ ਬਣਾਇਆ ਗਿਆ ਸੀ ਜਿੱਥੇ ਝੋਨਾ ਐਮ ਐਸ ਪੀ ਨਾਲੋਂ ਬਹੁਤ ਘੱਟ ਹੈ ਅਤੇ ਇਸਨੂੰ ਸੀਜ਼ਨ ਦੌਰਾਨ ਵੱਧ ਮੁਨਾਫੇ 'ਤੇ ਦੇਣ ਦਾ ਪਲੇਨ ਸੀ।
ਇਸ ਚੌਲ ਮਿੱਲ ਦੀ ਜਾਂਚ ਪੜਤਾਲ ਲਈ ਜੀ. ਐਮ. (ਖਰੀਦ) ਦੀ ਅਗਵਾਈ ਵਿੱਚ ਮੁੱਖ ਦਫ਼ਤਰ ਤੋਂ ਟੀਮ ਭੇਜੀ ਗਈ ਜਿਸ ਵਲੋਂ ਜਾਂਚ ਦੌਰਾਨ 86,939 ਝੋਨੇ ਦੀਆਂ ਬੋਰੀਆਂ ਦੀ ਸ਼ਾਰਟਏਜ ਪਾਈ ਗਈ। ਜਾਂਚ ਟੀਮ ਵਲੋਂ ਇਹ ਵੀ ਪਾਇਆ ਗਿਆ ਕਿ ਜਸਵਿੰਦਰ ਸਿੰਘ ਦੀ ਰੀਤ ਇੰਟਰਪ੍ਰਾਈਜ਼ਜ਼ ਵਲੋਂ ਜੀਵਾਂ ਅਰਾਈਆਂ ਦੇ ਹਰਪ੍ਰੀਤ ਸਿੰਘ ਦੀ ਏ.ਐਮ. ਇੰਡਸਟਰੀਜ਼ ਨਾਲ ਬੈਂਕ ਵਿਚ ਪੈਸਾ ਦਾ ਲੈਣ ਦੇਣ ਕੀਤਾ ਗਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਮੈਸੇਰਜ਼ ਰੀਤ ਇੰਟਰਪ੍ਰਾਈਜ਼ਜ਼ ਵਾਲੇ ਜਸਵਿੰਦਰ ਸਿੰਘ ਦਾ ਸਕਾ ਭਰਾ ਹੈ। ਮੈਸਰਜ਼ ਏ.ਐਮ. ਇੰਡਸਟਰੀਜ਼ ਵਲੋਂ ਇਹ ਪੈਸਾ ਅੱਗੇ ਐਸ.ਐਸ. ਇੰਡੀਸਟਰੀਜ਼, ਜੀ.ਐਸ ਟਰੇਡਿੰਗ ਕੰਪਨੀ, ਐਮ.ਜੇ. ਇੰਡੀਸਟਰੀਜ਼, ਹਰਪ੍ਰੀਤ ਕੌਰ ਅਤੇ ਅਮਨਦੀਪ ਨੂੰ ਵੰਡਿਆ ਗਿਆ। ਇਸ ਸਬੰਧੀ ਬੈਕਾਂ ਤੋਂ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਪਨਸਪ ਵੱਲੋਂ ਮੰਡੀ ਇੰਚਾਰਜ ਸ੍ਰੀ ਹੰਸਾ ਸਿੰਘ ਇੰਸਪੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।
ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਿਤ ਆੜ੍ਹਤੀਆਂ ਮੈਸੇਰਜ਼ ਰੀਤ ਇੰਟਰਪ੍ਰਾਈਜ਼ਜ਼ ਦੇ ਮਾਲਕ ਜਸਵਿੰਦਰ ਸਿੰਘ, ਜਗਦੀਸ਼ ਚੰਦਰ ਐਂਡ ਸੰਨਜ਼ ਦੇ ਮਾਲਕ ਸੰਦੀਪ ਕੁਮਾਰ ਅਤੇ ਧਰੁਵ ਕਮਿਸ਼ਨ ਏਜੰਟ ਦੇ ਮਾਲਕ ਰਿਸ਼ੁ ਮਤਰੇਜਾ ਅਤੇ ਸੰਨਰਾਈਜ਼ ਮਿੱਲ ਦੇ ਮਾਲਕ ਜਸਮੀਤ ਸਿੰਘ ਅਤੇ ਸਬੰਧਿਤ ਮੰਡੀ ਇੰਸਪੈਕਟਰ ਹੰਸਾ ਸਿੰਘ ਦੇ ਖਿਲਾਫ਼ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ।
ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੰਦਿਆਂ ਫ਼ੰਡਾਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਮੈਸੇਰਜ਼ ਏ.ਐਮ ਇੰਡੀਸਟਰੀਜ਼ ਦੇ ਮਾਲਿਕ ਹਰਪ੍ਰੀਤ ਸਿੰਘ ਦੇ ਜੋ ਇਸ ਕੇਸ ਵਿਚਲੇ ਜਸਵਿੰਦਰ ਸਿੰਘ ਦੇ ਸਕੇ ਭਰਾ ਹਨ ਨੂੰ ਇਸ ਕੇਸ ਨਾਲ ਜੋੜਿਆ ਗਿਆ ਹੈ ਅਤੇ ਐਸ.ਐਸ. ਇੰਡਸਟਰੀਜ਼, ਜੀ.ਐਸ. ਟਰੇਡਿੰਗ ਕੰਪਨੀ, ਐਮ ਜੇ ਇੰਡਸਟਰੀਜ਼, ਹਰਪ੍ਰੀਤ ਕੌਰ ਅਤੇ ਅਮਨਦੀਪ ਦੀ ਜਾਂਚ ਕੀਤੀ ਜਾ ਰਹੀ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜਾਅਲੀ ਖਰੀਦ ਸਬੰਧੀ ਤਾਜਾ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਹੁਣ ਤੱਕ ਇਸ ਸੀਜ਼ਨ ਦੌਰਾਨ 5 ਲੱਖ ਬੋਰੀਆਂ ਝੋਨਾ ਅਤੇ ਚੌਲਾਂ ਦੀ ਜਾਅਲੀ ਖਰੀਦ ਫੜੀ ਗਈ ਹੈ। ਜੋ ਅਪਣੇ ਆਪ ਵਿਚ ਇਕ ਰਿਕਾਰਡ ਹੈ।