
ਕੇਂਦਰੀ ਟੀਮ ਭਾਰਤ-ਪਾਕਿ ਸਰਹੱਦ ‘ਤੇ ਪਹੁੰਚੀ, ਜਿੱਥੇ ਡੇਰਾ ਬਾਬਾ ਨਾਨਕ ਦੇ ਵਲੋਂ ਸ਼੍ਰੀ ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜ ਸ਼ੁਰੂ ਕਰਨ...
ਡੇਰਾ ਬਾਬਾ ਨਾਨਕ : ਕੇਂਦਰੀ ਟੀਮ ਭਾਰਤ-ਪਾਕਿ ਸਰਹੱਦ ‘ਤੇ ਪਹੁੰਚੀ, ਜਿੱਥੇ ਡੇਰਾ ਬਾਬਾ ਨਾਨਕ ਦੇ ਵਲੋਂ ਸ਼੍ਰੀ ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜ ਸ਼ੁਰੂ ਕਰਨ ਲਈ ਜਾਇਜ਼ਾ ਲਿਆ ਗਿਆ। ਕੇਂਦਰ ਸਰਕਾਰ ਵਲੋਂ ਭੇਜੀ ਗਈ ਟੀਮ ਲਗਭੱਗ ਦੋ ਘੰਟੇ ਤੱਕ ਸਰਹੱਦ ਉਤੇ ਰੁਕੀ ਅਤੇ ਪ੍ਰਬੰਧਕੀ ਅਧਿਕਾਰੀਆਂ ਨਾਲ ਬੈਠਕ ਕੀਤੀ। ਉਥੇ ਹੀ ਟੀਮ ਦੇ ਪਹੁੰਚਣ ਦਾ ਪਤਾ ਲੱਗਣ ਉਤੇ ਪਿੰਡ ਦੇ ਚਾਰ ਕਿਸਾਨ ਵੀ ਉੱਥੇ ਪਹੁੰਚ ਗਏ, ਜਿਨ੍ਹਾਂ ਦੀ ਜ਼ਮੀਨ ਸਰਕਾਰ ਨੇ ਐਕਵਾਇਰ ਕਰਨੀ ਹੈ।
ਟੀਮ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀ ਗੱਲਬਾਤ ਨਾ ਹੋਣ ‘ਤੇ ਕਿਸਾਨਾਂ ਵਿਚ ਰੋਸ ਨਜ਼ਰ ਆਇਆ। ਲੈਂਡ ਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਅਨਿਲ ਭਾਮ ਕੇਂਦਰੀ ਕਮੇਟੀ ਦੀ ਅਗਵਾਹੀ ਕਰ ਰਹੇ ਸਨ। ਟੀਮ ਦੇ ਚੇਅਰਮੈਨ ਅਨਿਲ ਭਾਮ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਲਾਂਘੇ ਦੀ ਉਸਾਰੀ ਲਈ ਜ਼ਮੀਨ ਦੀ ਪਹਿਚਾਣ ਕਰਨ ਤੋਂ ਬਾਅਦ ਜ਼ਮੀਨ ਦੀ ਪ੍ਰਾਪਤੀ ਕੀਤੀ ਜਾਵੇਗੀ। ਲਾਂਘੇ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਹੋਵੇਗਾ ਅਤੇ ਇਸ ਨੂੰ ਛੇਤੀ ਹੀ ਪੂਰਾ ਵੀ ਕਰ ਲਿਆ ਜਾਵੇਗਾ।
ਅਨਿਲ ਭਾਮ ਦਾ ਕਹਿਣਾ ਸੀ ਕਿ ਅਜੇ ਨਿਸ਼ਚਿਤ ਨਹੀਂ ਹੋਇਆ ਕਿ ਉਨ੍ਹਾਂ ਨੂੰ ਕਿੰਨੀ ਜ਼ਮੀਨ ਚਾਹੀਦੀ ਹੈ, ਇਸ ਨੂੰ ਲੈ ਕੇ ਅਜੇ ਸਰਵੇ ਕੀਤਾ ਜਾ ਰਿਹਾ ਹੈ। ਜਦੋਂ ਪੁੱਛਿਆ ਗਿਆ ਕਿ ਜ਼ਮੀਨ ਦੀ ਕੀਮਤ ਨੂੰ ਲੈ ਕੇ ਸਬੰਧਤ ਇਲਾਕੇ ਦੇ ਕਿਸਾਨ ਪ੍ਰੇਸ਼ਾਨ ਹਨ ਤਾਂ ਚੇਅਰਮੈਨ ਅਨਿਲ ਭਾਮ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਸੂਬਾ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਹੀ ਮਿਲੇਗਾ। ਉਨ੍ਹਾਂ ਨੇ ਕਿਹਾ ਦਾ ਲਾਂਘਾ ਬਣਨ ਨਾਲ ਸਭ ਤੋਂ ਜ਼ਿਆਦਾ ਇਨ੍ਹਾਂ ਕਿਸਾਨਾਂ ਨੂੰ ਹੀ ਫ਼ਾਇਦਾ ਹੋਵੇਗਾ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਜ਼ਮੀਨ ਦਾ ਤਿੰਨ ਗੁਣਾ ਮੁੱਲ ਜ਼ਿਆਦਾ ਦੇਵੇ ਤਾਂ ਉਨ੍ਹਾਂ ਨੇ ਜਵਾਬ ਵਿਚ ਕਿਹਾ ਕਿ ਇਸ ਦੇ ਬਾਰੇ ਸਿਰਫ਼ ਸੂਬਾ ਸਰਕਾਰ ਹੀ ਦੱਸ ਸਕਦੀ ਹੈ। ਜਦੋਂ ਉਹ ਅਗਲੀ ਵਾਰ ਆਉਣਗੇ ਤਾਂ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਫ਼ਿਲਹਾਲ ਟੀਮ ਦੇ ਚੇਅਰਮੈਨ ਨੇ ਲਾਂਘੇ ਦਾ ਕੰਮ ਕਦੋਂ ਤੱਕ ਖਤਮ ਹੋ ਜਾਵੇਗਾ ਇਸ ਬਾਰੇ ਕੁਝ ਸਪੱਸ਼ਟ ਜਵਾਬ ਨਹੀਂ ਦਿਤਾ।
ਉਥੇ ਹੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਦੱਸਿਆ ਲੈਂਡ ਪੋਰਟਸ ਅਥਾਰਿਟੀ ਹੀ ਉਨ੍ਹਾਂ ਨੂੰ ਦੱਸੇਗੀ ਕਿ ਉਨ੍ਹਾਂ ਨੂੰ ਕਿੰਨਾ ਰਕਬਾ ਚਾਹੀਦਾ ਹੈ। ਇਸ ਤੋਂ ਇਲਾਵਾ ਡੀਸੀ ਨੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਵਾਇਆ ਜਾਵੇ। ਡੀਸੀ ਨੇ ਕਿਸਾਨਾਂ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋਣੀ ਹੈ, ਉਹ ਉਨ੍ਹਾਂ ਕਿਸਾਨਾਂ ਨਾਲ ਮੀਟਿੰਗ ਕਰਨਗੇ ਅਤੇ ਮੀਟਿੰਗ ਤੋਂ ਬਾਅਦ ਜੋ ਫ਼ੈਸਲਾ ਹੋਵੇਗਾ ਉਸ ਦੇ ਆਧਾਰ ਉਤੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਉਤੇ ਕਸਟਮ ਦੇ ਚੇਅਰਮੈਨ ਦੀਪਕ ਗੁਪਤਾ, ਬੀਐਸਐਫ਼ ਦੇ ਆਈਜੀ ਮਹਿਪਾਲ ਯਾਦਵ, ਬੀਐਸਐਫ਼ ਦੇ ਡੀਆਈਜੀ ਰਾਜੇਸ਼ ਸ਼ਰਮਾ, ਐਸਡੀਐਮ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਸ਼ਰਮਾ, ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਅਤੇ ਡੀਸੀ ਗੁਰਦਾਸਪੁਰ ਵਿਪੁਲ ਉੱਜਵਲ ਮੌਜੂਦ ਸਨ।