
ਰੇਲ ਮੰਤਰਾਲੇ ਵਲੋਂ ਰੇਲ ਸਟੈਸ਼ਨਾਂ ਤੇ ਪਟੜੀਆਂ ਦੇ ਨਿਰੀਖਣ ਤੇ ਸੁਰੱਖਿਆ ਦੇ ਜਾਇਜ਼ੇ ਦਾ ਕੰਮ ਸ਼ੁਰੂ
ਚੰਡੀਗੜ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ 'ਚ ਬੀਤੇ ਦਿਨੀ ਸੂਬੇ 'ਚ ਬੰਦ ਪਈਆਂ ਸਾਰੀਆਂ ਰੇਲਾਂ ਨੂੰ 15 ਦਿਨ ਲਈ ਚਲਾਉਣ ਲਈ ਸਾਰੀਆਂ ਰੋਕਾਂ ਹਟਾਉਣ ਬਾਰੇ ਦਿਤੀ ਸਹਿਮਤੀ ਤੋਂ ਬਾਅਦ ਹੁਣ ਕੇਂਦਰੀ ਰੇਲ ਮੰਤਰਾਲਾ ਵੀ ਹਰਕਤ 'ਚ ਆ ਚੁੱਕਾ ਹੇ।
Captain Amarinder Singh
ਇਸ ਤੋਂ ਸਾਫ਼ ਸੰਕੇਤ ਹੈ ਕਿ 23 ਨਵੰਬਰ ਦੀ ਸ਼ਾਮ ਜਾਂ 24 ਦੀ ਸਵੇਰ ਤੋਂ ਇਕ ਵਾਰ ਮੁੜ ਰੇਲਾਂ ਪੰਜਾਬ ਦੀਆ ਪਟੜੀਆ 'ਤੇ ਦੌੜ ਸਕਦੀਆ ਹਨ। ਇਸੇ ਦੌਰਾਨ ਐਤਵਾਰ ਰਾਤ ਪੰਜਾਬ ਵਿਚ ਬੰਦ ਕੀਤੀਆਂ ਰੇਲਾਂ ਨੂੰ ਬਹਾਲ ਕਰਦੀਆਂ ਆਰਜ਼ੀ ਸਮਾਂ ਸੂਚੀ ਜਾਰੀ ਕਰ ਦਿਤੀ ਗਈ ਹੈ।
Farmers protest
ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਸਹਿਮਤੀ ਬਨਣ ਤੋਂ ਬਾਅਦ ਹੀ ਰੇਲਵੇ ਮੰਤਰਾਲੇ ਨੂੰ ਮੁਸਾਫ਼ਿਰ ਗੱਡੀਆਂ ਸਮੇਤ ਸਾਰੀਆਂ ਗੱਡੀਆਂ ਲਈ ਸੂਬੇ ਦੇ ਟਰੈਕ ਖ਼ਾਲੀ ਹੋਣ ਬਾਰੇ ਸੂਚਿਤ ਕਰਦਿਆਂ ਗੱਡੀਆਂ ਚਾਲੂ ਕਰਨ ਲਈ ਕਿਹਾ ਗਿਆ ਸੀ। ਰੇਲਵੇ ਮੰਤਰਾਲੇ ਨੇ ਵੀ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਵਲੋਂ ਪੱਤਰ ਆਇਆ ਹੈ। ਰੇਲ ਮੰਤਰਾਲੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਵਲੋਂ ਰੇਲਾਂ ਚਲਾਉਣ ਲਈ ਨਿਰੀਖਣ ਤੇ ਹੋਰ ਕਾਰਵਾਈਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ ਤਾਂ ਜੋ ਰੇਲਾਂ ਸ਼ੁਰੂ ਕੀਤੀਆਂ ਜਾ ਸਕਣ।
Punjab Govt
ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਰੇਲਵੇ ਪੁਲਿਸ ਫ਼ੋਰਸ ਤੇ ਰੇਲਵੇ ਮੰਤਰਾਲੇ ਵਲੋਂ ਪੰਜਾਬ ਦੇ ਸਟੇਸ਼ਨਾਂ ਤੇ ਲਾਈਨਾਂ ਦੀ ਸੁਰੱਖਿਆ ਤੇ ਨਿਰੀਖਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਪਰ ਹਾਲੇ ਵੀ ਮਾਝਾ ਖੇਤਰ ਦੀ ਵੱਡੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਥੋੜਾ ਜਿਹਾ ਅੜਿਕਾ ਬਾਕੀ ਹੈ ਜੋ ਹਾਲੇ ਵੀ ਜੰਡਿਆਲਾ ਗੁਰੂ ਖੇਤਰ ਵਿਚ ਰੇਲ ਪਟੜੀ ਨੇੜੇ ਧਰਨੇ 'ਤੇ ਹੈ। ਇਸ ਕਰ ਕੇ ਰਲੇਵੇ ਨੂੰ ਰੇਲਾਂ ਚਲਾਉਣ ਦਾ ਫ਼ੈਸਲਾ ਲੈਣ ਵਿਚ ਇਕ ਅੱਧੇ ਦਿਨ ਦੀ ਦੇਰੀ ਹੋ ਸਕਦੀ ਹੈ ਕਿਊਂਕਿ ਉਸ ਦੀ ਸ਼ਰਤ ਹੈ ਕਿ ਸਾਰੇ ਟਰੈਕਾਂ 'ਤੇ ਰੋਕਾਂ ਤੇ ਧਰਨੇ ਖ਼ਤਮ ਹੋਣੇ ਚਾਹੀਦੇ ਹਨ।
Train
ਮੁੱਖ ਮੰਤਰੀ ਵਲੋਂ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਨਾਲ ਮੀਟਿੰਗ ਅੱਜ
ਇਸੇ ਦੌਰਾਨ ਮਿਲੀ ਜਾਣਕਾਰੀ ਅਨੁਸਾਰ 30 ਜਥੇਬੰਦੀਆਂ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਵੀ ਮੁਸਾਫ਼ਰ ਗੱਡੀਆਂ ਲਈ ਰਾਹ ਦੇਣ ਲਈ ਮਨਾਉਣ ਦੇ ਯਤਨ ਕਰ ਰਹੀ ਹੈ।
Farmer Protest
ਭਾਵੇਂ ਇਹ ਜਥੇਬੰਦੀ ਬੀਤੇ ਦਿਨੀਂ ਮੁੱਖ ਮੰਰਤੀ ਦੀ ਮੀਟਿੰਗ ਵਿਚ ਨਹੀਂ ਆਈ ਸੀ ਪਰ ਇਸ ਨੂੰ 23 ਨਵੰਬਰ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਵਲੋਂ ਮੀਟਿੰਗ ਲਈ ਬੁਲਾਇਆ ਗਿਆ ਹੈ। ਇਸ ਮੀਟਿੰਗ ਤੋਂ ਬਾਅਦ ਸਰਕਾਰ ਨੇ ਮਸਲਾ ਪੂਰੀ ਤਰ੍ਹਾਂ ਹੱਲ ਹੋਣ ਬਾਅਦ ਰੇਲਵੇ ਤੋਂ ਰੇਲਾਂ ਮੁੜ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਸੰਘਰਸ਼ ਕੇਮਟੀ ਦੀ ਸਹਿਮਤੀ ਬਾਅਦ ਰੇਲਵੇ ਕੋਲ ਕੋਈ ਬਹਾਨਾ ਨਹੀਂ ਬਚੇਗਾ।