
ਆਂਧਰਾ ਪ੍ਰਦੇਸ਼ ਵਿਧਾਨ ਸਭਾ ’ਚ ਤਿੰਨ ਰਾਜਧਾਨੀਆਂ ਬਾਰੇ ਕਾਨੂੰਨ ਰੱਦ ਕਰਨ ਲਈ ਬਿਲ ਪਾਸ
ਅਮਰਾਵਤੀ, 22 ਨਵੰਬਰ : ਆਂਧਰਾ ਪ੍ਰਦੇਸ਼ ਵਿਧਾਨ ਸਭਾ ਨੇ ਵਿਵਾਦਗ੍ਰਸਤ ‘‘ਆਂਧਰਾ ਪ੍ਰਦੇਸ਼ ਵਿਕੇਂਦਰੀਕਰਨ ਅਤੇ ਸਾਰੇ ਖੇਤਰਾਂ ਦੇ ਸਮਾਂਬਧ ਵਿਕਾਸ ਕਾਨੂੰਨ-2020’’ ਨੂੰ ਰੱਦ ਕਰਨ ਲਈ ਅੱਜ ਇਕ ਬਿਲ ਪਾਸ ਕੀਤਾ ਜਿਸ ਦਾ ਉਦੇਸ਼ ਸੂਬੇ ਲਈ ਤਿੰਨ ਰਾਜਧਾਨੀਆਂ ਸਥਾਪਤ ਕਰਨਾ ਸੀ। ਹਾਲਾਂਕਿ ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈਡੀ ਨੇ ਵਿਧਾਨ ਸਭਾ ਨੂੰ ਦਸਿਆ ਕਿ ਉਨ੍ਹਾਂ ਦੀ ਸਰਕਾਰ ਇਕ ‘‘ਵਿਆਪਕ, ਪੂਰਣ ਅਤੇ ਬਿਹਤਰ’’ ਵਿਕੇਂਦਰੀਕਰਨ ਬਿਲ ਲਿਆਵੇਗੀ। ਲੋਕਾਂ ਦੇ ਵਿਅਪਕ ਹਿਤਾਂ ਦੀ ਰੱਖਿਆ ਲਈ 2020 ਦੇ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੋਸ਼ ਲਗਾਇਆ, ‘‘ਸੂਬੇ ਦੇ ਹਰ ਪੱਖੋਂ ਵਿਕਾਸ ਦੇ ਸਾਡੇ ਇਰਾਦੇ ਬਾਰੇ ਗ਼ਲਤ ਸੂਚਨਾ ਫੈਲਾਈ ਗਈ। ਕਾਨੂੰਨੀ ਰੁਕਾਵਟਾਂ ਵੀ ਪੈਦਾ ਕੀਤੀਆਂ ਗਈਆਂ ਅਤੇ ਮੁਕੱਦਮੇ ਦਰਜ ਕਰਾਏ ਗਏ।’’ ਪਿਛਲੇ 700 ਦਿਨਾਂ ਤੋਂ ਜ਼ਿਆਦਾ ਤੋਂ ਤਿੰਨ ਰਾਜਧਾਨੀਆਂ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਅਮਰਾਵਤੀ ਖੇਤਰ ਦੇ ਕਿਸਾਨਾਂ ਦਾ ਜ਼ਿਕਰ ਕੀਤੇ ਬਿਨਾਂ ਰੈਡੀ ਨੇ ਕਿਹਾ ਕਿ ਸਰਕਾਰ ਸਾਰੀਆਂ ਸਬੰਧਤ ਧਿਰਾਂ ਨੂੰ ‘‘ਅਸਲ ਉਦੇਸ਼ ਅਤੇ ਵਿਕੇਂਦਰੀਕਰਨ ਦੀ ਜ਼ਰੂਰਤ’’ ਬਾਰੇ ਦੱਸੇਗੀ ਅਤੇ ਨਵੇਂ ਬਿਲ ਵਿਚ ਜ਼ਰੂਰੀ ਤਬਦੀਲੀਆਂ ਸ਼ਾਮਲ ਕਰੇਗੀ।’’ ਸਰਕਾਰ ਨੇ ਪਹਿਲਾਂ ਸੰਕੇਤ ਦਿਤਾ ਸੀ ਕਿ ਆਂਧਰਾ ਪ੍ਰਦੇਸ਼ ਦੀਆਂ ਤਿੰਨ ਰਾਜਧਾਨੀਆਂ ਹੋ ਸਕਦੀਆਂ ਹਨ-ਵਿਸਾਖਾਪਟਨਮ ਵਿਚ ਕਾਰਜਕਾਰੀ ਰਾਜਧਾਨੀ ਅਤੇ ਅਮਰਾਵਤੀ ਵਿਚ ਕਾਨੂੰਨੀ ਰਾਜਧਾਨੀ ਅਤੇ ਕੁਰਨੂਲ ਵਿਚ ਨਿਆਪਾਲਿਕਾ ਰਾਜਧਾਨੀ। (ਏਜੰਸੀ)