
ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਅੱਜਕੱਲ੍ਹ ਇਨ੍ਹਾਂ ਤਸਵੀਰਾਂ ਦੀ ਖ਼ੂਬ ਵਿਕਰੀ ਹੋ ਰਹੀ ਹੈ। ਸਿੱਖਾਂ ਦੇ ਘਰਾਂ ਵਿਚ ਵੀ ਇਹ ਤਸਵੀਰਾਂ...
ਚੰਡੀਗੜ੍ਹ (ਸ.ਸ.ਸ) : ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਅੱਜਕੱਲ੍ਹ ਇਨ੍ਹਾਂ ਤਸਵੀਰਾਂ ਦੀ ਖ਼ੂਬ ਵਿਕਰੀ ਹੋ ਰਹੀ ਹੈ। ਸਿੱਖਾਂ ਦੇ ਘਰਾਂ ਵਿਚ ਵੀ ਇਹ ਤਸਵੀਰਾਂ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ। ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਮਝ ਕੇ ਪੂਜਿਆ ਜਾਂਦਾ ਹੈ। ਪਰ ਕੀ ਅਸੀਂ ਸਾਰੇ ਇਹ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਤਸਵੀਰ ਵਾਕਈ ਜਗਤ ਗੁਰੂ ਬਾਬਾ ਨਾਨਕ ਦੀ ਹੈ? ਆਓ ਅੱਜ ਤੁਹਾਨੂੰ ਬਾਬੇ ਨਾਨਕ ਦੀ ਤਸਵੀਰ ਕਹਿ ਕੇ ਪ੍ਰਚਾਰੀ ਜਾਂਦੀ ਇਸ ਤਸਵੀਰ ਦੇ ਅਸਲ ਸੱਚ ਬਾਰੇ ਜਾਣੂ ਕਰਵਾਉਂਦੇ ਹਾਂ, ਜਿਸ ਨੂੰ ਸਿੱਖਾਂ ਵਲੋਂ ਪੂਜਿਆ ਜਾਂਦਾ, ਜੋ ਕਿ ਗੁਰ ਮਰਿਆਦਾ ਦੇ ਉਲਟ ਹੈ।
Images statues
ਇਨ੍ਹਾਂ ਕਾਗਜ਼, ਪੱਥਰ, ਮਿੱਟੀ, ਲੱਕੜ, ਕੱਪੜਾ, ਸੀਮਿੰਟ ਅਤੇ ਪਲਾਸਟਿਕ ਆਦਿ ਤੋਂ ਤਿਆਰ ਕੀਤੀਆਂ ਤਸਵੀਰਾਂ ਜਾਂ ਮੂਰਤੀਆਂ ਦੀ ਪੂਜਾ ਕਰਨੀ ਗੁਰਮਤਿ ਦੇ ਉਲਟ ਹੈ। ਅਕਸਰ ਗੰਭੀਰਤਾ ਨਾਲ ਸੋਚਣ ਵਾਲੇ ਲੋਕ ਇਹ ਸਵਾਲ ਕਰਦੇ ਹਨ ਕਿ ਇਸ ਤਸਵੀਰ ਵਿਚ ਗੁਰੂ ਸਾਹਿਬ ਦੀ ਦਾੜ੍ਹੀ ਚਿੱਟੀ ਦਿਖਾਈ ਗਈ ਹੈ ਜਦਕਿ ਭਰਵੱਟੇ ਕਾਲੇ ਹਨ। ਇਸ ਦਾ ਕਾਰਨ ਇਹ ਹੈ ਕਿ ਜਿਸ ਚਿੱਤਰਕਾਰ ਨੇ ਇਹ ਤਸਵੀਰ ਬਣਾਈ ਹੈ। ਉਸ ਸਮੇਂ ਉਸ ਦੀ ਅਪਣੀ ਦਾੜ੍ਹੀ ਚਿੱਟੀ ਅਤੇ ਭਰਵੱਟੇ ਕਾਲੇ ਸਨ। ਦਰਅਸਲ ਚਿੱਤਰਕਾਰ ਸ਼ੋਭਾ ਸਿੰਘ ਨੇ ਇਹ ਅਪਣੀ ਖ਼ੁਦ ਦੀ ਹੀ ਤਸਵੀਰ ਬਣਾਈ ਸੀ।
Images statues
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਇਸ ਤਸਵੀਰ ਪਿਛਲੇ ਸੱਚ ਨੂੰ ਬਾਖ਼ੂਬੀ ਸਮਝ ਜਾਓਗੇ, ਕਿ ਚਿੱਤਰਕਾਰ ਦੀਆਂ ਦਾੜ੍ਹੀ-ਮੁੱਛਾਂ, ਨੱਕ ਬਿਲਕੁਲ ਇਸੇ ਤਸਵੀਰ ਜਿਹੀਆਂ ਹਨ, ਭਾਵ ਕਿ ਚਿੱਤਰਕਾਰ ਸ਼ੋਭਾ ਸਿੰਘ ਨੇ ਅਪਣੀ ਤਸਵੀਰ ਨੂੰ ਹੀ ਬੜੇ ਕਲਾਤਮਕ ਤਰੀਕੇ ਨਾਲ ਬਾਬੇ ਨਾਨਕ ਦੀ ਤਸਵੀਰ ਦਾ ਰੂਪ ਦੇ ਦਿਤਾ। ਪਰ ਅਫ਼ਸੋਸ ਕਿ ਇਸ ਨੂੰ ਅਸੀਂ ਲੰਬੇ ਸਮੇਂ ਤੋਂ ਗੁਰੂ ਸਾਹਿਬ ਦੀ ਤਸਵੀਰ ਸਮਝ ਕੇ ਪੂਜਦੇ ਆ ਰਹੇ ਹਾਂ। ਜਿਸ ਸਮੇਂ ਚਿੱਤਰਕਾਰ ਸ਼ੋਭਾ ਸਿੰਘ ਨੇ ਇਹ ਤਸਵੀਰ ਬਣਾਈ ਸੀ ਤਾਂ ਇਸ ਤਸਵੀਰ ਦੀ ਘੁੰਡ ਚੁਕਾਈ ਲਈ ਹੋਰ ਕਈ ਵਿਦਵਾਨਾਂ ਦੇ ਨਾਲ-ਨਾਲ ਭਾਈ ਵੀਰ ਸਿੰਘ ਨੂੰ ਵੀ ਸੱਦਿਆ ਗਿਆ ਸੀ। ਪਰ ਜਿਵੇਂ ਹੀ ਭਾਈ ਵੀਰ ਸਿੰਘ ਨੇ ਇਸ ਤਸਵੀਰ ਤੋਂ ਪਰਦਾ ਹਟਾਇਆ ਸੀ ਤਾਂ ਉਨ੍ਹਾਂ ਦਾ ਮਨ ਭਰ ਆਇਆ ਸੀ।
ਅਤੇ ਉਹ ਸਮਾਰੋਹ ਨੂੰ ਛੱਡ ਕੇ ਬਾਹਰ ਆ ਗਏ ਸਨ, ਪਰ ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁਛਿਆ ਗਿਆ ਸੀ ਤਾਂ ਉਨ੍ਹਾਂ ਆਖ ਦਿਤਾ ਸੀ ਕਿ ''ਮੇਰਾ ਬਾਬਾ ਨਾਨਕ ਇਹੋ ਜਿਹਾ ਨਹੀਂ ਸੀ'' ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਚਿੱਤਰਕਾਰ ਸ਼ੋਭਾ ਸਿੰਘ ਨੂੰ ਬੁਲਾਉਣਾ ਤਕ ਛੱਡ ਦਿਤਾ ਸੀ। ਸਭ ਨੂੰ ਭਲੀ ਭਾਂਤ ਪਤਾ ਹੈ ਕਿ ਇਹ ਤਸਵੀਰਾਂ, ਮੂਰਤੀਆਂ ਪੂਜਣਾ ਸਿੱਖ ਧਰਮ ਦਾ ਹਿੱਸਾ ਨਹੀਂ, ਪਰ ਇਸ ਦੇ ਬਾਵਜੂਦ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਕਮੇਟੀ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਨਹੀਂ ਰੁਕਵਾਇਆ ਅਤੇ ਇਹ ਹਰ ਘਰ ਅਤੇ ਗੁਰਦੁਆਰਿਆਂ ਤਕ ਪਹੁੰਚ ਗਈਆਂ।
ਇਕ ਗੱਲ ਜ਼ਰੂਰ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਇਕ ਗੁਰਦੁਆਰਾ ਸਾਹਿਬ ਤੋਂ ਵੱਖਰੀ ਗੈਲਰੀ ਬਣਾ ਕੇ ਇਤਿਹਾਸਕ ਯਾਦਗਾਰ ਦੇ ਤੌਰ 'ਤੇ ਤਾਂ ਲਗਾਇਆ ਜਾ ਸਕਦਾ ਪਰ ਪੂਜਿਆ ਨਹੀਂ ਜਾ ਸਕਦਾ। ਇਹ ਮੰਦਭਾਗਾ ਵਰਤਾਰਾ ਹੁਣ ਇੰਨਾ ਜ਼ਿਆਦਾ ਵਧ ਚੁੱਕਾ ਹੈ ਕਿ ਤਸਵੀਰਾਂ ਦੇ ਨਾਲ-ਨਾਲ ਗੁਰੂ ਸਾਹਿਬ ਦੀਆਂ ਮੂਰਤੀਆਂ ਵੀ ਬਾਜ਼ਾਰ ਵਿਚ ਪੇਸ਼ ਕਰ ਦਿਤੀਆਂ ਗਈਆਂ ਹਨ, ਜੇਕਰ ਅਸੀਂ ਅੱਜ ਵੀ ਜਾਗਰੂਕ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੂਰਤੀ ਪੂਜਾ ਕਰਨਗੀਆਂ ਜੋ ਗੁਰਮਰਿਆਦਾ ਦੀ ਘੋਰ ਉਲੰਘਣਾ ਹੋਵੇਗਾ ਸੋ ਸਿੱਖਾਂ ਨੂੰ ਗੁਜਾਰਿਸ਼ ਹੈ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਨਾ ਖ਼ਰੀਦਣ ਅਤੇ ਬਾਬੇ ਨਾਨਕ ਦੀ ਬਾਣੀ ਨਾਲ ਜੁੜਨ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪਾਖੰਡਵਾਦ ਦਾ ਡਟ ਕੇ ਵਿਰੋਧ ਕੀਤਾ ਸੀ।